
ਜ਼ੀਰਕਪੁਰ ਦੇ ਢਕੋਲੀ ਤੇ ਮੁਹਾਲੀ ਦੇ ਸ਼ਾਹੀਮਾਜਰਾ ਵਿੱਚ ਦੋ ਜਣਿਆਂ ਨੇ ਕੀਤੀ ਖ਼ੁਦਕੁਸ਼ੀ
ਵਿਕਰਮ ਜੀਤ\ਜੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਜ਼ੀਰਕਪੁਰ\ਮੁਹਾਲੀ, 13 ਜੁਲਾਈ:
ਢਕੋਲੀ ਖੇਤਰ ਵਿੱਚ ਪੈਂਦੀ ਗੁਲਮੋਹਰ ਟਰੈਂਡਸ ਸੁਸਾਇਟੀ ਵਿਖੇ ਮੰਦਹਾਲੀ ਤੋਂ ਪ੍ਰੇਸ਼ਾਨ ਇਕ 46 ਸਾਲਾ ਕਾਰੋਬਾਰੀ ਨੇ ਮੰਜ਼ਲ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਕਾਰੋਬਾਰੀ ਦੀ ਪਛਾਣ ਗੋਪਾਲ ਅਗਰਵਾਲ ਦੇ ਰੂਪ ਵਿੱਚ ਹੋਈ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਢਕੋਲੀ ਦੇ ਥਾਣਾ ਮੁਖੀ ਸਹਾਇਕ ਇੰਸਪੈਕਟਰ ਸੁਮਿਤ ਮੋਰ ਨੇ ਦੱਸਿਆ ਕਿ ਕਰੋਨਾ ਕਾਰਨ ਲਾਏ ਗਏ ਲੌਕਡਾਊਨ ਦੌਰਾਨ ਮ੍ਰਿਤਕ ਦਾ ਕਾਰੋਬਾਰ ਪੂਰੀ ਤਰ੍ਹਾਂ ਫੇਲ ਹੋ ਗਿਆ ਸੀ। ਇਸ ਕਾਰਨ ਉਹ ਵਿੱਤੀ ਤੰਗੀ ਦਾ ਸਾਹਮਣਾ ਕਰ ਰਿਹਾ ਸੀ ਜਿਸ ਕਾਰਨ ਉਹ ਲੰਘੇ ਦਿਨਾਂ ਤੋਂ ਮਾਨਸਿਕ ਤੌਰ ’ਤੇ ਕਾਫ਼ੀ ਪ੍ਰੇਸ਼ਾਨ ਰਹਿੰਦਾ ਸੀ। ਅੱਜ ਉਸਨੇ ਆਪਣੇ ਘਰ ਦੀ ਪਹਿਲੀ ਮੰਜ਼ਲ ਤੋਂ ਹੇਠਾਂ ਛਾਲ ਮਾਰ ਦਿੱਤੀ। ਗੰਭੀਰ ਹਾਲਤ ਵਿੱਚ ਉਸ ਨੂੰ ਪੰਚਕੂਲਾ ਇਕ ਨਿੱਜੀ ਹਸਪਤਾਲ ਵਿੱਚ ਲੈ ਜਾਇਆ ਗਿਆ। ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਪੁਲੀਸ ਨੇ ਮ੍ਰਿਤਕ ਦੇ ਮਾਮਾ ਭਰਤ ਭੂਸ਼ਨ ਦੇ ਬਿਆਨ ’ਤੇ ਧਾਰਾ 174 ਤਹਿਤ ਕਾਰਵਾਈ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਪੁਲੀਸ ਨੇ ਦੱਸਿਆ ਕਿ ਮ੍ਰਿਤਕ ਨਿੱਜੀ ਕਾਰੋਬਾਰ ਕਰਦਾ ਸੀ ਅਤੇ ਆਪਣੇ ਪਿੱਛੇ ਵਿਧਵਾ ਪਤਨੀ ਅਤੇ ਦੋ ਲੜਕੀਆਂ ਛੱਡ ਗਿਆ ਹੈ।
ਉਧਰ, ਇੱਥੋਂ ਦੇ ਪਿੰਡ ਸ਼ਾਹੀਮਾਜਰਾ ਵਿੱਚ ਸੋਮਵਾਰ ਨੂੰ ਦੇਰ ਸ਼ਾਮ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਸੁਖਵਿੰਦਰ ਸਿੰਘ (30) ਵਾਸੀ ਰੂਪਨਗਰ ਵਜੋਂ ਹੋਈ ਹੈ। ਉਹ ਉੱਥੇ ਪੀਜੀ ਵਿੱਚ ਰਹਿੰਦਾ ਸੀ ਅਤੇ ਫੇਜ਼-9 ਸਥਿਤ ਨਿੱਜੀ ਕੰਪਨੀ ਵਿੱਚ ਕੰਮ ਕਰਦਾ ਸੀ। ਫੇਜ਼-1 ਥਾਣਾ ਦੇ ਐਸਐਚਓ ਇੰਸਪੈਕਟਰ ਮਨਫੂਲ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਸਰਕਾਰੀ ਹਸਪਤਾਲ ਵਿੱਚ ਭੇਜ ਦਿੱਤਾ ਹੈ। ਭਲਕੇ ਮੰਗਲਵਾਰ ਨੂੰ ਪੋਸਟ ਮਾਰਟਮ ਕੀਤਾ ਜਾਵੇਗਾ। ਪੁਲੀਸ ਨੇ ਮ੍ਰਿਤਕ ਨੌਜਵਾਨ ਦੇ ਮਾਪਿਆਂ ਨੂੰ ਇਤਲਾਹ ਭੇਜ ਦਿੱਤੀ ਹੈ।