
ਪਾਰਟੀ ਵਿੱਚ ਆਪਣਾ ਆਧਾਰ ਗਵਾ ਚੁੱਕੇ ਮੁੱਖ ਮੰਤਰੀ ਨੈਤਿਕਤਾ ਦੇ ਆਧਾਰ ’ਤੇ ਅਸਤੀਫ਼ਾ ਦੇਣ: ਚੰਦੂਮਾਜਰਾ
ਪੰਜਾਬ ਵਿੱਚ ਅਗਲੀ ਸਰਕਾਰ ਅਕਾਲੀ ਦਲ ਤੇ ਬਸਪਾ ਗੱਠਜੋੜ ਦੀ ਬਣੇਗੀ: ਚੰਦੂਮਾਜਰਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਅਗਸਤ:
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਪੰਜਾਬ ਸਰਕਾਰ ਅਤੇ ਪਾਰਟੀ ਵਿੱਚ ਆਪਣਾ ਆਧਾਰ ਗੁਆਉਣ ਕਰਕੇ ਉਨ੍ਹਾਂ (ਕੈਪਟਨ) ਨੂੰ ਨੈਤਿਕਤਾ ਦੇ ਆਧਾਰ ’ਤੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਅੱਜ ਇੱਥੇ ਗੁਰਦੁਆਰਾ ਅੰਬ ਸਾਹਿਬ ਵਿਖੇ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਚੰਦੂਮਾਜਰਾ ਨੇ ਕਿਹਾ ਕਿ ਕੈਪਟਨ ਵੱਲੋਂ ਸੱਦੀ ਡਿਨਰ ਪਾਰਟੀ ਵਿੱਚ 8 ਸੰਸਦ ਮੈਂਬਰਾਂ ਤੋਂ ਇਲਾਵਾ ਸਿਰਫ਼ 50 ਵਿਧਾਇਕ ਅਤੇ ਚਹੇਤੇ ਮੰਤਰੀ ਹੀ ਹਾਜ਼ਰ ਸਨ। ਜਿਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਉਹ ਆਪਣਾ ਬਹੁਮਤ ਗਵਾ ਚੁੱਕੇ ਹਨ। ਲਿਹਾਜ਼ਾ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਅਹੁਦੇ ’ਤੇ ਬਣੇ ਰਹਿਣ ਦਾ ਕੋਈ ਹੱਕ ਨਹੀਂ ਹੈ।
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਵੱਲੋਂ ਇੱਟ ਨਾਲ ਇੱਟ ਖੜਕਾਉਣ ਦੀ ਘੁਰਕੀ ਬਾਰੇ ਟਿੱਪਣੀ ਕਰਦਿਆਂ ਚੰਦੂਮਾਜਰਾ ਨੇ ਕਿਹਾ ਕਿ ਉਹ ਸਿਰਫ਼ ਅਖ਼ਬਾਰਾਂ ਵਿੱਚ ਬਿਆਨ ਦੇਣ ਜੋਗੇ ਹੀ ਹਨ ਜਦੋਂਕਿ ਸਚਾਈ ਹੈ ਕਿ ਪਾਰਟੀ ਵਰਕਰ ਸਹੀ ਮਾਇਨੇ ਵਿੱਚ ਉਨ੍ਹਾਂ ਨੂੰ ਪ੍ਰਧਾਨ ਵੀ ਨਹੀਂ ਮੰਨਦੇ ਹਨ। ਸਿੱਧੂ ਅਜਿਹੇ ਪ੍ਰਧਾਨ ਹਨ, ਜੋ ਆਪਣੀ ਮਰਜ਼ੀ ਦਾ ਸਲਾਹਕਾਰ ਵੀ ਨਿਯੁਕਤ ਨਹੀਂ ਕਰ ਸਕਦੇ।
ਸ੍ਰੀ ਚੰਦੂਮਾਜਰਾ ਨੇ ਦਾਅਵਾ ਕੀਤਾ ਕਿ ਅਗਲੇ ਵਰ੍ਹੇ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਅਕਾਲੀ ਦਲ ਤੇ ਬਸਪਾ ਗੱਠਜੋੜ ਹੂੰਝਾਫੇਰ ਜਿੱਤ ਹਾਸਲ ਕਰੇਗਾ ਅਤੇ ਸੂਬੇ ਵਿੱਚ ਅਗਲੀ ਸਰਕਾਰ ਅਕਾਲੀ-ਬਸਪਾ ਗੱਠਜੋੜ ਦੀ ਬਣੇਗੀ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਵਿੱਚ ਤੀਜੇ ਅਤੇ ਚੌਥੇ ਬਦਲ ਦੀ ਕੋਈ ਸੰਭਾਵਨਾ ਨਹੀਂ ਹੈ। ਕੇਜਰੀਵਾਲ ਸਰਕਾਰ ਤੋਂ ਦਿੱਲੀ ਵਾਸੀ ਬੇਹੱਦ ਦੁਖੀ ਹਨ। ਇਸ ਲਈ ਪੰਜਾਬ ਵਿੱਚ ‘ਆਪ’ ਦੀ ਗੱਲ ਬਣਨ ਵਾਲੀ ਨਹੀਂ ਹੈ। ਨਸ਼ਿਆਂ ਦਾ ਖ਼ਾਤਮਾ, ਘਰ-ਘਰ ਰੁਜ਼ਗਾਰ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਅਤੇ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾਣ ਵਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਲੋਕਾਂ ਦਾ ਭਰੋਸਾ ਉੱਠ ਚੁੱਕਾ ਹੈ। ਮੁਹਾਲੀ ਅਤੇ ਪਟਿਆਲਾ ਸਮੇਤ ਸੂਬੇ ਦੇ ਹਰ ਕੋਨੇ ਵਿੱਚ ਚੱਲ ਰਹੇ ਲੜੀਵਾਰ ਧਰਨੇ ਇਸ ਗੱਲ ਦਾ ਪ੍ਰਤੱਖ ਸਬੂਤ ਹਨ।