
ਮੁਹਾਲੀ ਵਿੱਚ ਹੋਏ ਵਿਕਾਸ ਕਾਰਜਾਂ ਦੀ ਜਾਂਚ ਲਈ ਕਮਿਸ਼ਨ ਬਿਠਾਇਆ ਜਾਵੇ: ਬੱਬੀ ਬਾਦਲ
ਕਿਹਾ ਮੁਹਾਲੀ ਹਲਕਾ ਬੁਨਿਆਦੀ ਸਹੂਲਤਾਂ ਤੋਂ ਵਾਂਝਾ, ਵਿਕਾਸ ਦੇ ਦਾਅਵੇ ਬਿਲਕੁਲ ਖੋਖਲੇ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਸਤੰਬਰ:
ਪੰਜਾਬ ਦਾ ਸਭ ਤੋ ਵਿਕਸਿਤ ਸ਼ਹਿਰ ਮੰਨੇ ਜਾਂਦੇ ਮੁਹਾਲੀ ਦੇ ਵਸਨੀਕ ਅੱਜ ਵੀ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਹਨ। ਮੁਹਾਲੀ ਦਾ ਸਿਰਫ਼ ਕਾਗਜ਼ਾਂ ਵਿੱਚ ਹੀ ਵਿਕਾਸ ਹੋਇਆ ਜਾਪਦਾ ਹੈ ਕਿਉਂਕਿ ਜ਼ਮੀਨੀ ਪੱਧਰ ’ਤੇ ਵਿਕਾਸ ਕਿਧਰੇ ਨਜ਼ਰ ਨਹੀਂ ਆ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਜਰਨਲ ਸਕੱਤਰ ਤੇ ਨੌਜਵਾਨ ਆਗੂ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਜਨ ਸੰਪਰਕ ਮੁਹਿੰਮ ਤਹਿਤ ਪਿੰਡ ਬਠਲਾਣਾ ਵਿਖੇ ਲੋਕਾਂ ਦੀਆਂ ਸਮੱਸਿਆਵਾਂ ਸੁਣਦਿਆ ਆਖੇ ਉਨ੍ਹਾਂ ਕਿਹਾ ਕਿ ਹਲਕੇ ਮੁਹਾਲੀ ਦੇ ਕਈ ਥਾਵਾਂ ਤੇ ਪਾਣੀ ਦੀ ਸਪਲਾਈ ਨਿਕਾਸੀ ਤੇ ਸੜਕਾਂ ਦਾ ਬੁਰਾ ਹਾਲ ਹੈ ਦੂਜੇ ਪਾਸੇ ਮੰਤਰੀ ਸਾਹਿਬ ਹਲਕੇ ਲਈ ਕਰੋੜਾਂ ਰੁਪਏ ਦੇ ਵਿਕਾਸ ਫੰਡਾਂ ਦੀ ਗੱਲ ਕਰਦੇ ਨਹੀਂ ਥੱਕਦੇ। ਉਨ੍ਹਾਂ ਕਿਹਾ ਕਿ ਕਰੋੜਾਂ ਦੇ ਫੰਡ ਕਿੱਥੇ ਗਏ ਕਿਸ ਦੀ ਜੇਬ ਵਿੱਚ ਗਏ ਇਹ ਸਵਾਲ ਮੈਂ ਨਹੀ ਹਲਕੇ ਦੇ ਲੋਕ ਪੁੱਛ ਰਹੇ ਹਨ। ਬੱਬੀ ਬਾਦਲ ਨੇ ਕਿਹਾ ਕਿ ਵਿਕਾਸ ਫੰਡਾਂ ਨੂੰ ਸਿਆਸਤਦਾਨਾਂ, ਅਫਸਰ ਸਾਹੀ ਤੇ ਠੇਕੇਦਾਰਾਂ ਦੀ ਜੁਠਲੀ ਨੇ ਘੁਣ ਵਾਂਗ ਖਾਣ ਦਾ ਕੰਮ ਕੀਤਾਂ ਹੈ। ਉਨ੍ਹਾਂ ਦੋਸ ਲਾਇਆ ਕਿ ਹਲਕੇ ਮੁਹਾਲੀ ਦੇ ਵਿੱਚ ਵਿਕਾਸ ਕਾਰਜਾ ਦੇ ਨਾਂ ਉੱਤੇ ਲੋਕਾਂ ਦੇ ਪੈਸੇ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ।
ਸ੍ਰੀ ਬੱਬੀ ਬਾਦਲ ਨੇ ਮੰਗ ਕੀਤੀ ਕਿ ਹੁਣ ਤੱਕ ਹੋਏ ਵਿਕਾਸ ਕਾਰਜਾਂ ਦੀ ਘੋਖ ਕਰਨ ਲਈ ਕਮਿਸਨ ਬਣਾਇਆ ਜਾਵੇ ਅਤੇ ਵਿਕਾਸ ਦੇ ਨਾਮ ਤੇ ਫੰਡਾਂ ਦੀ ਹੋਈ ਦੁਰਵਰਤੋਂ ਦੀ ਜਾਂਚ ਕੀਤੀ ਜਾਵੇ। ਇਸ ਮੌਕੇ ਧਰਮ ਸਿੰਘ ਬਠਲਾਣਾਂ ਸਾਬਕਾ ਸਰਪੰਚ, ਬਲਜੀਤ ਸਿੰਘ ਜਗਤਪੁਰਾ ਪ੍ਰਧਾਨ ,ਜਗਤਾਰ ਸਿੰਘ ਸੀਨੀਅਰ ਮੀਤ ਪ੍ਰਧਾਨ, ਕਰਮਜੀਤ ਸਿੰਘ, ਮਾਲਵਿੰਦਰ ਸਿੰਘ ਮੱਲ੍ਹੀ, ਰਣਧੀਰ ਸਿੰਘ ਪ੍ਰੇਮਗੜ੍ਹ, ਗੁਰਜੰਟ ਸਿੰਘ ਗੁਡਾਣਾ, ਗੁਰਮੇਲ ਸਿੰਘ ਢੇਲਪੁਰ, ਗੋਲਡੀ, ਕੁਲਵਿੰਦਰ ਸਿੰਘ, ਕੰਵਲਜੀਤ ਸਿੰਘ ਪੱਤੋ, ਹਰਨੇਕ ਸਿੰਘ,ਗੁਰਦੇਵ ਸਿੰਘ ਆਦਿ ਹਾਜ਼ਰ ਸਨ।