ਦੋ ਸਫ਼ਾਈ ਸੇਵਕਾਂ ਦੀ ਮੌਤ: ਕਮਿਸ਼ਨ ਦੇ ਚੇਅਰਮੈਨ ਵੱਲੋਂ ਡੀਐਸਪੀ ਰੈਂਕ ਦੇ ਅਧਿਕਾਰੀ ਤੋਂ ਜਾਂਚ ਕਰਾਉਣ ਦੀ ਹਦਾਇਤ

ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਧਾਰਾ 304ਏ ਦੀ ਥਾਂ 304 ਤਹਿਤ ਅਪਰਾਧਿਕ ਪਰਚਾ ਦਰਜ ਕਰਨ ਲਈ ਕਿਹਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਜੁਲਾਈ:
ਪੰਜਾਬ ਰਾਜ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਗੇਜਾ ਰਾਮ ਨੇ ਇੱਥੋਂ ਦੇ ਫੇਜ਼-8 ਸਥਿਤ ਪੈਟਰੋਲ ਪੰਪ ਦੇ ਨਾਲ ਬਣ ਰਹੇ ਐਲਐਚਪੀ ਗਲੇਰੀਆ ਸ਼ਾਪਿੰਗ ਮਾਲ ਨੇੜੇ ਸੜਕ ਕਿਨਾਰੇ ਬੰਦ ਪਈ ਸੀਵਰੇਜ ਪਾਈਪਲਾਈਨ ਦੀ ਸਫ਼ਾਈ ਲਈ ਗਟਰ ਵਿੱਚ ਉਤਰੇ ਸਫ਼ਾਈ ਕਰਮਚਾਰੀ ਹਰਪਾਲ ਸਿੰਘ (45) ਵਾਸੀ ਫੇਜ਼-11 ਅਤੇ ਗਗਨ ਵਾਸੀ ਬਿਹਾਰ ਦੀ ਮੌਤ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਹਾਦਸੇ ਦੀ ਡੀਐਸਪੀ ਰੈਂਕ ਦੇ ਅਧਿਕਾਰੀ ਤੋਂ ਉੱਚ ਪੱਧਰੀ ਜਾਂਚ ਕਰਵਾਉਣ ਦੀ ਹਦਾਇਤ ਕੀਤੀ ਹੈ। ਅੱਜ ਇੱਥੇ ਮੁਹਾਲੀ ਨਗਰ ਨਿਗਮ ਭਵਨ ਵਿਖੇ ਜ਼ਿਲ੍ਹਾ ਸਿਵਲ ਤੇ ਪੁਲੀਸ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਸਾਫ਼ ਲਫ਼ਜ਼ਾਂ ਵਿੱਚ ਕਿਹਾ ਕਿ ਸਫ਼ਾਈ ਕਰਮਚਾਰੀਆਂ ਦੀ ਮੌਤ ਲਈ ਜ਼ਿੰਮੇਵਾਰ ਵਿਅਕਤੀ ਕਿਸੇ ਵੀ ਸੂਰਤ ਵਿੱਚ ਬਖ਼ਸ਼ੇ ਨਹੀਂ ਜਾਣੇ ਚਾਹੀਦੇ ਹਨ। ਮੀਟਿੰਗ ਵਿੱਚ ਏਡੀਸੀ (ਵਿਕਾਸ) ਹਿਮਾਂਸ਼ੂ ਅਗਰਵਾਲ, ਨਿਗਮ ਕਮਿਸ਼ਨਰ ਡਾ. ਕਮਲ ਗਰਗ, ਡੀਐਸਪੀ ਦੀਪ ਕਮਲ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ।
ਚੇਅਰਮੈਨ ਗੇਜਾ ਰਾਮ ਨੇ ਕਿਹਾ ਕਿ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਨ ਦੀ ਲੋੜ ਹੈ ਕਿਉਂਕਿ ਮੌਜੂਦਾ ਪੜਤਾਲੀਆ ਟੀਮ ਨੇ ਕਈ ਅਹਿਮ ਪਹਿਲੂਆਂ ਉੱਤੇ ਗੌਰ ਨਹੀਂ ਕੀਤਾ ਹੈ। ਜਿਸ ਕਾਰਨ ਕਰਮਚਾਰੀਆਂ ਦੀ ਮੌਤ ਸਬੰਧੀ ਵਾਪਰੇ ਹਾਦਸੇ ਦਾ ਪੂਰਾ ਸੱਚ ਸਾਹਮਣੇ ਨਹੀਂ ਆ ਸਕਿਆ। ਉਨ੍ਹਾਂ ਕਿਹਾ ਕਿ ਸੈਂਟਰਲ ਥਾਣਾ ਫੇਜ਼-8 ਵਿੱਚ ਦਰਜ ਐਫ਼ਆਈਆਰ ਵਿੱਚ ਧਾਰਾ 304ਏ ਲਗਾਈ ਗਈ ਹੈ, ਜਦੋਂਕਿ ਇਸ ਮਾਮਲੇ ਵਿੱਚ ਧਾਰਾ 304 ਬਣਦੀ ਹੈ। ਇਸ ਤੋਂ ਇਲਾਵਾ ਮਾਮਲੇ ਵਿੱਚ ਐਸਸੀ/ਐਸਟੀ ਐਕਟ ਅਤੇ ਮੈਨੂਅਲ ਸਕੈਵੈਂਜਿੰਗ ਐਕਟ 2013 ਦੀਆਂ ਧਾਰਾਵਾਂ ਵੀ ਜੋੜੀਆਂ ਜਾਣ। ਮੀਟਿੰਗ ਦੌਰਾਨ ਇਸ ਮਾਮਲੇ ਦੀ ਪੜਤਾਲ ਕਰਨ ਵਾਲੀ ਪੁਲੀਸ ਟੀਮ ਵੀ ਮੌਜੂਦ ਸੀ।
ਮੀਟਿੰਗ ਤੋਂ ਬਾਅਦ ਚੇਅਰਮੈਨ ਗੇਜਾ ਰਾਮ ਨੇ ਦੱਸਿਆ ਕਿ ਇਸ ਮਾਮਲੇ ਦੇ ਸਾਰੇ ਪਹਿਲੂਆਂ ਨੂੰ ਜਾਂਚ ਕਰਨ ਵਾਲੀ ਟੀਮ ਨਾਲ ਵਿਚਾਰਿਆ ਗਿਆ। ਉਨ੍ਹਾਂ ਕਿਹਾ ਕਿ ਪੜਤਾਲੀਆ ਟੀਮ ਨੂੰ ਦੋਵੇਂ ਕਰਮਚਾਰੀਆਂ ਦੀ ਮੌਤਾਂ ਨੂੰ ਹਾਦਸਾ ਨਹੀਂ ਮੰਨਿਆ ਜਾਣਾ ਚਾਹੀਦਾ, ਸਗੋਂ ਇਸ ਦੀ ਉੱਚ ਪੱਧਰੀ ਜਾਂਚ-ਪੜਤਾਲ ਕਰਵਾ ਕੇ ਇਨ੍ਹਾਂ ਮੌਤਾਂ ਦੇ ਅਸਲ ਕਾਰਨ ਸਾਹਮਣੇ ਲਿਆਂਦੇ ਜਾਣ ਤਾਂ ਜੋ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਇਨਸਾਫ਼ ਮਿਲ ਸਕੇ। ਚੇਅਰਮੈਨ ਨੇ ਸਿਫ਼ਾਰਸ਼ ਕੀਤੀ ਕਿ ਸਫ਼ਾਈ ਕਰਮਚਾਰੀ/ਸੀਵਰਮੈੱਨਾਂ ਨਾਲ ਸਬੰਧਤ ਸੁਰੱਖਿਆ ਐਕਟ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ, ਜਿਸ ਤਹਿਤ ਸਫ਼ਾਈ ਸੇਵਕਾਂ ਨੂੰ ਕੰਮ ਦੌਰਾਨ ਲੋੜੀਂਦੇ ਸੁਰੱਖਿਆ ਉਪਕਰਨ ਤੇ ਹੋਰ ਸਾਜ਼ੋ-ਸਾਮਾਨ ਮੁਹੱਈਆ ਕਰਨੇ ਯਕੀਨੀ ਬਣਾਏ ਜਾਣ।

ਜ਼ਿਕਰਯੋਗ ਹੈ ਕਿ ਬੀਤੀ 19 ਜੁਲਾਈ ਨੂੰ ਹਰਪਾਲ ਸਿੰਘ ਸਰਕਾਰੀ ਵਿਭਾਗ ਵਿੱਚ ਠੇਕੇ ’ਤੇ ਸਫ਼ਾਈ ਕਰਮਚਾਰੀ ਵਜੋਂ ਕੰਮ ਕਰਦਾ ਹੈ। ਉਹ ਮਾਲ ਨੇੜੇ ਬੰਦ ਪਏ ਸੀਵਰੇਜ ਦੀ ਸਫ਼ਾਈ ਲਈ ਉੱਥੇ ਆਇਆ ਸੀ ਅਤੇ ਸੀਵਰੇਜ ਦੇ ਗਟਰ ਦਾ ਢੱਕਣ ਖੋਲ੍ਹ ਕੇ ਹੇਠਾਂ ਉਤਰ ਗਿਆ। ਪਹਿਲਾਂ ਤਾਂ ਉਸ ਵੱਲੋਂ ਸਫ਼ਾਈ ਕਰਨ ਸਮੇਂ ਆਵਾਜ਼ ਸੁਣਾਈ ਦਿੰਦੀ ਰਹੀ ਹੈ ਪ੍ਰੰਤੂ ਕੁੱਝ ਸਮੇਂ ਬਾਅਦ ਉਸਦੀ ਆਵਾਜ਼ ਆਉਣੀ ਬੰਦ ਹੋ ਗਈ। ਉੱਥੇ ਕੰਮ ਕਰਦੇ ਮਜ਼ਦੂਰਾਂ ਨੇ ਉਸ ਨੂੰ ਆਵਾਜ਼ਾਂ ਮਾਰੀਆਂ ਪਰ ਕੋਈ ਜਵਾਬ ਨਹੀਂ ਮਿਲਿਆ। ਇਸ ਦੌਰਾਨ ਮਿਸਤਰੀ ਗਗਨ ਰੱਸੀ ਲੈ ਕੇ ਮੇਨਹੋਲ ਵਿੱਚ ਉਤਰਿਆ ਅਤੇ ਉਸ ਨੇ ਹਰਪਾਲ ਨੂੰ ਰੱਸੀ ਬੰਨ ਕੇ ਉੱਪਰ ਖਿੱਚਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਇਸ ਦੌਰਾਨ ਉਸ ਦਾ ਪੈਰ ਤਿਲਕ ਗਿਆ ਅਤੇ ਉਹ ਸੀਵਰੇਜ ਵਿੱਚ ਜਾ ਡਿੱਗਿਆ ਅਤੇ ਸੀਵਰੇਜ ਵਿੱਚ ਡੁੱਬ ਜਾਣ ਕਾਰਨ ਉਸ ਦੀ ਵੀ ਮੌਤ ਹੋ ਗਈ ਸੀ।

Load More Related Articles
Load More By Nabaz-e-Punjab
Load More In Business

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…