nabaz-e-punjab.com

ਮੁੱਖ ਮੰਤਰੀ ਮੁੰਬਈ ਵਿੱਚ ਅੰਬਾਨੀ ਭਰਾ, ਗੋਇਨਕਾ, ਮਹਿੰਦਰਾ, ਹਿੰਦੂਜਾ ਸਮੇਤ ਦੇਸ਼ ਦੇ ਸਨਅਤੀ ਦਿੱਗਜਾਂ ਨੂੰ ਮਿਲਣਗੇ

‘ਨਿਵੇਸ਼ ਪੰਜਾਬ’ ਉਪਰਾਲੇ ਦੀ ਸ਼ੁਰੂਆਤ: ਕੈਪਟਨ ਅਮਰਿੰਦਰ ਦੀ ਅਗਵਾਈ ਵਿੱਚ ਉੱਚ ਪੱਧਰੀ ਵਫ਼ਦ ਸੋਮਵਾਰ ਤੋਂ ਤਿੰਨ ਦਿਨਾ ਦੌਰੇ ’ਤੇ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 9 ਅਪਰੈਲ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੋਮਵਾਰ ਤੋਂ ‘ਨਿਵੇਸ਼ ਪੰਜਾਬ’ ਉਪਰਾਲੇ ਦੀ ਲੜੀ ਤਹਿਤ ਮੁੰਬਈ ਦੇ ਤਿੰਨ ਰੋਜ਼ਾ ਦੌਰੇ ਦਾ ਆਗਾਜ਼ ਕਰਨਗੇ ਜਿੱਥੇ ਉਹ ਦੇਸ਼ ਦੇ ਪ੍ਰਮੁੱਖ ਕਾਰੋਬਾਰੀਆਂ ਨੂੰ ਮਿਲਣਗੇ। ਮੁੱਖ ਮੰਤਰੀ ਨਾਲ ਪੰਜਾਬ ਸਰਕਾਰ ਦਾ ਇਕ ਉਚ ਪੱਧਰੀ ਵਫ਼ਦ ਇਨ੍ਹਾਂ ਸਨਅਤਕਾਰਾਂ ਨੂੰ ਮਿਲੇਗੀ ਜਿਸ ਦੀ ਸ਼ੁਰੂਆਤ ਸੋਮਵਾਰ ਸ਼ਾਮ ਨੂੰ ਟਾਟਾ ਸੰਨਜ਼ ਦੇ ਮੁਖੀ ਸ੍ਰੀ ਨਟਰਾਜਨ ਚੰਦਰਸ਼ੇਖਰਨ ਦੇ ਨਾਲ ਮੀਟਿੰਗ ਤੋਂ ਹੋਵੇਗੀ। ਇਸ ਵਫ਼ਦ ਵਿੱਚ ਸੂਬੇ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ, ਸਿੰਚਾਈ ਤੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ, ਮੁੱਖ ਮੰਤਰੀ ਦੇ ਮੁੱਖ ਸਲਾਹਕਾਰ ਲੈਫਟੀਨੈਂਟ ਜਨਰਲ (ਸੇਵਾਮੁਕਤ) ਤੇਜਿੰਦਰ ਸਿੰਘ ਸ਼ੇਰਗਿੱਲ, ਮੀਡੀਆ ਸਲਾਹਕਾਰ ਰਵੀਨ ਠੁਕਰਾਲ ਅਤੇ ਪ੍ਰਮੁੱਖ ਮੁੱਖ ਸਕੱਤਰ ਸੁਰੇਸ਼ ਕੁਮਾਰ ਸਮੇਤ ਸਿਆਸੀ ਸਕੱਤਰ ਕਰਨਪਾਲ ਸਿੰਘ ਸੇਖੋਂ, ਇਨਵੈਸਟ ਪੰਜਾਬ ਦੇ ਮੁਖੀ ਅਨੁਰਿਧ ਤਿਵਾੜੀ, ਪੰਜਾਬ ਬਿਊਰੋ ਆਫ ਇਨਵੈਸਟਮੈਂਠ ਪ੍ਰਮੋਸ਼ਨ ਦੇ ਸੀਈਓ ਸ੍ਰੀ ਡੀ.ਕੇ. ਤਿਵਾੜੀ ਅਤੇ ਏਸੀਈਓ. ਸ੍ਰੀਮਤੀ ਸ਼ਰੂਤੀ ਸਿੰਘ ਵੀ ਸ਼ਾਮਲ ਹਨ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਵਫ਼ਦ ਸੂਬੇ ਵਿੱਚ ਨਿਵੇਸ਼ ਦੀਆਂ ਸੰਭਾਵਨਾਵਾਂ ਨੂੰ ਤਲਾਸ਼ਣ ਦੇ ਨਾਲ-ਨਾਲ ਸੂਬੇ ਦੀ ਆਰਥਿਕਤਾ ਤੇ ਸਨਅਤ ਨੂੰ ਹੁਲਾਰਾ ਦੇਣ ਲਈ ਲੋੜੀਂਦੀ ਭਾਈਵਾਲੀ ਦੀ ਸੰਭਾਵਨਾ ਵੀ ਘੋਖੇਗਾ। ਆਈ.ਸੀ.ਆਈ.ਸੀ.ਆਈ. ਬੈਂਕ ਦੀ ਸੀ.ਈ.ਓ. ਸ੍ਰੀਮਤੀ ਚੰਦਾ ਕੋਛੜ, ਗੋਲਡਮੈਨ ਸੈਚ ਦੇ ਮੁਖੀ ਸੰਜੋਏ ਚੈਟਰਜੀ ਅਤੇ ਗੋਦਰੇਜ ਗਰੁੱਪ ਦੇ ਮੁਖੀ ਸ੍ਰੀ ਆਦੀ ਗੋਦਰੇਜ ਪ੍ਰਮੁੱਖ ਸਨਅਤਕਾਰ ਹਨ ਜਿਨ੍ਹਾਂ ਦੀ ਸੋਮਵਾਰ ਦੀ ਸ਼ਾਮ ਨੂੰ ਮੁੱਖ ਮੰਤਰੀ ਨੂੰ ਮਿਲਣ ਦੀ ਸੰਭਾਵਨਾ ਹੈ। ਇਸ ਉਪਰੰਤ ਕੇ.ਪੀ.ਐਮ.ਜੀ. ਇੰਡੀਆ ਦੇ ਮੁਖੀ ਤੇ ਸੀ.ਈ.ਓ. ਸ੍ਰੀ ਅਰੁਣ ਕੇ ਕੁਮਾਰ ਨਾਲ ਰਾਤ ਦੇ ਖਾਣੇ ’ਤੇ ਮੀਟਿੰਗ ਹੋਵੇਗੀ। ਮੰਗਲਵਾਰ ਦੇ ਪ੍ਰੋਗਰਾਮ ਅਨੁਸਾਰ ਰਿਲਾਇੰਸ ਏ.ਡੀ.ਏ.ਜੀ. ਦੇ ਮੁਖੀ ਸ੍ਰੀ ਅਨਿਲ ਅੰਬਾਨੀ ਮੁੱਖ ਮੰਤਰੀ ਨੂੰ ਨਾਸ਼ਤੇ ਦੌਰਾਨ ਮਿਲਣਗੇ ਜਦਕਿ ਰਿਲਾਇੰਸ ਇੰਡਸਟਰੀਜ਼ ਦੇ ਮੁਖੀ ਸ੍ਰੀ ਮੁਕੇਸ਼ ਅੰਬਾਨੀ ਦੁਪਹਿਰ ਦੇ ਖਾਣੇ ਉਪਰੰਤ ਮੁੱਖ ਮੰਤਰੀ ਨੂੰ ਮਿਲਣਗੇ। ਦੁਪਹਿਰ ਦੇ ਖਾਣੇ ਤੋਂ ਪਹਿਲਾਂ ਮੁੱਖ ਮੰਤਰੀ ਆਰ.ਪੀ.ਜੀ. ਗਰੁੱਪ ਦੇ ਮੁਖੀ ਸ੍ਰੀ ਹਰਸ਼ ਗੋਇਨਕਾ, ਹਿੰਦੁਸਤਾਨ ਯੂਨੀਲਿਵਰ ਦੇ ਸੀ.ਈ.ਓ. ਤੇ ਐਮ.ਡੀ. ਸ੍ਰੀ ਸੰਜੀਵ ਮਹਿਤਾ ਅਤੇ ਮਹਿੰਦਰਾ ਐਂਡ ਮਹਿੰਦਰਾ ਲਿਮਟਡ ਦੇ ਚੇਅਰਮੈਨ ਸ੍ਰੀ ਆਨੰਦ ਮਹਿੰਦਰਾ ਨਾਲ ਵੱਖ-ਵੱਖ ਤੌਰ ’ਤੇ ਮੀਟਿੰਗ ਕਰਨਗੇ।
ਇਸੇ ਦੌਰਾਨ ਮੁੱਖ ਮੰਤਰੀ ਐਲ. ਐਂਡ ਟੀ. ਦੇ ਡਾਇਰੈਕਟਰ ਸ੍ਰੀ ਸ਼ੈਂਲੇਦਰ ਐਨ.ਰਾਏ ਅਤੇ ਹਿੰਦੂਜਾ ਗਰੁੱਪ ਦੇ ਚੇਅਰਮੈਨ ਸ੍ਰੀ ਅਸ਼ੋਕ ਪੀ ਹਿੰਦੂਜਾ ਨਾਲ ਵੀ ਮੀਟਿੰਗ ਕਰਨਗੇ। ਪ੍ਰੋਗਰਾਮ ਦੇ ਏਜੰਡੇ ਵਿੱਚ ਦੇਸ਼ ਦੇ ਦਵਾਈਆਂ ਦੇ ਨਿਰਮਾਤਾਵਾਂ ਦੀ ਸੰਸਥਾ, ਅਸ਼ੋਕਾ ਯੂਨੀਵਰਸਿਟੀ ਦੇ ਇਕ ਵਫ਼ਦ ਅਤੇ ਸਨਅਤਕਾਰਾਂ ਨਾਲ ਗੋਲ ਮੇਜ਼ ਮੀਟਿੰਗ ਵੀ ਸ਼ਾਮਲ ਹੈ। ਸਰਕਾਰੀ ਬੁਲਾਰੇ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਸਨਅਤੀ ਵਿਕਾਸ ਨੂੰ ਉਤਸ਼ਾਹਤ ਕਰਨ ਲਈ ਮੌਜੂਦਾ ਪ੍ਰਣਾਲੀ ਨੂੰ ਲੀਹ ’ਤੇ ਲਿਆਉਣ ਵਾਸਤੇ ਵਚਨਬੱਧ ਹੈ ਤਾਂ ਜੋ ਸੂਬੇ ਵਿੱਚ ਸਨਅਤੀਕਰਨ ਨੂੰ ਬਿਨਾਂ ਕਿਸੇ ਰੁਕਾਵਟ ਦੇ ਉਤਸ਼ਾਹਤ ਕਰਨ ਦੇ ਨਾਲ-ਨਾਲ ਸੂਬੇ ਦੇ ਸਨਅਤ ਪੱਖੀ ਮਾਹੌਲ ਵਿੱਚ ਨਿਵੇਸ਼ ਨੂੰ ਹੁਲਾਰਾ ਦਿੱਤਾ ਜਾ ਸਕੇ।

Load More Related Articles
Load More By Nabaz-e-Punjab
Load More In General News

Check Also

Jasvir Singh Garhi Assumes Charge as Chairperson of Punjab SC Commission

Jasvir Singh Garhi Assumes Charge as Chairperson of Punjab SC Commission Chandigarh, March…