ਪੰਜਾਬ ਵਿੱਚ ਖੋਲ੍ਹੇ ਜਾਣਗੇ ਫੈਸ਼ਨ ਤਕਨਾਲੋਜੀ ਦੇ ਕਾਲਜ: ਸ਼ਾਮ ਸੁੰਦਰ ਅਰੋੜਾ

ਨਿਫ਼ਟ ਵੱਲੋਂ 21ਵਾਂ ਫੈਸ਼ਨ ਸ਼ੋਅ ‘ਅਨੁਕਾਮਾ-2018’ ਦਾ ਸ਼ਾਨਦਾਰ ਆਯੋਜਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਮਈ:
ਇੱਥੋਂ ਦੇ ਸ਼ਿਵਾਲਿਕ ਪਬਲਿਕ ਸਕੂਲ ਦੇ ਆਡੀਟੋਰੀਅਮ ਵਿੱਚ ਮੰਚ ਉੱਤੇ ਉਦੋਂ ਦਿਲਕਸ਼ ਅੰਦਾਜ਼ ਤੇ ਮਨਮੋਹਕ ਅਦਾਵਾਂ ਦਾ ਹੜ੍ਹ ਵਗ ਤੁਰਿਆ ਜਦੋਂ ਕੌਮੀ ਪੱਧਰ ਦੇ ਕਈ ਮਸ਼ਹੂਰ ਮਾਡਲਾਂ ਨਿਫਟ (ਨਾਰਦਰਨ ਇੰਡੀਆ ਇੰਸਟੀਚਿਊਟ ਆਫ਼ ਫੈਸ਼ਨ ਟੈਕਨਾਲੋਜੀ) ਦੇ ਫੈਸ਼ਨ ਡਿਜ਼ਾਇਨਿੰਗ ਦੇ ਗ੍ਰੈਜੂਏਟ ਵਿਦਿਆਰਥੀਆਂ ਨੇ ਆਪਣ ਵਲੋਂ ਤਿਆਰ ਵੱਖੋ-ਵੱਖ 52 ਖੂਬਸੂਰਤ ਕੁਲੈਕਸ਼ਨਜ਼ ਨੂੰ ਪ੍ਰਦਰਸ਼ਿਤ ਕੀਤਾ। ਨਿਫਟ ਦੇ ਇਸ ਸਾਲਾਨਾ ਡਿਜ਼ਾਇਨ ਕੁਲੈਕਸ਼ਨ ਸ਼ੋਅ ‘ਅਨੁਕਾਮਾ-2018’ ਦਾ ਰਸਮੀ ਉਦਾਘਾਟਨ ਉਦਯੋਗ ਤੇ ਵਣਜ ਮੰਤਰੀ, ਪੰਜਾਬ ਸ਼ਾਮ ਸੁੰਦਰ ਅਰੋੜਾ ਨੇ ਕੀਤਾ।
ਸ੍ਰੀ ਅਰੋੜਾ ਨੇ ਕਿਹਾ ਪੰਜਾਬ ਵਿੱਚ ਫੈਸ਼ਨ ਤਕਨਾਲੋਜੀ ਦੇ ਕਾਲਜ ਖੋਲ੍ਹੇ ਜਾਣਗੇ ਤੇ ਨਿਫਟ ਨੂੰ ਦੇਸ਼ ਵਿੱਚੋਂ ਪਹਿਲੇ ਨੰਬਰ ’ਤੇ ਲਿਆਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਨਿਫਟ ਨੇ ਪੰਜਾਬ ਲਈ ਬਹੁਤ ਨਾਮਣਾ ਖੱਟਿਆ ਹੈ। ਇੱਥੋਂ ਦੇ ਵਿਦਿਆਰਥੀ ਜਦੋਂ ਆਪਣੀ ਪੜ੍ਹਾਈ ਮੁਕੰਮਲ ਕਰਕੇ ਪੰਜਾਬ ਜਾਂ ਦੇਸ਼ ਦੇ ਕਿਸੇ ਵੀ ਇਲਾਕੇ ਵਿੱਚ ਕੰਮ ਕਰਨਗੇ ਤਾਂ ਉਨ੍ਹਾਂ ਨੂੰ ਪੰਜਾਬ ਦੇ ਬ੍ਰੈਂਡ ਅੰਬੈਸਡਰ ਵਜੋਂ ਜਾਣਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਨਿਫਟ ਦੀ ਪਲੇਸਮੈਂਟ ਹਮੇਸ਼ਾਂ 100 ਫੀਸਦ ਰਹੀ ਹੈ ਅਤੇ ਫੈਸ਼ਨ ਜਗਤ ਵਿੱਚ ਨਿਫਤ ਤੋਂ ਪੜ੍ਹੇ ਵਿਦਿਆਰਥੀਆਂ ਨੂੰ ਪਹਿਲ ਦਿੱਤੀ ਜਾਂਦੀ ਹੈੇ। ਇਸ ਦਾ ਮੁੱਖ ਕਾਰਨ ਇਹ ਹੈ ਕਿ ਇੱਥੇ ਇੰਡਸਟਰੀ ਦੀ ਲੋੜ ਨੂੰ ਮੁੱਖ ਰੱਖ ਕੇ ਕੋਰਸ ਕਰਵਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਹਰ ਤਰ੍ਹਾਂ ਦੇ ਉਦਯੋਗ ਨੂੰ ਪ੍ਰਫੁਲਿਤ ਕਰਨ ਲਈ ਯਤਨਸ਼ੀਲ ਹੈ,ਜਿਸ ਦੇ ਮੱਦੇਨਜ਼ਰ ਨਵੀਂ ਇੰਡਸਟਰੀ ਨੀਤੀ ਲਾਗੂ ਕੀਤੀ ਗਈ ਹੈ। ਰਾਜ ਵਿੱਚ ਤਿੰਨ ਨਵੇਂ ਫੂਡ ਪਾਰਕ ਸਥਾਪਤ ਕੀਤੇ ਜਾ ਰਹੇ ਹਨ। 60 ਹਜ਼ਾਰ ਕਰੋੜ ਦੇ ਐਮ.ਓ.ਯੂ ਸਾਈਨ ਕੀਤੇ ਗਏ ਹਨ ਅਤੇ ਹੁਣ ਤੱਕ ਡੇਢ ਲੱਖ ਦੇ ਕਰੀਬ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ। ਸਰਕਾਰ ਦੀ ਉਦਯੋਗ ਪੱਖੀ ਸੋਚ ਸਦਕਾ ਹੀ ਬਿਜਲੀ ਦਰਾਂ ਵਿੱਚ ਕਟੌਤੀ ਕੀਤੀ ਗਈ ਹੈ ਤਾਂ ਜੋ ਉਦਯੋਗਿਕ ਖੇਤਰ ਪ੍ਰਫੁੱਲਿਤ ਹੋ ਸਕੇ। ਕੈਬਨਿਟ ਮੰਤਰੀ ਨੇ ਕਿਹਾ ਕਿ ਨਿਫਟ ਦਾ ਉਦੇਸ਼ ਨਾ ਸਿਰਫ ਪੜ੍ਹਾਉਣਾ ਬਲਕਿ ਫੈਸ਼ਨ ਡਿਜ਼ਾਇਨਿੰਗ ਵਿੱਚ ਰੁਚੀ ਰੱਖਣ ਵਾਲੇ ਵਿਦਿਆਰਥੀਆਂ ਨੂੰ ਹੁਨਰਮੰਦ ਕਿੱਤਾਕਾਰੀ ਵੱਲ ਸੇਧ ਦੇਣ ਹੈ ਤਾਂ ਜੋ ਉਹ ਫੈਸ਼ਨ ਜਗਤ ਦੀ ਰਮਜ਼ ਚੰਗੀ ਤਰ੍ਹਾਂ ਪੜ੍ਹ ਸਕਣ। ਉਨ੍ਹਾਂ ਕਿਹਾ ਕਿ ਨਿਫਟ ਇੱਕ ਵਿਦਿਆਰਥੀ ਤੋਂ ਪ੍ਰਤਿਭਾਸ਼ਾਲੀ ਤੇ ਹੁਨਰਮੰਦ ਡਿਜ਼ਾਇਨਰ ਤਿਆਰ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ।
ਇਸ ਦੌਰਾਨ ਸ੍ਰੀ ਅਰੋੜਾ ਨੇ ਕਾਰਗੁਜ਼ਾਰੀ ਦੇ ਆਧਾਰ ’ਤੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਕੁੱਲ 16 ਐਵਾਰਡਾਂ ਵਿੱਚੋਂ ਪਰੀਯੰਗ ਨੂੰ ਬੈਸਟ ਡਿਜ਼ਾਇਨ ਕੁਲੈਕਸ਼ਨ, ਅੰਜਲੀ ਨੂੰ ਬੈਸਟ ਗਾਰਮੈਂਟ ਕੰਸਟਰਕਸ਼ਨ ਅਤੇ ਬੈਸਟ ਕਮਰਸ਼ਿਅਲ ਕੁਲੈਕਸ਼ਨ ਲਈ ਅਲੀਸ਼ਾ ਤੇ ਕਨਿਕਾ ਚੁੱਘ ਨੂੰ ਸਨਮਾਨ ਦਿੱਤਾ ਗਿਆ। ਇਸ ਤੋਂ ਇਲਾਵਾ ਮੋਸਟ ਕ੍ਰੀਏਟਿਵ ਕੁਲੈਕਸ਼ਨ ਲਈ ਸਿਮਰਨਜੀਤ ਕੌਰ, ਬੈਸਟ ਕੰਨਸੈਪਟ ਲਈ ਰਾਜੇਸ਼ਵਰੀ ਤੇ ਸਨੇਹਾ, ਮੋਸਟ ਇਨੋਵੇਟਿਵ ਪੈਟਰਨ ਬਨਾਉਣ ਲਈ ਜਸਵਿਨਰ ਅਤੇ ਕੀਰਤੀ, ਬੈਸਟ ਸਰਫੇਸ ਅੌਰਨਾਮੈਨਟੇਸ਼ਨ ਲਈ ਡੌਲਸੀ ਤੇ ਤ੍ਰਿਸ਼ਾ, ਡਿਜ਼ਾਇਨ ਵਿੱਚ ਕ੍ਰਾਫਟ ਦੀ ਬੈਸਟ ਵਰਤੋਂ ਲਈ ਕੋਮਲ ਭਾਟੀਆ ਤੇ ਸ਼ੈਲੀ, ਡਿਜ਼ਾਇਨ ਵਿੱਚ ਆਰਟ ਦੀ ਬੈਸਟ ਵਰਤੋਂ ਲਈ ਅਰਪਿਤਾ ਤੇ ਪ੍ਰਅੰਜਲੀ ਨੂੰ ਚੁਣਿਆ ਗਿਆ। ਜਦਕਿ ਬੈਸਟ ਡਿਜ਼ਾਇਨ ਵਿਜ਼ਨ (ਜਿਉਰੀ ਸਪੈਸ਼ਲ ਐਵਾਰਡ) ਮਹਿਕਪ੍ਰੀਤ ਨੂੰ ਦਿੱਤਾ ਗਿਆ। ਇਸ ਤੋਂ ਬਿਨਾਂ ਨਿਤਿਕਾ ਘਾਵਰੀ, ਸਾਕਸ਼ੀ , ਸੇਜਲ, ਗੁਨੀਤ, ਲਹਿਰ, ਮਾਨਿੰਆ, ਨੈਂਨਸੀ, ਸ਼ਰੁਤੀ, ਪਾਰੁਲ ਅਤੇ ਖਨਕ ਨੂੰ ਸਰਟੀਫਿਕੇਟ ਆਫ ਮੈਰਿਟ ਨਾਲ ਸਨਮਾਨਿਆ ਗਿਆ। ਇਥੇ ਇਹ ਦੱਸਣਾ ਅਹਿਮ ਹੈ ਕਿ ਇਨ੍ਹਾਂ ਸਾਰੇ ਹੋਣਹਾਰ ਵਿਦਿਆਰਥੀਆਂ ਨੂੰ ਫੈਸ਼ਨ ਜਗਤ ਦੀਆਂ ਨਾਮਵਰ ਹਸਤੀਆਂ ਜਿਵੇਂ ਡਾ.ਪੂਨਮ ਅਗਰਵਾਲ, ਡਾ.ਸਿਮਰਿਤਾ ਸਿੰਘ,ਮਿਸ ਦੀਪਤੀ ਸ਼ਰਮਾਂ, ਸ੍ਰੀ ਗੋਬਿੰਦ ਰਾਇ, ਸ੍ਰੀਮਤੀ ਨਵਦੀਪ ਕੌਰ ਵੱਲੋਂ ਸਿਖਲਾਈ ਦਿੱਤੀ ਗਈ ਸੀ। ਇਸ ਦੌਰਾਨ ਫੈਸ਼ਨ, ਐਪਾਰਲ ਤੇ ਟੈਕਟਾਇਲ ਮਾਹਿਰਾਂ ਨੇ ਜਿਉਰੀ ਵਜੋਂ ਕਾਰਜ ਨਿਭਾਇਆ।
ਇਸ ਮੌਕੇ ਸ੍ਰੀ ਡੀ.ਪੀ.ਐਸ ਖਰਬੰਦਾ, ਡਾਇਰੈਕਟਰ, ਉਦਯੋਗ ਤੇ ਵਣਜ ਵਿਭਾਗ, ਪੰਜਾਬ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਅਨੁਕਾਮਾ-18 ਇੱਕ ਵਧੀਆ ਮੰਚ ਹੈ ਅਤੇ ਵਿਦਿਆਰਥੀਆਂ ਨੇ ਆਪਣੇ ਕੰਮ ਨੂੰ ਬਿਹਤਰ ਦਰਸਾਉਣ ਲਈ ਹਰ ਸੰਭਵ ਯਤਨ ਕੀਤੇ ਹਨ। ਇਥੇ ਨਿਫਟ ਦੇ ਡਾਇਰੈਕਟਰ ਸ੍ਰੀ ਕੇਐਸ ਬਰਾੜ ਨੇ ਦੱਸਿਆ ਕਿ ਹਰ ਵਿਦਿਆਰਥੀ ਨੂੰ ਪੰਜ ਭਾਗਾਂ ਵਿੱਚ ਆਪਣੀ ਕੁਲੈਕਸ਼ਨ ਨੂੰ ਪੇਸ਼ ਕੀਤਾ ਜੋ ਕਿ ਵੱਖ ਵਿਸ਼ੇ ਜਿਵੇਂ ਨਾਰੀ ਸਸ਼ਕਤੀਕਰਨ,ਅੌਰਤਾਂ ਨਾਲ ਹਿੰਸਾ ਆਦਿ ‘ਤੇ ਆਧਾਰਿਤ ਸਨ। ਇਹ ਸਭ ਕੁਲੈਕਸ਼ਨਜ਼ ਫੈਸ਼ਨ ਡਿਜ਼ਾਇਨਿੰਗ ਕੋਰਸ ਦੇ 6ਵੇਂ ਸਮੈਸਟਰ ਦੇ ਵਿਦਿਆਰਥੀਆਂ ਨੇ ਲਗਭਗ ਛੇ ਮਹੀਨਿਆਂ ਵਿੱਚ ਯੋਗ ਅਧਿਆਪਕਾਂ ਦੀ ਨਿਗਰਾਨੀ ਵਿੱਚ ਤਿਆਰ ਕੀਤੀਆਂ ਸਨ। ਇਨ੍ਹਾਂ ਕੁਲੈਕਸ਼ਨਜ਼ ਵਿੱਚ ਰਵਾਇਤੀ ਤੋਂ ਲੈਕੇ ਪੁਰਾਤਨ, ਇਤਿਹਾਸਕ, ਮੀਨਾਕਾਰੀ ਤੇ ਮਾਡਰਨ ਪਹਿਰਾਵਿਆ ਤੱਕ ਦੇ ਝਲਕਾਰੇ ਦੇਖਣ ਨੂੰ ਮਿਲੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਾਰਾਗੜ੍ਹੀ ਦੀ ਇਤਿਹਾਸਕ ਲੜਾਈ ‘ਤੇ ਲਿਖੀ ਕਿਤਾਬ ‘ਦ 36 ਸਿੱਖਜ਼ ਇਨ ਦਾ ਤੀਰਥ ਕੰਪੇਨ 1897-98’ ਤੋਂ ਪ੍ਰੇਰਿਤ ਹੋ ਕੇ ਡਿਜ਼ਾਇਨਰ ਸਿਰਮਨਜੀਤ ਕੌਰ ਵੱਲੋਂ ਤਿਆਰ ਕੀਤੀ ਕੁਲੈਕਸ਼ਨ ‘ ਜ਼ਰੀ ਮਿਸਲ ’ ਅਨੂਕਾਮਾ-18 ਦਾ ਮੁੱਖ ਆਕਰਸ਼ਣ ਰਹੀ। ਇਸੇ ਤਰ੍ਹਾਂ ਐਸਿਡ ਅਟੈਕ ਦੇ ਪੀੜਤਾਂ ਨੂੰ ਸਮਰਪਿਤ ਸਨੇਹਾ ਦੀ ਕੁਲੈਕਸ਼ਨ ‘ਇਨ ਦ ਨੇਮ ਆਫ ਲਵ’ ਵੀ ਦੇਖਣਯੋਗ ਸੀ। ਇਸ ਸ਼ੋਅ ਦੌਰਾਨ ਇੱਕ ਐਸਿਡ ਅਟੈਕ ਪੀੜਤ ਰਿਤੂ ਸੈਣੀ ਨੇ ਸਨੇਹਾ ਦੀ ਬਣਾਈ ਪੌਸ਼ਾਕ ਪਹਿਨਕੇ ਰੈਂਪ ਵਾਕ ਵੀ ਕੀਤਾ।
ਇਸ ਤੋਂ ਬਿਨਾਂ ਅੌਰਤਾਂ ਨਾਲ ਹਿੰਸਾ ਤੇ ਨਾਬਾਲਗ਼ ਜਿਸਮਾਨੀ ਸੋਸ਼ਣ ਦੇ ਵਿਰੋਧ ਵਿੱਚ ਹਾਅ ਦਾ ਨਾਅਰ੍ਹਾ ਮਾਰਦੀ ਰਾਜੇਸ਼ਵਰੀ ਦੀ ਕੁਲੈਕਸ਼ਨ, ਗੁਨੀਤ ਦੀ ਸੋਨੇ-ਚਾਂਦੀ ਦੀ ਤਾਰਾਂ ਨਾਲ ਸਜਾਈ ‘ਪਸਟੇਲ ਰਸ਼’, ਮੁਗਲ ਯਾਦਗ਼ਾਰਾਂ ਨੂੰ ਦਰਸਾਉਂਦੀ ਡੌਲਸੀ ਦੀ ‘ਗੁਲਜ਼ਾਰ’, ਨਿਤਿਕਾ ਘਰਵੀ ਦੀ ‘ਟ੍ਰੀ ਆਫ ਲਾਈਫ’, ਮਾਇਆ ਦੀ ‘ਆਦਿਸ਼ਕਤੀ’, ਅਲੀਸ਼ਾ ਗੁਲਾਟੀ ਦੀ ‘ਜ਼ੀਨਤ ਬੇਗ਼ਮ’ ਅਤੇ ਮਾਡਰਨ ਕੁਲੈਕਸ਼ਨ ‘ਦੇਸੀ ਸਵੈਗ’ ਆਦਿ ਵੀ ਖਿੱਚ ਦਾ ਕੇਂਦਰ ਰਹੀਆਂ।
ਇਸ ਮੌਕੇ ਅਨੁਕਾਮਾ-18 ਦੀ ਕੁਆਰਡੀਨੇਟਰ ਤੇ ਨਿਫਟ ਦੇ ਫੈਸ਼ਨ ਡਿਜ਼ਾਇਨ ਵਿਭਾਗ ਦੀ ਮੁਖੀ ਡਾ.ਸਿਮਰਿਤਾ ਸਿੰਘ ਨੇ ਕਿਹਾ “ਸਾਡੇ 15 ਵਿਦਿਆਰਥੀਆਂ ਨੇ ਪ੍ਰੋਫੈਸ਼ਨਲ ਫੈਸ਼ਨ ਵੀਕ ਮਾਡਲਾਂ ਦੇ ਨਾਲ ਰੈਂਪ ਵਾਕ ਕੀਤਾ ਹੈ ਅਤੇ ਸਾਡੀ ਹੀ ਇੱਕ ਵਿਦਿਆਰਥਣ ਖੁਸ਼ਬੂ ਰਾਵਤ ਮਿਸ ਇੰਡਿਆ ਖਾਦੀ-2017 ਨੂੰ ਜੱਜ ਕਰਨ ਦਾ ਮਾਣ ਹਾਸਲ ਕਰ ਚੁੱਕੀ ਹੈ।”
ਅਨੁਕਾਮਾ ਵਿੱਚ ਮਸ਼ਹੂਰ ਕੌਮੀ ਫੈਸ਼ਨ ਵੀਕ ਤੇ ਰਨਵੇ ਮਹਿਲਾ ਮਾਡਲ ਜਿਵੇਂ ਵਿਦਿਆ, ਮੇਘਾ, ਵਿੰਨੀ, ਕਨਨ, ਅਸ਼ਲੇ, ਹਿਮਾਨੀ, ਨੇਹਾ ਆਦਿ ਨੇ ਪਹੁੰਚ ਕੇ ਸ਼ੋਅ ਦੀ ਸ਼ੋਭਾ ਵਧਾਈ। ਮਿਸ ਉੱਤਰਾਖੰਡ ਫਾਨਿਲਿਸਟ ਕਨਚਨ ਤੇ ਇੰਡੀਅਨ ਪ੍ਰਿੰਸਿਸ ਇੰਟਰਨੈਸ਼ਨਲ 2103 ਵਿੱਚ ਭੁਟਾਨ ਦੀ ਨੁਮਾਇੰਦਗੀ ਕਰਨ ਲਈ ਹੇਮਾ ਚੇਤਰੀ ਨੇ ਵੀ ਸਭ ਦਾ ਦਿਲ ਟੁੰਬਿਆ। ਇਸ ਤੋਂ ਇਲਾਵਾ ਪੁਰਸ਼ ਮਾਡਲ ਜਿਵੇਂ ਰਾਘਵ, ਅਨੁਜ, ਜਗਸ਼ੇਰ, ਆਲਮ ਆਦਿ ਨੇ ਵੀ ਆਪਣੀ ਪ੍ਰਤਿਭਾ ਦਿਖਾਈ।
ਇਹ ਜ਼ਿਕਰਯੋਗ ਹੈ ਕਿ 1995 ਵਿੱਚ ਸਥਾਪਿਤ ਹੋਇਆ ਨਿਫਟ ਅੱਜ ਦੇਸ਼ ਦਾ ਮੰਨਿਆ-ਪ੍ਰਮੰਨਿਆਂ ਅਦਾਰਾ ਬਣ ਚੁੱਕਾ ਹੈ ਅਤੇ ਪੰਜਾਬ ਦੇ ਉਦਯੋਗ ਤੇ ਵਣਜ ਵਿਭਾਗ ਦੀ ਦੇਖ-ਰੇਖ ਵਿੱਚ ਚੱਲ ਰਿਹਾ ਇਹ ਅਦਾਰਾ ਬੀ.ਐਸ.ਸੀ ਅਤੇ ਐਮ.ਐਸ.ਸੀ ਦੀਆਂ ਡਿਗਰੀਆਂ ਪ੍ਰਦਾਨ ਕਰਦਾ ਹੈ।
ਡਿਗਰੀ ਪ੍ਰੋਗਰਾਮਾਂ ਵਿੱਚ ਦਾਖ਼ਲਾ ਪ੍ਰਵੇਸ਼ ਪ੍ਰੀਖਿਆ ’ਤੇ ਆਧਾਰਿਤ ਹੈ ਜੋ ਕਿ 3 ਜੂਨ ਨੂੰ ਰੱਖੀ ਗਈ ਹੈ। ਇਸ ਸਾਲ ਅਰਜ਼ੀਆਂ ਜਮਾਂ ਕਰਨ ਦੀ ਆਖਰੀ ਮਿਤੀ 29/5/18 ਹੈ। ਇਸ ਤੋਂ ਇੰਟਰਵਿਊ ਤੇ ਕੌਂਸਲਿੰਗ ਦਾ ਵੀ ਵਿਧਾਨ ਹੈ। ਹੋਰ ਜਾਣਕਾਰੀ ਸੰਸਥਾ ਦੀ ਵੈਬਸਾਈਟ www.niiftindia.com ਤੋਂ ਹਾਸਲ ਕੀਤੀ ਜਾ ਸਕਦੀ ਹੈ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…