
ਸਿਹਤ ਵਿਭਾਗ ਵਿੱਚ ਹੋਏ ਘਪਲੇ ਲਈ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਕਾਰਵਾਈ ਕਰਨ ਮੁੱਖ ਮੰਤਰੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਮਈ:
ਆਜ਼ਾਦ ਗਰੁੱਪ ਮੁਹਾਲੀ ਦੇ ਸੀਨੀਅਰ ਆਗੂ ਅਤੇ ਨਗਰ ਨਿਗਮ ਦੇ ਸਾਬਕਾ ਕੌਂਸਲਰ ਪਰਮਜੀਤ ਸਿੰਘ ਕਾਹਲੋਂ ਨੇ ਕਿਹਾ ਹੈ ਕਿ ਜੇਕਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਾਕਈ ਆਪਣੀ ਸਰਕਾਰ ਵਿੱਚ ਹੋਈਆਂ ਬੇਨਿਯਮੀਆਂ ਵਿਰੁੱਧ ਕਾਰਵਾਈ ਕਰਨੀ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਸਭ ਤੋਂ ਪਹਿਲਾ ਸਿਹਤ ਵਿਭਾਗ ਵਿੱਚ ਹੋਈਆਂ ਘਪਲੇਬਾਜੀਆਂ ਅਤੇ ਮੁਹਾਲੀ ਅਤੇ ਰੂਪਨਗਰ ਜ਼ਿਲ੍ਹੇ ਵਿੱਚ ਨਾਜਾਇਜ਼ ਮਾਈਨਿੰਗ ਦੇ ਕਾਰੋਬਾਰ ਲਈ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ। ਇਸ ਸਬੰਧੀ ਅੱਜ ਇੱਥੇ ਜਾਰੀ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਇਸ ਸਬੰਧੀ ਖ਼ੁਦ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਰਿਪੋਰਟਾਂ ਵੀ ਦਿੱਤੀਆਂ ਗਈਆਂ ਹਨ ਪ੍ਰੰਤੂ ਹੁਕਮਰਾਨਾਂ ਨੇ ਅੱਖਾਂ ਬੰਦ ਕਰਕੇ ਬੈਠੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੋਰੋਨਾ ਨਾਲ ਨਜਿੱਠਣ ਵਿੱਚ ਪੂਰੀ ਤਰ੍ਹਾਂ ਨਾਲ ਫੇਲ ਸਾਬਤ ਹੋਈ ਹੈ ਅਤੇ ਪੰਜਾਬ ਵਿੱਚ ਮਹਾਮਾਰੀ ਕਾਰਨ ਸਭ ਤੋਂ ਵੱਧ ਮੌਤ ਦਰ ਚਲੀ ਆ ਰਹੀ ਹੈ। ਇਸਦੇ ਨਾਲ ਨਾਲ ਇੱਥੇ ਦਵਾਈਆਂ ਦੀ ਕਾਲਾਬਜ਼ਾਰੀ ਜ਼ੋਰਾਂ ਤੇ ਹੈ ਅਤੇ ਆਕਸੀਜਨ ਸਿਲੰਡਰ ਨਾਲ ਲਗਾਈ ਜਾਣ ਵਾਲੀ 900 ਰੁਪਏ ਦੀ ਸਰਜੀਕਲ ਕਿੱਟ 10 ਹਜ਼ਾਰ ਰੁਪਏ ਤੱਕ ਬਲੈਕ ਹੋ ਰਹੀ ਹੈ ਪ੍ਰੰਤੂ ਸਿਹਤ ਵਿਭਾਗ ਮੂਕ ਦਰਸ਼ਕ ਬਣਿਆ ਹੋਈਆ ਹੈ।
ਉਨ੍ਹਾਂ ਕਿਹਾ ਕਿ ਨਸ਼ਾ ਛਡਾਊ ਕੇਂਦਰ ਦੀਆਂ ਦਵਾਈਆਂ ਖੁੱਲ੍ਹੇ ਬਾਜ਼ਾਰ ਵਿੱਚ ਵੇਚੇ ਜਾਣ ਦਾ ਮਾਮਲਾ ਹੋਵੇ ਜਾਂ ਪੀਪੀਈ ਕਿੱਟਾਂ ਅਤੇ ਫਤਿਹ ਕਿੱਟਾਂ ਦਾ ਅਰਬਾਂ ਰੁਪਏ ਦਾ ਘੁਟਾਲਾ, ਇਸ ਪਾਸੇ ਮੁੱਖ ਮੰਤਰੀ ਦਾ ਕੋਈ ਧਿਆਨ ਨਹੀਂ ਜਾ ਰਿਹਾ, ਜਦਕਿ ਸਿਹਤ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਨੇ ਨਸ਼ੀਲੀਆਂ ਦਵਾਈਆਂ ਦੇ ਘਪਲੇ ਵਿਰੁੱਧ ਰਿਪੋਰਟ ਵੀ ਦਿੱਤੀ ਹੈ ਅਤੇ ਰੂਪਨਗਰ, ਮੁਹਾਲੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨ ਨਾਜਾਇਜ਼ ਮਾਈਨਿੰਗ ਵਾਲਿਆਂ ਵਿਰੁੱਧ ਆਪਣੀ ਰਿਪੋਰਟ ਵੀ ਦੇ ਚੁੱਕੇ ਹਨ।