
ਸੀਐਮ ਦੀ ਯੋਗਸ਼ਾਲਾ: ਮਿਉਂਸੀਪਲ ਹਾਈਟਸ ਵਿੱਚ ਸਾਲ ਪੂਰਾ ਹੋਣ ’ਤੇ ਕੇਕ ਕੱਟ ਕੇ ਮਨਾਇਆ ਜਸ਼ਨ
ਰੋਜ਼ਾਨਾ ਯੋਗ ਅਭਿਆਸ ਰਾਹੀਂ ਬੀਮਾਰੀਆਂ ਤੋਂ ਛੁਟਕਾਰਾ ਪਾ ਰਹੇ ਨੇ ਸ਼ਹਿਰ ਵਾਸੀ
ਨਬਜ਼-ਏ-ਪੰਜਾਬ, ਮੁਹਾਲੀ, 31 ਮਾਰਚ:
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਸ਼ੁਰੂ ਕੀਤੀ ਸੀਐਮ ਦੀ ਯੋਗਸ਼ਾਲਾ ਨੇ ਮਿਉਂਸੀਪਲ ਹਾਈਟਸ (ਦਿ ਗਰੇਟਰ ਮੁਹਾਲੀ ਮਿਉਂਸੀਪਲ ਅਫ਼ਸਰ ਅਤੇ ਹੋਰ ਵੈੱਲਫੇਅਰ ਕੋ-ਆਪਰੇਟਿਵ ਹਾਊਸਿੰਗ ਬਿਲਡਿੰਗ ਸੁਸਾਇਟੀ ਲਿਮਟਿਡ) ਸੈਕਟਰ-104 ਵਿਖੇ ਸਾਲ ਪੂਰਾ ਹੋਣ ਦੀ ਖ਼ੁਸ਼ੀ ਵਿੱਚ ਕੇਕ ਕੱਟਿਆ। ਯੋਗਾ ਇੰਸਟਰਕਟਰ ਸ੍ਰੀਮਤੀ ਰੁਪਿੰਦਰ ਕੌਰ ਨੇ ਦੱਸਿਆ ਕਿ ਸਾਰੇ ਭਾਗੀਦਾਰ ਸੁਸਾਇਟੀ ਵਿਖੇ ‘ਸੀਐਮ ਦੀ ਯੋਗਸ਼ਾਲਾ’ ਦੀ ਪਹਿਲੀ ਵਰ੍ਹੇਗੰਢ ਮਨਾਉਣ ਲਈ ਇਕੱਠੇ ਹੋਏ। ਸਮਾਗਮ ਦਾ ਆਗਾਜ਼ ਕੇਕ ਕੱਟਣ ਦੀ ਰਸਮ ਨਾਲ ਹੋਇਆ, ਜਿੱਥੇ ਕੇਕ ਨੂੰ ਯੋਗਾ ਥੀਮ ਨਾਲ ਸਜਾਇਆ ਗਿਆ, ਜੋ ਯੋਗਾ ਅਤੇ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਦੇ ਮਿਸ਼ਨ ਦਾ ਪ੍ਰਤੀਕ ਹੈ। ਉਨ੍ਹਾਂ ਦੱਸਿਆ ਕਿ ਸੈਕਟਰ ਵਾਸੀ ਰੋਜ਼ਾਨਾ ਨਿਯਮਤ ਤੌਰ ’ਤੇ ਯੋਗ ਅਭਿਆਸ ਰਾਹੀਂ ਬੀਮਾਰੀਆਂ ਤੋਂ ਛੁਟਕਾਰਾ ਪਾ ਰਹੇ ਹਨ।
ਸ੍ਰੀਮਤੀ ਰੁਪਿੰਦਰ ਕੌਰ ਨੂੰ ‘ਮਿਉਂਸੀਪਲ ਹਾਈਟਸ’ ਵਿਖੇ ਯੋਗਾ ਇੰਸਟਰਕਟਰ ਵਜੋਂ ਨਿਯੁਕਤ ਕੀਤਾ ਗਿਆ ਹੈ, ਜੋ ਆਮ ਨਾਗਰਿਕਾਂ ਜਿਨ੍ਹਾਂ ਵਿੱਚ ਬਜ਼ੁਰਗ ਅਤੇ ਅੌਰਤਾਂ ਵੀ ਸ਼ਾਮਲ ਹਨ, ਯੋਗ ਅਭਿਆਸ ਦੀ ਸਿਖਲਾਈ ਦੇ ਰਹੇ ਹਨ। ਪ੍ਰੋਗਰਾਮ ਦੇ ਸਪਾਂਸਰ ਗਰੀਨੂ ਮਾਈਕ੍ਰੋਗ੍ਰੀਨਜ਼, ਯੋਗਾ ਇੰਸਟਰਕਟਰ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਯੋਗ ਨੂੰ ਹਰ ਨਾਗਰਿਕ ਲਈ ਪਹੁੰਚਯੋਗ ਬਣਾਇਆ ਅਤੇ ਸਿਹਤ ਤੇ ਤੰਦਰੁਸਤੀ ਦੇ ਸਭਿਆਚਾਰ ਨੂੰ ਉਤਸ਼ਾਹਿਤ ਕੀਤਾ। ਸਾਰੇ ਨਿਯਮਤ ਭਾਗੀਦਾਰਾਂ ਨੂੰ ਉਨ੍ਹਾਂ ਦੀ ਰੈਗੂਲਰ ਹਾਜ਼ਰੀ ਲਈ ਸਨਮਾਨਿਤ ਕੀਤਾ ਗਿਆ। ਸੁਸਾਇਟੀ ਦੇ ਡਾ. ਗੁਰਮੀਤ ਸਿੰਘ ਅਤੇ ਬਿਪਿਨਜੀਤ ਰਾਹੀ ਨੇ ਇਸ ਸਿਹਤਮੰਦ ਜੀਵਨ ਸ਼ੈਲੀ ਨੂੰ ਸੁਸਾਇਟੀ ਵਿੱਚ ਸ਼ੁਰੂ ਕਰਨ ਲਈ ਵਿਸ਼ੇਸ਼ ਯੋਗਦਾਨ ਪਾਇਆ।