ਮੁੱਖ ਮੰਤਰੀ ਦੀਆਂ ਪਹਿਲਕਦਮੀਆਂ ਨੇ ਪੰਜਾਬ ਵਿੱਚ ਨਿਵੇਸ਼ਕਾਂ ਨੂੰ ਆਕਰਸ਼ਿਤ ਕੀਤਾ: ਅਮਨ ਅਰੋੜਾ

ਮੁਹਾਲੀ ਵਿੱਚ ਅਮਰੀਕਨ ਕੰਪਨੀ ਮੈਕਸਵੇਲ ਟੈਕ ਸੈਂਟਰ ਦੇ ਨਵੇਂ ਪ੍ਰਾਜੈਕਟ ਦਾ ਉਦਘਾਟਨ

ਨਬਜ਼-ਏ-ਪੰਜਾਬ, ਮੁਹਾਲੀ, 20 ਸਤੰਬਰ:
ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅੱਜ ਮੁਹਾਲੀ ਵਿੱਚ ਅਮਰੀਕਨ ਕੰਪਨੀ ਮੈਕਸਵੇਲ ਟੈਕਨਾਲੋਜੀ ਸੈਂਟਰ ਦੇ ਨਵੇਂ ਪ੍ਰਾਜੈਕਟ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਕੰਪਨੀ ਨੇ ਇੱਥੇ ਆਪਣਾ ਸਭ ਤੋਂ ਸਮਾਰਟ ਗਰੀਨ ਪ੍ਰਾਜੈਕਟ ਸ਼ੁਰੂ ਕਰਕੇ ਹੋਰਨਾਂ ਲਈ ਇੱਕ ਨਵੀਂ ਮਿਸਾਲ ਕਾਇਮ ਕੀਤੀ ਹੈ, ਜਿਸ ਨੇ ਸ਼ੁਰੂਆਤ ਵਿੱਚ 200 ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਉਦਯੋਗਾਂ ਅਤੇ ਨਿਵੇਸ਼ਕਾਂ ਲਈ ਅਨੁਕੂਲ ਮਾਹੌਲ ਪ੍ਰਦਾਨ ਕਰਨ ਦੀ ਪਹਿਲਕਦਮੀ ਦੇ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ।
ਅਮਨ ਅਰੋੜਾ ਨੇ ਕਿਹਾ ਕਿ ਮੁਹਾਲੀ ਨੂੰ ਸੂਬੇ ਦੀ ‘ਸ਼ੋਅਕੇਸ ਵਿੰਡੋ’ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ, ਇਸ ਲਈ ਬਹੁਤ ਸਾਰੇ ਨਿਵੇਸ਼ਕ ਇੱਥੇ ਆਪਣੇ ਪ੍ਰਾਜੈਕਟ ਲਗਾਉਣ ਲਈ ਵੱਡੀ ਦਿਲਚਸਪੀ ਦਿਖਾ ਰਹੇ ਹਨ। ਉਨ੍ਹਾਂ ਕਿਹਾ ਕਿ ਮੈਕਸਵੇਲ ਰੀਅਲ ਅਸਟੇਟ, ਟੈਕਨਾਲੋਜੀ ਅਤੇ ਇੰਜੀਨੀਅਰਿੰਗ ਸੇਵਾਵਾਂ ਦੇ ਖੇਤਰ ਵਿੱਚ ਇੱਕ ਮੋਹਰੀ ਕੰਪਨੀ ਹੈ, ਜਿਸ ਦੇ ਬੇਲਾਪੁਰ (ਨਵੀਂ ਮੁੰਬਈ), ਹੈਦਰਾਬਾਦ ਅਤੇ ਕੋਚੀ ਵਿੱਚ ਪ੍ਰਾਜੈਕਟ ਦਫ਼ਤਰ ਹਨ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਮੁਹਾਲੀ ਪ੍ਰਾਜੈਕਟ ਦਾ ਵਾਤਾਵਰਨ ਅਨੁਕੂਲ ਡਿਜ਼ਾਈਨ ਹਰੀ ਅਤੇ ਸਾਫ਼ ਊਰਜਾ ਨੂੰ ਉਤਸ਼ਾਹਿਤ ਕਰਨ ਲਈ ਹੋਰ ਬਹੁਤ ਸਾਰੀਆਂ ਕੰਪਨੀਆਂ ਨੂੰ ਪ੍ਰੇਰਿਤ ਕਰੇਗਾ। ਉਨ੍ਹਾਂ ਕਿਹਾ ਕਿ ਮੁਹਾਲੀ ਨੂੰ ਹੋਰ ਵਿਕਸਤ ਕਰਨ ਲਈ ਜੋ ਥੋੜ੍ਹੀਆਂ ਬਹੁਤ ਰੁਕਾਵਟਾਂ ਹਨ, ਉਨ੍ਹਾਂ ਨੂੰ ਦੂਰ ਕੀਤਾ ਜਾ ਰਿਹਾ ਹੈ।
ਅਮਨ ਅਰੋੜਾ ਨੇ ਕਿਹਾ ਕਿ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਵਿਭਾਗ ਛੇਤੀ ਹੀ ਮੁਹਾਲੀ ਵਿੱਚ ਭਾਰਤ ਦੀ ਪਹਿਲੀ ਐਨਰਜੀ ਕੰਜ਼ਰਵੇਸ਼ਨ ਬਿਲਡਿੰਗ ਕੋਡ (ਈਸੀਬੀਸੀ) ਪਾਲਣਾ ਵਾਲੀ ਬਿਲਡਿੰਗ ਸਥਾਪਿਤ ਕਰਨ ਜਾ ਰਿਹਾ ਹੈ। ਇੰਜ ਸਾਰੇ ਸਰਕਾਰੀ ਦਫ਼ਤਰਾਂ ਨੂੰ ਵੀ ਊਰਜਾ ਦੀ ਬੱਚਤ ਲਈ ਸੋਲਰ ਰੂਫ ਪੈਨਲਾਂ ਨਾਲ ਲੈਸ ਕੀਤਾ ਜਾਵੇਗਾ। ਗਰੀਨ ਹਾਈਡ੍ਰੋਜਨ ਨੀਤੀ ਨੂੰ ਅਗਲੇ ਪੱਧਰ ਦੀ ਵਾਤਾਵਰਨ ਪੱਖੀ ਪਹਿਲਕਦਮੀ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਅਗਲੇ ਦਿਨਾਂ ਵਿੱਚ ਪੰਜਾਬ ਦੀ ਗਰੀਨ ਹਾਈਡ੍ਰੋਜਨ ਨੀਤੀ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ ਜੋ ਕਿ ਪੈਟਰੋਲ, ਡੀਜ਼ਲ ਵਰਗੇ ਰਵਾਇਤੀ ਈਂਧਨਾਂ ਦੀ ਖਪਤ ਨੂੰ ਘਟਾਏਗੀ ਅਤੇ ਪਰਾਲੀ ਸਾੜਨ ਦੀ ਸਮੱਸਿਆ ਦਾ ਬਿਹਤਰ ਬਦਲ ਸਾਬਤ ਹੋਵੇਗੀ।
ਇਸ ਤੋਂ ਪਹਿਲਾਂ ਵਿਧਾਇਕ ਕੁਲਵੰਤ ਸਿੰਘ ਨੇ ਭਰੋਸਾ ਦਿੱਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਮੁਹਾਲੀ ਨੂੰ ਸੁਪਨਿਆਂ ਦਾ ਸ਼ਹਿਰ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁਹਾਲੀ ਨੇ ਰੀਅਲ ਅਸਟੇਟ ਅਤੇ ਆਈਟੀ ਸੈਕਟਰ ਦੇ ਕਾਰੋਬਾਰ ਵਿੱਚ ਵਿਸ਼ਾਲ ਸਮਰੱਥਾ ਅਤੇ ਸੰਭਾਵਨਾ ਦਾ ਪ੍ਰਦਰਸ਼ਨ ਕੀਤਾ ਹੈ।
ਮੈਕਸਵੇਲ ਟੈਕ ਸੈਂਟਰ ਦੇ ਐਮਡੀ ਬਲਬੀਰ ਸਿੰਘ ਖਹਿਰਾ ਨੇ ਪ੍ਰਾਜੈਕਟ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਇਹ ਉਨ੍ਹਾਂ ਦੇ ਸਵਰਗੀ ਪਿਤਾ ਕਰਨਲ ਦਇਆ ਸਿੰਘ ਖਹਿਰਾ ਦਾ ਵੱਡਾ ਸੁਪਨਾ ਸੀ ਜੋ ਪੀਪੀਐਸ ਨਾਭਾ ਸਮੇਤ ਕਈ ਵਿੱਦਿਅਕ ਸੰਸਥਾਵਾਂ ਦੇ ਮੁਖੀ ਰਹੇ ਹਨ ਅਤੇ ਕੁੜੀਆਂ ਨੂੰ ਸਿੱਖਿਆ ਦੇ ਮੌਕੇ ਪ੍ਰਦਾਨ ਕਰਨ ਦੇ ਵੱਡੇ ਹਾਮੀ ਸਨ। ਉਨ੍ਹਾਂ ਕਿਹਾ ਕਿ ਮੈਕਸਵੇਲ ਟੈਕ ਸੈਂਟਰ ਵਰਗੇ ਪ੍ਰਾਜੈਕਟਾਂ ਦੀ ਆਮਦ ਨਾਲ ਪੰਜਾਬ ਦੇ ਬਹੁਤ ਸਾਰੇ ਯੋਗ ਨੌਜਵਾਨਾਂ ਦੀ ਇਨ੍ਹਾਂ ਪ੍ਰਾਜੈਕਟਾਂ ਵਿੱਚ ਸ਼ਮੂਲੀਅਤ ਵਧੇਗੀ, ਜਿਨ੍ਹਾਂ ਕੋਲ ਵਿਦੇਸ਼ੀ ਪ੍ਰਵਾਸ ਦੇ ਬਦਲ ਵਜੋਂ ਆਪਣੇ ਦੇਸ਼ ਅਤੇ ਰਾਜ ਵਿੱਚ ਹੀ ਵੱਖ-ਵੱਖ ਖੇਤਰਾਂ ਵਿੱਚ ਉੱਤਮਤਾ ਹਾਸਲ ਕਰਨ ਦੀ ਸਮਰਥਾ ਅਤੇ ਯੋਗਤਾ ਹੈ।
ਉਨ੍ਹਾਂ ਕਿਹਾ ਕਿ ਨੀਂਹ ਪੱਥਰ ਰੱਖਣ ਦੀ ਰਸਮ ਉਨ੍ਹਾਂ ਦੇ ਸਵਰਗਵਾਸੀ ਪਿਤਾ ਵੱਲੋਂ ਅਦਾ ਕੀਤੀ ਗਈ ਸੀ, ਇਸ ਲਈ ਉਨ੍ਹਾਂ ਨੇ ਇਹ ਇਮਾਰਤ ਉਨ੍ਹਾਂ ਦੀ ਬਰਸੀ ਮੌਕੇ ਆਪਣੇ ਪਿਤਾ ਅਤੇ ਮਾਤਾ ਸਵਰਗੀ ਸੁਖਦੇਵ ਕੌਰ ਨੂੰ ਸਮਰਪਿਤ ਕੀਤੀ ਹੈ। ਉਹ ਇਸ ਪ੍ਰਾਜੈਕਟ ਦੀ ਮਾਰਫਤ ਆਪਣੇ ਛੋਟੇ ਭਰਾ ਹਰਪਿੰਦਰ ਖਹਿਰਾ ਨਾਲ ਮਿਲ ਕੇ ਬਿਲਡਿੰਗ ਆਟੋਮੇਸ਼ਨ ਉਤਪਾਦ ਅਤੇ ਹੱਲ, ਗ੍ਰੀਨ ਬਿਲਡਿੰਗ ਸਰਟੀਫਿਕੇਸ਼ਨ ਸੇਵਾਵਾਂ, ਸਿਵਲ ਇੰਜੀਨੀਅਰਿੰਗ ਸੇਵਾਵਾਂ, ਸੇਲਜ਼, ਮਾਰਕੀਟਿੰਗ ਅਤੇ ਚੈਨਲ ਇਨੇਬਲਮੈਂਟ ਸੌਫਟਵੇਅਰ ਅਤੇ ਰੀਅਲ ਅਸਟੇਟ ਮਾਰਕੀਟਿੰਗ ਅਤੇ ਲੀਜ਼ ਸੇਵਾਵਾਂ ਦੇ ਖੇਤਰ ਵਿੱਚ ਲਗਭਗ 1000 ਨੌਜਵਾਨਾਂ ਨੂੰ ਇਸ ਉੱਦਮ ਨਾਲ ਜੋੜ ਕੇ ਲਈ ਉਨ੍ਹਾਂ ਲਈ ਨੌਕਰੀਆਂ ਦੇ ਮੌਕੇ ਪ੍ਰਦਾਨ ਕਰਨਗੇ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …