
ਮੁੱਖ ਮੰਤਰੀ ਦੀ ਫੇਰੀ ਦੇ ਮੱਦੇਨਜ਼ਰ ਨਗਰ ਨਿਗਮ ਨੂੰ ਫੇਜ਼-1 ਦੀ ਸਫ਼ਾਈ ਦਾ ਚੇਤਾ ਆਇਆ
ਆਜ਼ਾਦ ਗਰੁੱਪ ਦੀ ਕੌਂਸਲਰ ਗੁਰਮੀਤ ਕੌਰ ਨੇ ਕਾਬਜ਼ ਧਿਰ ’ਤੇ ਲਾਇਆ ਪੱਖਪਾਤ ਦਾ ਦੋਸ਼
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਅਕਤੂਬਰ:
ਆਖ਼ਰਕਾਰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਫੇਰੀ ਦੇ ਮੱਦੇਨਜ਼ਰ ਮੁਹਾਲੀ ਪ੍ਰਸ਼ਾਸਨ ਨੂੰ ਇੱਥੋਂ ਦੇ ਫੇਜ਼-1 ਦੀ ਸਾਫ਼ ਸਫ਼ਾਈ ਦਾ ਚੇਤਾ ਆ ਹੀ ਗਿਆ। ਆਜ਼ਾਦ ਗਰੁੱਪ ਦੀ ਕੌਂਸਲਰ ਬੀਬੀ ਗੁਰਮੀਤ ਕੌਰ ਨੇ ਕਾਬਜ਼ ਧਿਰ ’ਤੇ ਪੱਖਪਾਤ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਉਹ ਆਪਣੇ ਵਾਰਡ ਦੇ ਵਿਕਾਸ ਕੰਮਾਂ ਅਤੇ ਸਫ਼ਾਈ ਲਈ ਕਹਿ ਕੇ ਥੱਕ ਚੁੱਕੇ ਹਨ ਲੇਕਿਨ ਨਗਰ ਨਿਗਮ ਨੇ ਉਨ੍ਹਾਂ ਦੀ ਇਕ ਨਹੀਂ ਸੁਣੀ। ਹੁਣ ਜਦੋਂ ਉਨ੍ਹਾਂ ਦੇ ਮੁਹੱਲੇ ਵਿੱਚ ਭਲਕੇ ਮੁੱਖ ਮੰਤਰੀ ਦੇ ਜਗਰਾਤੇ ਵਿੱਚ ਸ਼ਾਮਲ ਹੋਣ ਆਉਣ ਬਾਰੇ ਪਤਾ ਲੱਗਾ ਤਾਂ ਨਿਗਮ ਦਾ ਸਟਾਫ਼ ਟਰੈਕਟਰ ਟਾਲੀ ਅਤੇ ਕਰਮਚਾਰੀ ਲੈ ਕੇ ਫੇਜ਼-1 ਵਿੱਚ ਪਹੁੰਚ ਗਏ ਅਤੇ ਮਾਰਕੀਟ ਦੇ ਪਿੱਛੇ, ਰਿਹਾਇਸ਼ੀ ਖੇਤਰ ਦੀਆਂ ਸੜਕਾਂ, ਗਲੀ ਮੁਹੱਲੇ ਦੀ ਸਫ਼ਾਈ ਸ਼ੁਰੂ ਕਰ ਦਿੱਤੀ। ਜਦੋਂਕਿ ਇਕ ਸਾਲ ਤੋਂ ਉਨ੍ਹਾਂ ਦੇ ਘਰ ਦੇ ਬਾਹਰ ਮਲਬਾ, ਗੰਦਗੀ, ਮਿੱਟੀ ਅਤੇ ਦਰੱਖ਼ਤਾਂ ਦੇ ਪੱਤਿਆਂ ਦੇ ਢੇਰ ਲੱਗੇ ਹੋਏ ਸਨ।
ਇਸ ਸਬੰਧੀ ਉਨ੍ਹਾਂ ਨੇ ਨਗਰ ਨਿਗਮ ਦੀਆਂ ਮੀਟਿੰਗਾਂ ਵਿੱਚ ਮੁੱਦਾ ਚੁੱਕਣ ਅਤੇ ਅਧਿਕਾਰੀਆਂ ਨੂੰ ਪੱਤਰ ਲਿਖਣ ਦੇ ਬਾਵਜੂਦ ਉਨ੍ਹਾਂ ਦੀ ਕਿਸੇ ਨੇ ਪੁਕਾਰ ਨਹੀਂ ਸੁਣੀ ਪਰ ਹੁਣ ਇਨ੍ਹਾਂ ਸਾਰੀਆਂ ਥਾਵਾਂ ’ਤੇ ਸਫ਼ਾਈ ਕਰਵਾਈ ਜਾ ਰਹੀ ਹੈ। ਸੋਸ਼ਲ ਵੈਲਫੇਅਰ ਐਸੋਸੀਏਸ਼ਨ ਫੇਜ਼-1 ਦੇ ਮੀਤ ਪ੍ਰਧਾਨ ਹਰਬਿੰਦਰ ਸਿੰਘ ਸੈਣੀ ਨੇ ਕਿਹਾ ਕਿ ਇਸ ਖੇਤਰ ਵਿੱਚ ਮੁਹਾਲੀ ਪ੍ਰਸ਼ਾਸਨ ਵੱਲੋਂ ਸਾਲ ਭਰ ਤੋਂ ਸਫ਼ਾਈ ਨਹੀਂ ਸੀ ਕਰਵਾਈ ਗਈ ਅਤੇ ਹੁਣ ਮੁੱਖ ਮੰਤਰੀ ਚੰਨੀ ਦੀ ਫੇਰੀ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਹਰਕਤ ਵਿੱਚ ਆਉਂਦਿਆਂ ਰਿਹਾਇਸ਼ੀ ਖੇਤਰ ਦੀ ਸਫ਼ਾਈ ਅਤੇ ਹੋਰ ਕੰਮ ਕੀਤੇ ਜਾ ਰਹੇ ਹਨ। ਉਧਰ, ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਅਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਵਿਕਾਸ ਕੰਮਾਂ ਵਿੱਚ ਕਿਸੇ ਨਾਲ ਕੋਈ ਪੱਖਪਾਤ ਨਹੀਂ ਕੀਤਾ ਜਾਂਦਾ ਬਲਕਿ ਪਾਰਦਰਸ਼ੀ ਢੰਗ ਨਾਲ ਕੰਮ ਕੀਤੇ ਜਾ ਰਹੇ ਹਨ।