
ਕਮਿਊਨਟੀ ਸੈਂਟਰ ਨੂੰ ਢਾਹ ਕੇ ਮੈਰਿਜ ਪੈਲੇਸ ਨੁਮਾ ਬਣਾਇਆ ਜਾਵੇਗਾ: ਕੁਲਜੀਤ ਬੇਦੀ
3 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਕਮਿਊਨਿਟੀ ਸੈਂਟਰ ਦਾ ਸਿੱਧੂ ਰੱਖਣਗੇ ਨੀਂਹ ਪੱਥਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਜੂਨ:
ਮੁਹਾਲੀ ਦੇ ਸਾਬਕਾ ਕੌਂਸਲਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਹੈ ਕਿ ਮੁਹਾਲੀ ਦੇ ਫੇਜ਼-3ਬੀ1 ਦੇ ਕਮਿਊਨਟੀ ਸੈਂਟਰ ਨੂੰ ਢਾਹ ਕੇ ਮੁੜ ਬਣਾਉਣ ਦਾ ਰਾਹ ਸਾਫ਼ ਹੋ ਗਿਆ ਹੈ। ਉਨ੍ਹਾਂ ਇਸ ਵਾਸਤੇ ਵਿਸ਼ੇਸ਼ ਤੌਰ ’ਤੇ ਸਿਹਤ ਮੰਤਰੀ ਅਤੇ ਮੁਹਾਲੀ ਹਲਕੇ ਦੇ ਵਿਧਾਇਕ ਬਲਬੀਰ ਸਿੰਘ ਸਿੱਧੂ ਦਾ ਧੰਨਵਾਦ ਕੀਤਾ ਹੈ। ਜਿਨ੍ਹਾਂ ਨੇ ਨਿੱਜੀ ਦਿਲਚਸਪੀ ਲੈ ਕੇ ਇਹ ਕੰਮ ਸੰਭਵ ਕਰਵਾਇਆ ਹੈ. ਉਨ੍ਹਾਂ ਕਿਹਾ ਕਿ ਇਹ ਕਮਿਊਨਟੀ ਸੈਂਟਰ ਮਿੰਨੀ ਮੈਰਿਜ ਪੈਲੇਸ ਵਰਗਾ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਹੋਵੇਗਾ ਅਤੇ ਮੌਜੂਦਾ ਖਸਤਾ ਹਾਲਤ ਕਮਿਊਨਿਟੀ ਸੈਂਟਰ ਦੀ ਇਮਾਰਤ ਨੂੰ ਢਾਹ ਕੇ ਮੁੜ ਉਸਾਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਕਮਿਊਨਟੀ ਸੈਂਟਰ ਦਾ ਨੀਂਹ ਪੱਥਰ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਰੱਖਣਗੇ. ਇਸ ਮੌਕੇ ਉਨ੍ਹਾਂ ਨਾਲ ਇਲਾਕੇ ਦੇ ਇਕ ਹੋਰ ਸਾਬਕਾ ਐਮ.ਸੀ. ਤਰਨਜੀਤ ਕੌਰ ਗਿੱਲ ਵੀ ਹਾਜ਼ਰ ਸਨ।
ਬੇਦੀ ਨੇ ਪਾਇਆ ਸੀ ਕਮਿਊਨਟੀ ਸੈਂਟਰ ਖਾਲੀ ਕਰਵਾਉਣ ਲਈ ਅਦਾਲਤ ਵਿੱਚ ਕੇਸ:
ਸ਼ਹਿਰ ਦੇ ਲੋਕ ਮਸਲਿਆਂ ਨੂੰ ਮੀਡੀਆ ਰਾਹੀਂ ਉਭਾਰ ਕੇ ਅਤੇ ਅਦਾਲਤਾਂ ਰਾਹੀਂ ਹੱਲ ਕਰਵਾਉਣ ਲਈ ਯਤਨਸ਼ੀਲ ਪ੍ਰਸਿੱਧ ਸਮਾਜ ਸੇਵੀ ਕੁਲਜੀਤ ਸਿੰਘ ਬੇਦੀ ਨੇ ਕੁਝ ਸਾਲ ਪਹਿਲਾਂ ਮੋਹਾਲੀ ਦੇ ਸਾਰੇ ਕਮਿਊਟੀ ਸੈਂਟਰਾਂ ਨੂੰ ਅਦਾਲਤ ਵਿਚ ਕੇਸ ਦਾਇਰ ਕਰਕੇ ਖਾਲੀ ਕਰਵਾਇਆ. ਸੀ. ਮੋਹਾਲੀ ਦੇ ਇਕ ਅੱਧੇ ਕਮਿਊਟੀ ਸੈਂਟਰ ਨੂੰ ਛੱਡ ਕੇ (ਉਦੋਂ ਗਮਾਡਾ ਅਧੀਨ) ਬਾਕੀ ਦੇ ਕਮਿਊਨਟੀ ਸੈਂਟਰ ਪੁਲਿਸ ਨੂੰ ਦਿੱਤੇ ਹੋਏ ਸਨ ਅਤੇ ਫੇਜ਼-3ਬੀ1 ਦੇ ਇਸ ਕਮਿਊਨਟੀ ਸੈਂਟਰ ਵਿਚ ਜਿਲ੍ਹਾ ਅਦਾਲਤ ਸੀ। ਬਾਕੀ ਸਾਰੇ ਕਮਿਊਨਟੀ ਸੈਂਟਰ ਤਾਂ ਅਦਾਲਤ ਵਿਚ ਦਾਇਰ ਕੇਸ ਦੇ ਫੈਸਲੇ ਨਾਲ ਖਾਲੀ ਹੋ ਗਏ ਸਨ ਪਰ ਕਿਉਂਕਿ ਮੋਹਾਲੀ ਵਿਚ ਗਮਾਡਾ ਨੇ ਅਦਾਲਤ ਵਾਸਤੇ ਕੋਈ ਥਾਂ ਤਿਆਰ ਹੀ ਨਹੀਂ ਸੀ ਕੀਤੀ, ਇਸ ਵਾਸਤੇ ਇਹ ਕਮਿਊਨਟੀ ਸੈਂਟਰ ਖਾਲੀ ਨਾ ਹੋ ਸਕਿਆ। ਬਾਅਦ ਵਿਚ ਗਮਾਡਾ ਨੇ ਇਹ ਸਾਰੇ ਕਮਿਊਨਟੀ ਸੈਂਟਰ ਮੁਹਾਲੀ ਨਗਰ ਨਿਗਮ ਦੇ ਹਵਾਲੇ ਕਰ ਦਿੱਤੇ. ਉਪਰੰਤ ਭਾਵੇਂ ਕਮਿਊਨਟੀ ਸੈਂਟਰ ਵਿੱਚ ਚਲਦੀ ਅਦਾਲਤ ਜਿਲ੍ਹਾ ਪ੍ਰਸ਼ਾਸਨਿਕ ਕੰਪਲੈਕਸ ਦੇ ਨਾਲ ਬਣੇ ਅਦਾਲਤੀ ਕੰਪਲੈਕਸ ਵਿਚ ਸ਼ਿਫ਼ਟ ਹੋ ਗਈ ਅਤੇ ਇਹ ਕਮਿਊਨਟੀ ਸੈਂਟਰ ਖਾਲੀ ਵੀ ਹੋ ਗਿਆ ਪਰ ਇਹ ਇਸੇ ਤਰ੍ਹਾਂ ਅਣਗੌਲਿਆ ਪਿਆ ਰਿਹਾ।
ਹੁਣ ਬਣੇਗਾ ਨਵਾਂ ਕਮਿਊਨਟੀ ਸੈਂਟਰ:
ਸਾਬਕਾ ਕੌਂਸਲਰ ਬੇਦੀ ਨੇ ਦੱਸਿਆ ਕਿ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਪਹਿਲਕਦਮੀ ਸਦਕਾ ਇਸ ਲੰਬੇ ਸਮੇਂ ਤੋਂ ਲਟਕਦੇ ਆ ਰਹੇ ਕਮਿਊਨਿਟੀ ਸੈਂਟਰ ਦਾ ਮਸਲਾ ਹੱਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਸ ਕਮਿਊਨਿਟੀ ਸੈਂਟਰ ਲਈ ਤਿੰਨ ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਹੋ ਗਈ ਹੈ ਅਤੇ ਨਗਰ ਨਿਗਮ ਮੁਹਾਲੀ ਦੇ ਕਮਿਸ਼ਨਰ ਨੇ ਇਸ ਸਬੰਧੀ ਮਤਾ ਵੀ ਪਾਸ ਕਰ ਦਿੱਤਾ ਹੈ। ਸ੍ਰੀ ਬੇਦੀ ਨੇ ਦੱਸਿਆ ਕਿ ਨਿਗਮ ਦੇ ਹਾਊਸ ਦੀ ਮੀਟਿੰਗ ਵਿੱਚ ਉਹ ਆਪਣੇ ਸਾਥੀ ਕੌਂਸਲਰ ਬੀਬੀ ਤਰਨਜੀਤ ਕੌਰ ਗਿੱਲ ਨਾਲ ਮਿਲ ਕੇ ਇਹ ਮੁੱਦਾ ਕਈ ਵਾਰ ਚੁੱਕਦੇ ਰਹੇ ਹਨ ਜਿਸ ਦੌਰਾਨ ਹਾਊਸ ਮੀਟਿੰਗ ਵਿੱਚ ਸਿਰਫ਼ ਤਾੜੀਆਂ ਮਾਰ ਕੇ ਐਲਾਨ ਕੀਤੇ ਜਾਂਦੇ ਰਹੇ ਪ੍ਰੰਤੂ ਹਕੀਕਤ ਵਿੱਚ ਇਸ ਕਮਿਊਨਿਟੀ ਸੈਂਟਰ ਦਾ ਕੰਮ ਸ਼ੁਰੂ ਹੀ ਨਹੀਂ ਕੀਤਾ ਗਿਆ। ਹੋਰ ਤਾਂ ਹੋਰ ਇਸ ਬਾਰੇ ਨਿਗਮ ਵੱਲੋਂ ਕਦੇ ਬਜਟ ਵੀ ਨਹੀਂ ਰੱਖਿਆ ਗਿਆ। ਉਨ੍ਹਾਂ ਦੱਸਿਆ ਕਿ ਹੁਣ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਸਰਕਾਰ ਕੋਲੋਂ ਮਨਜ਼ੂਰ ਕਰਵਾਏ ਤਿੰਨ ਕਰੋੜ ਰੁਪਏ ਦੀ ਲਾਗਤ ਨਾਲ ਇਸ ਕਮਿਊਨਿਟੀ ਸੈਂਟਰ ਦੀ ਸੂਰਤ ਬਦਲ ਜਾਵੇਗੀ ਜਿਸ ਵਿੱਚ ਇੱਕ ਵੱਡਾ ਏਅਰਕੰਡੀਸ਼ਨਰ ਹਾਲ ਹੋਵੇਗਾ ਅਤੇ ਬਿਲਕੁਲ ਇਸ ਵਿਚ ਸਾਰੀਆਂ ਨਵੀਨਤਮ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।