Nabaz-e-punjab.com

ਮੁਹਾਲੀ ਦੇ ਸਾਰੇ ਵਪਾਰਕ ਅਦਾਰੇ ਆਪਣੇ ਬੋਰਡ ਪੰਜਾਬੀ ਵਿੱਚ ਵੀ ਲਿਖਣ ਦੀ ਮੁਹਿੰਮ ਵਿੱਚ ਸਾਥ ਦੇਣ: ਸਤਵੀਰ ਧਨੋਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਫਰਵਰੀ:
ਪੰਜਾਬੀ ਵਿਰਸਾ ਸੁਸਾਇਟੀ ਦੇ ਪ੍ਰਧਾਨ ਅਤੇ ਕੌਂਸਲਰ ਸਤਵੀਰ ਸਿੰਘ ਧਨੋਆ ਦੀ ਅਗਵਾਈ ਵਿੱਚ ਪੰਜਾਬੀ ਹਿਤੈਸ਼ੀਆਂ ਦੀ ਮੀਟਿੰਗ ਹੋਈ। ਜਿਸ ਵਿੱਚ ਮਾਂ ਬੋਲੀ ਪੰਜਾਬੀ ਨੂੰ ਪ੍ਰਮੁੱਖਤਾ ਨਾਲ ਲਾਗੂ ਕਰਨ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਸਰਕਾਰਾਂ ਅਤੇ ਪੰਜਾਬੀ ਬੋਲੀ ਦੇ ਵਾਰਸਾਂ ਵੱਲੋੱ ਪੰਜਾਬੀ ਮਾਂ ਬੋਲੀ ਦੀ ਅਣਦੇਖੀ ਤੇ ਦੁੱਖ ਪ੍ਰਗਟ ਕੀਤਾ ਗਿਆ ਅਤੇ ਇਸ ਗੱਲ ਤੇ ਵਿਚਾਰ ਕੀਤੀ ਗਈ ਕਿ ਕਿਵੇਂ ਪੰਜਾਬੀ ਮਾਂ ਬੋਲੀ ਨੂੰ ਬਣਦਾ ਮਾਣ ਸਤਿਕਾਰ ਦਿਵਾਇਆ ਜਾਵੇ। ਇਸ ਮੌਕੇ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਨੂੰ ਛੱਡ ਕੇ ਬਾਕੀ ਸਾਰੇ ਸੂਬਿਆਂ ਦੇ ਲੋਕ ਆਪਣੀ ਮਾਂ ਬੋਲੀ ਨੂੰ ਪੂਰਾ ਸਤਿਕਾਰ ਦਿੰਦੇ ਹਨ ਘਰਾਂ, ਦੁਕਾਨਾਂ ਅਤੇ ਹੋਰ ਕਾਰੋਬਾਰ ਅਦਾਰਿਆਂ ਦੇ ਬਾਹਰ ਸਿਰਫ ਉੱਥੋਂ ਦੀ ਮਾਂ ਬੋਲੀ ਵਿੱਚ ਹੀ ਬੋਰਡ ਲੱਗੇ ਹੁੰਦੇ ਹਨ। ਸਵਾਲ ਇਹ ਪੈਦਾ ਹੁੰਦਾ ਹੈ, ਕੀ ਉੱਥੋਂ ਦੇ ਬੱਚੇ ਆਈਏਐਸ, ਆਈਪੀਐਸ ਜਾਂ ਪੀਸੀਐਸ ਨਹੀਂ ਬਣਦੇ। ਪੰਜਾਬੀ ਜਿੰਨੇ ਦਰਿਆਦਿਲ ਸਮਝੇ ਜਾਂਦੇ ਹਨ ਓਨੇ ਹੀ ਇਹ ਆਪਣੀ ਮਾਂ ਬੋਲੀ ਪ੍ਰਤੀ ਤੰਗਦਿਲ ਹਨ ਅਤੇ ਇਹ ਰੁਝਾਨ ਬੜਾ ਹੀ ਖਤਰਨਾਕ ਹੈ। ਜਿਸ ਦੇ ਅੱਗੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਮਾੜੇ ਨਤੀਜੇ ਭੁਗਤਣੇ ਪੈਣਗੇ। ਜਿੰਨੀ ਤਰੱਕੀ ਬੱਚਾ ਮਾਂ ਬੋਲੀ ਵਿੱਚ ਕਰਦਾ ਹੈ ਓਨੀ ਕਿਸੇ ਹੋਰ ਭਾਸ਼ਾ ਵਿੱਚ ਨਹੀਂ ਕਰ ਸਕਦਾ। ਇਸ ਗੱਲ ਦੀ ਗਵਾਹੀ ਦੁਨੀਆਂ ਭਰ ਦੇ ਵਿਦਵਾਨ ਲੋਕ ਭਰ ਚੁੱਕੇ ਹਨ।
ਇਸ ਮੌਕੇ ਸ੍ਰੀ ਧਨੋਆ ਨੇ ਕਿਹਾ ਕਿ ਉਹਨਾਂ ਕਿਹਾ ਕਿ ਪੰਜਾਬੀ ਵਿਰਸਾ ਸਭਿਆਚਾਰਕ ਸੁਸਾਇਟੀ ਵੱਲੋਂ ਵਾਰ ਵਾਰ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਅਜੇ ਤੱਕ ਸ਼ਹਿਰ ਵਿੱਚ ਪੰਜਾਬੀ ਭਵਨ ਨਹੀਂ ਬਣ ਸਕਿਆ ਕਿਉੱਕਿ ਸਰਕਾਰਾਂ ਦੀ ਭੂਮਿਕਾ ਇਸ ਮਾਮਲੇ ਵਿੱਚ ਸਕਾਰਾਤਮਕ ਨਹੀਂ ਹੈ। ਉਹਨਾਂ ਕਿਹਾ ਕਿ ਸ਼ਹਿਰ ਵਿੱਚ ਕੇਰਲਾ ਭਵਨ ਮੌਜੂਦ ਹੈ, ਜਦੋਂਕਿ ਇੱਥੇ ਪੰਜਾਬੀ ਭਵਨ ਪਹਿਲਾਂ ਬਣਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਭ ਤੋਂ ਪਹਿਲਾਂ ਸ਼ਹਿਰ ਵਿੱਚ ਸਾਰੇ ਵਪਾਰਿਕ ਅਦਾਰਿਆਂ ਨੂੰ ਆਪਣੇ ਸਾਈਨ ਬੋਰਡ ਪੰਜਾਬੀ ਵਿੱਚ ਲਿਖਣ ਲਈ ਪ੍ਰੇਰਿਤ ਕੀਤਾ ਜਾਵੇ। ਇਸ ਲਈ ਸ਼ਹਿਰ ਵਿੱਚ ਵੱਡੀ ਮੁਹਿੰਮ ਚਲਾਈ ਜਾਵੇਗੀ। ਉਹਨਾਂ ਸ਼ਹਿਰ ਦੇ ਸਮੂਹ ਵਪਾਰਕ ਅਦਾਰਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਸਾਈਨ ਬੋਰਡ ਪੰਜਾਬੀ ਵਿੰਚ ਵੀ ਲਿਖਣ। ਇਸ ਮੁਹਿੰਮ ਦੀ ਰੂਪ ਰੇਖਾ ਅਤੇ ਅਮਲੀ ਰੂਪ ਦੇਣ ਲਈ ਸ਼੍ਰੋਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਊਂ ਨੂੰ ਕਾਰਜਭਾਰ ਦਿੱਤਾ ਗਿਆ।
ਬੁਲਾਰਿਆਂ ਨੇ ਕਿਹਾ ਕਿ ਪੰਜਾਬ ਵਿੱਚ ਸਾਰੇ ਦਫ਼ਤਰ ਭਾਵੇਂ ਕੇਂਦਰ ਸਰਕਾਰ ਦੇ ਹੋਣ, ਉਨ੍ਹਾਂ ਦਫਤਰਾਂ ਦੇ ਨਾਮ ਵੀ ਪਹਿਲਾਂ ਪੰਜਾਬੀ ਵਿੱਚ ਲਿਖੇ ਜਾਣ। ਇਸ ਮੌਕੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਪ੍ਰਾਈਵੇਟ ਸਕੂਲਾਂ ਵੱਲ ਖਾਸ ਧਿਆਨ ਦਿੱਤਾ ਜਾਵੇ ਜੋ ਕਿ ਪੰਜਾਬ ਤੋਂ ਸਹੂਲਤਾਂ ਲੈ ਕੇ ਵੱਡੇ ਵੱਡੇ ਸਕੂਲ ਬਣਾ ਕੇ ਪੰਜਾਬੀ ਮਾਂ ਬੋਲੀ ਤੋਂ ਬੱਚਿਆਂ ਨੂੰ ਦੂਰ ਕਰ ਰਹੇ ਹਨ। ਬੱਚਿਆਂ ਨੂੰ ਪੰਜਾਬੀ ਬੋਲਣ ਤੇ ਹੀ ਜੁਰਮਾਨੇ ਲਾਏ ਜਾਂਦੇ ਹਨ। ਅਜਿਹੇ ਸਕੂਲਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਕਿਉਂਕਿ ਇਨ੍ਹਾਂ ਸਕੂਲਾਂ ਵੱਲੋੱ ਪਾਏ ਜਾ ਰਹੇ ਮਾੜੇ ਪ੍ਰਭਾਵ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਭੁਗਤਣੇ ਪੈਣਗੇ ਇਸ ਲਈ ਸਮਾਂ ਰਹਿੰਦਿਆਂ ਕਾਰਵਾਈ ਕੀਤੀ ਜਾਵੇ।
ਇਸ ਮੌਕੇ ਸ਼੍ਰੋਮਣੀ ਸਾਹਿਤਕਾਰ ਸੁਰਿੰਦਰ ਸਿੰਘ ਗਿੱਲ, ਕਮਲਜੀਤ ਸਿੰਘ ਰੂਬੀ ਕੌਂਸਲਰ, ਪੰਜਾਬੀ ਸਾਹਿਤ ਸਭਾ ਵੱਲੋੱ ਡਾ: ਸਵੈਰਾਜ ਸਿੰਘ ਸੰਧੂ, ਸਰਘੀ ਕਲਾ ਕੇਂਦਰ ਤੋਂ ਸੰਜੀਵਨ ਸਿੰਘ, ਉੱਘੇ ਕਵੀ ਸ੍ਰੀ ਬਾਬੂ ਰਾਮ ਦੀਵਾਨਾ, ਅਕਾਲ ਆਸ਼ਰਮ ਸੋਹਾਣਾ ਤੋਂ ਹਰਮਿੰਦਰ ਕਾਲੜਾ ਪੰਜਾਬੀ ਸਾਹਿਤਕਾਰ, ਪੰਜਾਬੀ ਪ੍ਰੇਮੀ ਬਲਜੀਤ ਸਿੰਘ ਖਾਲਸਾ, ਮਨਮੋਹਣ ਸਿੰਘ ਲੰਗ ਸਾਬਕਾ ਕੌਂਸਲਰ, ਸੁਖਦੇਵ ਸਿੰਘ ਵਾਲੀਆ, ਕੁਲਦੀਪ ਸਿੰਘ ਭਿੰਡਰ, ਜਗਤਾਰ ਸਿੰਘ ਬਾਰੀਆ, ਸਤਨਾਮ ਸਿੰਘ ਸੈਣੀ, ਜਸਰਾਜ ਸਿੰਘ ਸੋਨੂੰ, ਸੰਨੀ ਕੰਡਾ, ਪਵਨ ਕੁਮਾਰ, ਪ੍ਰਿੰਸੀਪਲ ਸੁਖਵੰਤ ਸਿੰਘ ਬਾਠ, ਦਲਜੀਤ ਸਿੰਘ, ਸੁਖਵਿੰਦਰ ਸਿੰਘ ਪਠਾਣੀਆ, ਅਮਰ ਸਿੰਘ ਵਾਲੀਆ, ਕਰਮ ਸਿੰਘ ਮਾਵੀ, ਸੁਰਜੀਤ ਸਿੰਘ ਸੇਖੋਂ, ਰਜਿੰਦਰ ਸਿੰਘ, ਪਰਵਿੰਦਰ ਸਿੰਘ, ਇੰਦਰਪਾਲ ਸਿੰਘ ਧਨੋਆ, ਹਮਰਾਜ ਸਿੰਘ ਧਨੋਆ, ਤਲਵਿੰਦਰ ਸਿੰਘ, ਭਰਪੂਰ ਜੋਤ ਸਿੰਘ, ਸ਼ੁਭਮ, ਕੁਲਜੀਤ ਸਿੰਘ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ ਵੱਡੀ ਗਿਣਤੀ ਵਿੱਚ ਸ਼ਖ਼…