ਸੀਐਮ ਦੀ ਯੋਗਸ਼ਾਲਾ: ਰੋਜ਼ਾਨਾ 92 ਯੋਗਾ ਸੈਸ਼ਨਾਂ ਰਾਹੀਂ ਲੋਕਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਪ੍ਰਤੀ ਕੀਤਾ ਜਾ ਰਿਹੈ ਜਾਗਰੂਕ

ਨਬਜ਼-ਏ-ਪੰਜਾਬ, ਮੁਹਾਲੀ, 17 ਜੂਨ:
ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਦੀ ਮਹੱਤਤਾ ਬਾਰੇ ਜਾਣੂ ਕਰਵਾਉਣ ਲਈ ਸ਼ੁਰੂ ਕੀਤੀ ‘ਸੀਐਮ ਦੀ ਯੋਗਸ਼ਾਲਾ’ ਤਹਿਤ ਸ਼ਹਿਰ ਵਿੱਚ ਰੋਜ਼ਾਨਾ 92 ਯੋਗਾ ਸੈਸ਼ਨ ਲਗਾਏ ਜਾ ਰਹੇ ਹਨ। ਮੁਹਾਲੀ ਦੇ ਐਸਡੀਐਮ ਦੀਪਾਂਕਰ ਗਰਗ ਨੇ ਦੱਸਿਆ ਕਿ ਸ਼ਹਿਰ ਵਿੱਚ 18 ਯੋਗਾ ਟਰੇਨਰ ਲੋਕਾਂ ਨੂੰ ਮੁਫ਼ਤ ਯੋਗਾ ਸੈਸ਼ਨ ਲਗਾ ਕੇ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਪ੍ਰਤੀ ਜਾਗਰੂਕ ਕਰ ਰਹੇ ਹਨ।
ਉਨ੍ਹਾਂ ਦੱਸਿਆ ਕਿ ਐਂਪਲਾਈਜ਼ ਸੁਸਾਇਟੀ ਸੈਕਟਰ-68, ਫੇਜ਼-6 ਵਿੱਚ ਪਾਰਕ ਨੰਬਰ-23, ਪਾਰਕ ਨੰਬਰ-25, ਫੇਜ਼-4, ਜੇਐਲਪੀਐਲ ਸੁਸਾਇਟੀ ਸੈਕਟਰ-94, ਫੇਜ਼-1 ਦੇ ਪਾਰਕ ਨੰਬਰ-23 ਅਤੇ ਪਿੰਡ ਢੇਲਪੁਰ ਸਮੇਤ ਕੁੱਲ 92 ਥਾਵਾਂ ’ਤੇ ਰੋਜ਼ਾਨਾ ਯੋਗਾ ਕਲਾਸਾਂ ਲਗਾਈਆਂ ਜਾ ਰਹੀਆਂ ਹਨ ਤਾਂ ਜੋ ਲੋਕਾਂ ਨੂੰ ਯੋਗਾ ਦੀ ਮਦਦ ਨਾਲ ਆਪਣੀ ਜੀਵਨ ਸ਼ੈਲੀ ਵਿੱਚ ਸੁਧਾਰ ਕਰਕੇ ਬਿਮਾਰੀਆਂ ਤੋਂ ਛੁਟਕਾਰਾ ਦਿਵਾਇਆ ਜਾ ਸਕੇ।
ਇੱਥੋਂ ਦੇ ਫੇਜ਼-4 ਵਿੱਚ ਯੋਗਾ ਕਲਾਸਾਂ ਲਗਾ ਰਹੇ ਟਰੇਨਰ ਸ਼ਿਵਨੇਤਰ ਸਿੰਘ ਦਾ ਕਹਿਣਾ ਹੈ ਕਿ ਲੋਕਾਂ ਵਿੱਚ ਯੋਗਾ ਪ੍ਰਤੀ ਹਾਂ-ਪੱਖੀ ਸੋਚ ਬਣਨ ਲੱਗੀ ਹੈ, ਉਨ੍ਹਾਂ ਨੂੰ ਯੋਗ ਆਸਣ ਨਾਲ ਪੁਰਾਣੀਆਂ ਬਿਮਾਰੀਆਂ ਨੂੰ ਮਾਤ ਦੇਣ ਦੀ ਇਹ ਪ੍ਰਣਾਲੀ ਹੁਣ ਆਪਣੇ ਵੱਲ ਖਿੱਚ ਰਹੀ ਹੈ। ਐਂਪਲਾਈਜ਼ ਸੁਸਾਇਟੀ ਸੈਕਟਰ-68 ਵਿੱਚ ਯੋਗਾ ਕਲਾਸਾਂ ਲਗਾ ਰਹੇ ਇੰਸਟਰੱਕਟਰ ਸੁਰਿੰਦਰ ਝਾਅ ਅਨੁਸਾਰ ਸ਼ੁਰੂ-ਸ਼ੁਰੂ ਵਿੱਚ ਯੋਗਾ ਕਲਾਸਾਂ ਪ੍ਰਤੀ ਅੌਰਤਾਂ ਵਿੱਚ ਹੀ ਉਤਸ਼ਾਹ ਦੇਖਣ ਨੂੰ ਮਿਲਦਾ ਸੀ ਪਰ ਹੁਣ ਵੱਡੀ ਗਿਣਤੀ ਵਿੱਚ ਪੁਰਸ਼ ਵੀ ਆਪਣੀ ਸਿਹਤ ਪ੍ਰਤੀ ਫ਼ਿਕਰਮੰਦੀ ਨੂੰ ਸਮਝਦੇ ਹੋਏ ਯੋਗਾ ਕਲਾਸਾਂ ਲਗਾ ਰਹੇ ਹਨ। ਜ਼ਿਲ੍ਹਾ ਯੋਗਾ ਕਲਾਸ ਕੋਆਰਡੀਨੇਟਰ ਪ੍ਰਤਿਮਾ ਡਾਵਰ ਅਨੁਸਾਰ ਅੌਰਤਾਂ ਅਤੇ ਪੁਰਸ਼ਾਂ ਲਈ ਵੱਖ-ਵੱਖ ਕਲਾਸਾਂ ਦਾ ਪ੍ਰਬੰਧ ਵੀ ਹੈ। ਮਿਸਾਲ ਵਜੋਂ ਫੇਜ਼-6 ਪਾਰਕ ਨੰਬਰ-23 ਅਤੇ ਐਂਪਲਾਈਜ਼ ਸੁਸਾਇਟੀ ਸੈਕਟਰ-68 ਵਿੱਚ ਸਿਰਫ਼ ਪੁਰਸ਼ਾਂ ਦੀ ਯੋਗਾ ਕਲਾਸ ਲਾਈ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਇੱਕ ਟਰੇਨਰ 5 ਤੋਂ ਵੱਧ ਕਲਾਸਾਂ ਲਾਉਣ ਦੀ ਸਮਰੱਥਾ ਰੱਖਦਾ ਹੈ ਅਤੇ ਕਲਾਸਾਂ ਸਵੇਰੇ 5 ਵਜੇ ਤੋਂ ਸ਼ੁਰੂ ਕਰਕੇ ਦੇਰ ਸ਼ਾਮ ਸਵਾ 8 ਵਜੇ ਤੱਕ ਜਾਰੀ ਰਹਿੰਦੀਆਂ ਹਨ। ਨਵੇਂ ਬੈਚ ਲਈ 25 ਮੈਂਬਰਾਂ ਦਾ ਹੋਣਾ ਲਾਜ਼ਮੀ ਹੈ। ਇਸ ਸਬੰਧੀ ਹੈਲਪਲਾਈਨ ਨੰਬਰ 76694-00500 ’ਤੇ ਤਾਲਮੇਲ ਕਰਕੇ ਕੋਚ ਦੀ ਮੰਗ ਕੀਤੀ ਜਾ ਸਕਦੀ ਹੈ। ਯੋਗਾ ਕੋਚ ਦੀ ਸੁਵਿਧਾ ਪੰਜਾਬ ਸਰਕਾਰ ਵੱਲੋਂ ਮੁਫ਼ਤ ਉਪਲਬਧ ਕਰਵਾਈ ਜਾਂਦੀ ਹੈ।

Load More Related Articles
Load More By Nabaz-e-Punjab
Load More In General News

Check Also

ਵੈਟਰਨਰੀ ਡਾਕਟਰਾਂ ਨੇ ਓਪੀਡੀ ਸੇਵਾਵਾਂ ਠੱਪ ਕਰਕੇ ਪੰਜਾਬ ਭਰ ’ਚ ਕੀਤੇ ਰੋਸ ਮੁਜ਼ਾਹਰੇ

ਵੈਟਰਨਰੀ ਡਾਕਟਰਾਂ ਨੇ ਓਪੀਡੀ ਸੇਵਾਵਾਂ ਠੱਪ ਕਰਕੇ ਪੰਜਾਬ ਭਰ ’ਚ ਕੀਤੇ ਰੋਸ ਮੁਜ਼ਾਹਰੇ ਸਰਕਾਰ ’ਤੇ ਵਾਰ-ਵਾਰ ਮ…