
ਕਲਰਸ ਚੈਨਲ ਦੇ ਨਵੇਂ ਸੀਰੀਅਲ ਜਨੂੰਨੀਅਤ ਵਿੱਚ ਹੈ ਸੰਗੀਤ ਨਾਲ ਸਰਾਬੋਰ ਪਿਆਰ ਦੀ ਕਹਾਣੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਫਰਵਰੀ:
ਨੈਸ਼ਨਲ ਟੀਵੀ ਕਲਰਸ ਚੈਨਲ ’ਤੇ 13 ਫਰਵਰੀ ਤੋਂ ਸ਼ੁਰੂ ਹੋਏ ਸੀਰੀਅਲ ਜਨੂੰਨੀਅਤ ਵਿੱਚ ਸੰਗੀਤ ਨਾਲ ਸਰਾਬੋਰ ਪਿਆਰ ਦੀ ਕਹਾਣੀ ਹੈ। ਸਰਗੁਣ ਮਹਿਤਾ ਅਤੇ ਰਵੀ ਦੂਬੇ ਦੇ ਡਰੀਮੀਯਾਟਾ ਇੰਟਰਟੇਨਮੈਂਟ ਵੱਲੋਂ ਬਣਾਏ ਜਾ ਰਹੇ ਇਸ ਸੀਰੀਅਲ ਦੀ ਸ਼ੂਟਿੰਗ ਪਿੰਡ ਘੜੂੰਆਂ ਦੇ ਗੁਰਦੁਆਰਾ ਅਕਾਲਗੜ੍ਹ ਨੇੜੇ ਬਣੇ ਸਟੂਡੀਓ ਵਿੱਚ ਚਲ ਰਹੀ ਹੈ। ਸੀਰੀਅਲ ਵਿੱਚ ਇਕ ਲੜਕੀ ਸਮੇਤ ਤਿੰਨ ਨੌਜਵਾਨਾਂ ਨੂੰ ਦਿਖਾਇਆ ਗਿਆ ਹੈ, ਜਿਨ੍ਹਾਂ ਲਈ ਸੰਗੀਤ ਹੀ ਉਨ੍ਹਾਂ ਦੀ ਦੁਨੀਆ ਹੈ ਅਤੇ ਉਨ੍ਹਾਂ ਨੂੰ ਆਪਣੇ ਪਿਆਰ ਤੇ ਮੰਜਲ ’ਚੋਂ ਕਿਸੇ ਇੱਕ ਨੂੰ ਚੁਣਨਾ ਹੈ।
ਇਸ ਸ਼ੋਅ ਵਿੱਚ ਤਿੰਨ ਵਿਅਕਤੀਆਂ ਦੀਆਂ ਭਾਵਨਾਵਾਂ ਅਤੇ ਜਨੂੰਨ ਦਾ ਰੋਮਾਂਚਕ ਸਫ਼ਰ ਹੈ। ਸੀਰੀਅਲ ਵਿੱਚ ਇਲਾਹੀ (ਨੇਹਾ ਰਾਣਾ), ਜਹਾਨ (ਅੰਕਿਤ ਗੁਪਤਾ) ਅਤੇ ਜਾਰਡਨ (ਗੌਤਮ ਵਿਜ) ਦੇ ਕਿਰਦਾਰ ਹਨ। ਇਲਾਹੀ ਅਤੇ ਜਹਾਨ ਪਿਆਰ ਅਤੇ ਸੰਗੀਤ ਦੀਆਂ ਧੁਨਾਂ ਦੇ ਜਾਦੂ ਵਿੱਚ ਡੁੱਬੇ ਹਨ, ਜਦੋਂਕਿ ਜਾਰਡਨ ਸੰਗੀਤ ਦੀ ਦੁਨੀਆਂ ਤੇ ਛਾ ਜਾਣ ਦੀ ਚਾਹਤ ਰੱਖਦਾ ਹੈ।
ਘੜੂੰਆਂ ਸਟੂਡੀਓ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਸੀਰੀਅਲ ਦੀ ਪ੍ਰੋਡਿਊਸਰ ਸਰਗੁਣ ਮਹਿਤਾ ਅਤੇ ਰਵੀ ਦੁਬੇ ਤੋਂ ਇਲਾਵਾ ਅਦਾਕਾਰਾਂ ਅੰਕਿਤ ਗੁਪਤਾ, ਇਲਾਹੀ ਅਤੇ ਜਾਰਡਨ ਨੇ ਸੀਰੀਅਲ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸਰਗੁਣ ਮਹਿਤਾ ਨੇ ਕਿਹਾ ਕਿ ਜਨੂੰਨੀਅਤ ਇੱਕ ਰਿਲੇਸ਼ਨਸ਼ਿਪ ਡਰਾਮਾ ਹੈ, ਜਿਸ ਵਿੱਚ ਤਿੰਨ ਕਲਾਕਾਰਾਂ ਦੀ ਜ਼ਿੰਦਗੀ ਨੂੰ ਦਿਖਾਇਆ ਗਿਆ ਹੈ, ਕਿਉਂਕਿ ਸੰਗੀਤ ਨਾਲ ਪਿਆਰ ਕਰਨ ਲਈ ਉਨ੍ਹਾਂ ਦੇ ਆਪੋ ਆਪਣੇ ਕਾਰਨ ਹਨ।

ਜਹਾਨ ਦੀ ਭੂਮਿਕਾ ਕਰ ਰਹੇ ਅੰਕਿਤ ਗੁਪਤਾ (ਜੋ ਪਹਿਲਾਂ ਸਰਗੁਣ ਮਹਿਤਾ ਦੇ ਸੀਰੀਅਲ ਉਡਾਰੀਆਂ ਵਿੱਚ ਲੀਡ ਰੋਲ ਕਰ ਚੁੱਕੇ ਹਨ) ਨੇ ਕਿਹਾ ਕਿ ਕਲਰਸ ਅਤੇ ਡ੍ਰੀਮੀਯਾਟਾ ਇੰਟਰਟੇਨਮੈਂਟ ਦਾ ਸੰਗਮ ਸਫਲ ਰਿਹਾ ਹੈ ਅਤੇ ਮੈਂ ਉਨ੍ਹਾਂ ਦੇ ਨਾਲ ਕੰਮ ਕਰਦੇ ਹੋਏ ਬਹੁਤ ਖੁਸ਼ ਹਾਂ। ਜਾਰਡਨ ਦੀ ਭੂਮਿਕਾ ਅਦਾ ਕਰ ਜਾ ਰਹੇ ਗੌਤਮ ਵਿਜ ਨੇ ਕਿਹਾ ਕਿ ਸੰਗੀਤ ਤੇ ਆਧਾਰਿਤ ਕਹਾਣੀ ਜਨੂੰਨੀਅਤ ਵਿੱਚ ਉਹ ਉਸ ਪਿਆਰ ਨੂੰ ਮਹਿਸੂਸ ਕਰ ਰਹੇ ਹਨ ਜਿਹੜਾ ਉਹਨਾਂ ਨੂੰ ਬਿੱਗ ਬੌਸ 16 ਦੇ ਸਫਰ ਵਿੱਚ ਦਰਸ਼ਕਾਂ ਕੋਲੋਂ ਮਿਲਿਆ। ਇਲਾਹੀ ਦੀ ਭੂਮਿਕਾ ਅਦਾ ਕਰ ਰਹੀ ਨੇਹਾ ਰਾਣਾ ਨੇ ਕਿਹਾ ਕਿ ਜਨੂੰਨੀਅਤ ਵਿੱਚ ਉਹਨਾਂ ਦਾ ਕਿਰਦਾਰ ਸੰਗੀਤ ਦੇ ਮਾਮਲੇ ਵਿੱਚ ਬਹੁਤ ਹੋਣਹਾਰ ਹੈ, ਪਰ ਉਸਨੂੰ ਇੱਕ ਖਾਲੀਪਣ ਲੱਗਦਾ ਹੈ, ਜਿਸ ਨੂੰ ਉਸਦੀ ਮਾਂ ਦੀ ਮੌਜੂਦਗੀ ਹੀ ਪੂਰਾ ਕਰ ਸਕਦੀ ਹੈ। ਉਹਨਾਂ ਦੋਵਾਂ ਨੂੰ ਸੰਗੀਤ ਤੋਂ ਸੁਖ ਮਿਲਦਾ ਹੈ ਅਤੇ ਸੰਗੀਤ ਨਾਲ ਜਿਹੜੀ ਤਾਕਤ ਮਿਲਦੀ ਹੈ, ਉਹੀ ਉਸਦੀ ਜਨੂੰਨੀਅਤ ਹੈ।