nabaz-e-punjab.com

‘ਮੇਰਾ ਪਿੰਡ ਮੇਰੀ ਸ਼ਾਨ’ ਮੁਹਿੰਮ ਦੀ ਸਫਲਤਾ ਲਈ ਆਮ ਲੋਕਾਂ ਦਾ ਯੋਗਦਾਨ ਜ਼ਰੂਰੀ: ਡੀਸੀ

ਡਿਪਟੀ ਕਮਿਸ਼ਨਰ ਵੱਲੋਂ ਮੁਹਿੰਮ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਅਗਸਤ:
ਪੰਜਾਬ ਸਰਕਾਰ ਵੱਲੋਂ ਸੂਬੇ ਦੇ ਪਿੰਡਾਂ ਨੂੰ ਸਾਫ਼-ਸੁਥਰਾ ਬਣਾਉਣ ਦੇ ਮਕਸਦ ਨਾਲ ਸਵੱਛ ਸਰਵੇਖਣ ਗ੍ਰਾਮੀਣ-2018 ਤਹਿਤ ‘ਮੇਰਾ ਪਿੰਡ ਮੇਰੀ ਸ਼ਾਨ’ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਤਹਿਤ ਭਾਰਤ ਸਰਕਾਰ ਦੀਆਂ ਟੀਮਾਂ ਅਤੇ ਡਿਪਟੀ ਕਮਿਸ਼ਨਰਾਂ ਦੀਆਂ ਅਗਵਾਈ ਵਾਲੀਆਂ ਕਮੇਟੀਆਂ ਵੱਲੋਂ ਪਿੰਡਾਂ ਦਾ ਸਰਵੇਖਣ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਲੋਕਾਂ ਵੱਲੋਂ ਦਿੱਤੀ ਜਾਣ ਵਾਲੀ ਪ੍ਰਤੀਕਿਰਿਆ ਵੀ ਸਰਬੋਤਮ ਪਿੰਡਾਂ ਅਤੇ ਅਦਾਰਿਆਂ ਦੀ ਚੋਣ ਵਿੱਚ ਅਹਿਮ ਭੂਮਿਕਾ ਨਿਭਾਏਗੀ। ਸਵੱਛ ਸਰਵੇਖਣ ਗ੍ਰਾਮੀਣ-2018 ਸਬੰਧੀ ਤਿਆਰ ਕੀਤੀ ਐਪ ‘ਐਸਐਸਜੀ-18’ ਤੇ ਪ੍ਰਾਪਤ ਹੋਣ ਵਾਲੀ ਪ੍ਰਤੀਕਿਰਿਆ ਮੁਲਾਂਕਣ ਦਾ ਅਹਿਮ ਹਿੱਸਾ ਹੈ। ਇਸ ਲਈ ਵੱਧ ਤੋਂ ਵੱਧ ਲੋਕਾਂ ਨੂੰ ਇਸ ਐਪ ਬਾਰੇ ਜਾਗਰੂਕ ਕਰਨਾ ਜ਼ਰੂਰੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ‘ਮੇਰਾ ਪਿੰਡ ਮੇਰੀ ਸ਼ਾਨ’ ਮੁਹਿੰਮ ਸਬੰਧੀ ਜ਼ਿਲ੍ਹੇ ਦੇ ਵੱਖ-ਵੱਖ ਅਧਿਕਾਰੀਆਂ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਕਰਦਿਆਂ ਕੀਤਾ।
ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਕਿ ਇਸ ਐਪ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਧ ਤੋਂ ਵੱਧ ਉਪਰਾਲੇ ਕੀਤੇ ਜਾਣ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਮੁਹਿੰਮ ਦੀ ਸਫਲਤਾ ਵਿੱਚ ਯੋਗਦਾਨ ਪਾ ਸਕਣ। ਉਨ੍ਹਾਂ ਨੇ ਸਿੱਖਿਆ ਵਿਭਾਗ ਅਤੇ ਸਿੱਖਿਆ ਨਾਲ ਸਬੰਧਤ ਵੱਖ-ਵੱਖ ਅਦਾਰਿਆਂ ਦੇ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਕਿ ਵਿਦਿਆਰਥੀਆਂ ਦੀਆਂ ਟੀਮਾਂ ਬਣਾ ਕੇ ਇਸ ਮੁਹਿੰਮ ਅਤੇ ਐਪ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਇਸ ਐਪ ਨੂੰ ਪਲੇਅ ਸਟੋਰ ਵਿੱਚੋਂ ਡਾਉਨਲੋਡ ਕਰਕੇ ਵਰਤਣਾ ਬਹੁਤ ਹੀ ਸਰਲ ਹੈ। ਪ੍ਰਚਾਰ ਵਿੱਚ ਯੋਗਦਾਨ ਪਾਉਣ ਵਾਲੇ ਵਿਦਿਆਰਥੀਆਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਲਾਘਾ ਪੱਤਰ ਦਿੱਤੇ ਜਾਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਿਸ਼ਨ ਸਵੱਛ ਅਤੇ ਤੰਦਰੁਸਤ ਪੰਜਾਬ ਤਹਿਤ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਸਮੇਤ ਹੋਰਨਾਂ ਵਿਭਾਗਾਂ ਵੱਲੋਂ ‘ਮੇਰਾ ਪਿੰਡ ਮੇਰੀ ਸ਼ਾਨ’ ਮੁਹਿੰਮ ਅਧੀਨ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਗਤੀਵਿਧੀਆਂ ਵਿਚ ਪਿੰਡਾਂ ਦੀਆਂ ਗਲੀਆਂ ਨਾਲੀਆਂ ਦੀ ਸਾਫ਼ ਸਫਾਈ, ਕਿਸੇ ਵੀ ਜਨਤਕ ਥਾਂ ਤੇ ਗੰਦਾ ਪਾਣੀ ਖੜ੍ਹਾ ਨਾ ਹੋਣ ਦੇਣਾ, ਖੁੱਲ੍ਹੇ ਵਿੱਚ ਸ਼ੋਚ ਦੀ ਪ੍ਰਥਾ ਬੰਦ ਕਰਨੀ, ਸੋਕੇਜ ਪਿੱਟ ਦੀ ਉਸਾਰੀ, ਘਰ ਵਿਚਲੀ ਠੋਸ ਰਹਿੰਦ ਖੂੰਹਦ ਨੂੰ ਵੱਖ ਵੱਖ ਕਰਨਾ, ਖੱੁਲ੍ਹੇ ਵਿਚ ਸ਼ੋਚ ਕਰਨ ਅਤੇ ਕੂੜਾ ਕਰਕਟ ਸੁੱਟਣ ਦਾ ਰੁਝਾਨ ਖਤਮ ਕਰਨ ਲਈ ਸਵੇਰ ਸਮੇਂ ਨਿਗਰਾਨੀ ਕਰਨੀ, ਪਾਣੀ ਦੀ ਬਰਬਾਦੀ ਰੋਕਣ ਲਈ ਸਵੇਰ ਸਮੇਂ ਨਿਗਰਾਨੀ ਕਰਨੀ, 24 ਘੰਟੇ ਤੇ 7 ਦਿਨ ਜਾਂ 10 ਘੰਟੇ ਪਾਣੀ ਦੀ ਸਪਲਾਈ ਸਥਾਪਤ ਕਰਨੀ, ਪੀਣ ਵਾਲੇ ਪਾਣੀ ਦੀ ਸਹੀ ਤਰੀਕੇ ਨਾਲ ਸੰਭਾਲ ਅਤੇ ਸਟੋਰੇਜ ਅਤੇ ਜਲ ਸਪਲਾਈ ਸਕੀਮਾਂ ਦੀ ਵਿੱਤੀ ਸਥਿਤੀ ਵਿਚ ਸਥਿਰਤਾ ਲਿਆਉਣਾ ਆਦਿ ਸ਼ਾਮਿਲ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿਚਲੇ ਸਭ ਤੋਂ ਸਾਫ ਸੁਥਰੇ ਪਿੰਡ ਨੂੰ 2 ਲੱਖ ਰੁਪਏ, ਜ਼ਿਲ੍ਹੇ ਵਿਚਲੇ ਸਭ ਤੋਂ ਸਾਫ ਸੁਥਰੇ ਪੇਂਡੂ ਸਿਹਤ ਕੇਂਦਰ ਨੂੰ ਇੱਕ ਲੱਖ ਰੁਪਏ, ਸਭ ਤੋਂ ਸਾਫ਼ ਸੁਥਰੀ ਪੇਂਡੂ ਆਂਗਨਵਾੜੀ ਨੂੰ 50 ਹਜ਼ਾਰ ਰੁਪਏ, ਸਭ ਤੋਂ ਸਾਫ ਸੁਥਰੇ ਪੇਂਡੂ ਸੀਨੀਅਰ ਸੈਕੰਡਰੀ ਸਕੂਲ ਨੂੰ ਇੱਕ ਲੱਖ ਰੁਪਏ, ਸਭ ਤੋਂ ਸਾਫ਼ ਸੁਥਰੇ ਪੇਂਡੂ ਪ੍ਰਾਇਮਰੀ/ਮਿਡਲ ਸਕੂਲ ਨੂੰ 50 ਹਜ਼ਾਰ ਰੁਪਏ, ਬਲਾਕ ਪੱਧਰ ਦੀ ਸਭ ਤੋਂ ਵਧੀਆ ਓਡੀਐਫ ਨਿਗਰਾਨ ਕਮੇਟੀ/ਗਰੁੱਪ ਨੂੰ 25 ਹਜ਼ਾਰ ਰੁਪਏ ਅਤੇ ਜ਼ਿਲ੍ਹਾ ਪੱਧਰ ਦੀ ਸਭ ਤੋਂ ਵਧੀਆ ਓ.ਡੀ.ਐਫ. ਨਿਗਰਾਨ ਕਮੇਟੀ/ਗਰੁੱਪ ਨੂੰ 1 ਲੱਖ ਰੁਪਏ ਇਨਾਮ ਵਜੋਂ ਦਿੱਤੇ ਜਾਣਗੇ। ਵਾਲੰਟੀਅਰਜ਼ ਅਤੇ ਸਵੱਛਤਾ ਚੈਂਪੀਅਨਜ਼ ਸਬੰਧੀ ਹੋਰਨਾਂ ਇਨਾਮਾਂ ਬਾਰੇ ਜਾਣਕਾਰੀ www.pbdwss.gov.in ਤੋਂ ਹਾਸਲ ਕੀਤੀ ਜਾ ਸਕਦੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਡਰਿੰਕਿੰਗ ਵਾਟਰ ਅਤੇ ਸੈਨੀਟੇਸ਼ਨ ਮੰਤਰਾਲੇ ਵਲੋਂ ਰੂਰਲ ਸੈਨੀਟੇਸ਼ਨ ਦੇ ਅਧਾਰ ’ਤੇ ਪੂਰੇ ਭਾਰਤ ਵਿਚ ਜ਼ਿਲ੍ਹਿਆਂ ਦੀ ਰੈਕਿੰਗ ਨੂੰ ਵਧੀਆ ਬਣਾਉਣ ਲਈ ਸਵੱਛ ਸਰਵੇਖਣ ਗ੍ਰਾਮੀਣ 2018 ਲਾਂਚ ਕੀਤਾ ਗਿਆ ਹੈ। ਇਹ ਰੈਕਿੰਗ ਨਾਗਰਿਕਾਂ ਦੀਆਂ ਇਸ ਅਭਿਆਨ ਪ੍ਰਤੀ ਧਾਰਨਾਵਾਂ ਅਤੇ ਸੁਝਾਵਾਂ, ਵੱਖ-ਵੱਖ ਅਦਾਰਿਆਂ ਦੇ ਸਰਵੇਖਣਾਂ ਦੇ ਨਾਲ ਨਾਲ ਅੰਕੜਿਆਂ ਅਤੇ ਗੁਣਵੱਤਾ ਦੇ ਅਧਾਰ ’ਤੇ ਹੋਵੇਗੀ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…