
13 ਕਰੋੜ ਦੀ ਲਾਗਤ ਨਾਲ ਬਣਿਆ ਕਮਿਊਨਿਟੀ ਹੈਲਥ ਸੈਂਟਰ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਤੋਂ ਅਸਮਰੱਥ
ਚਾਰ ਮਹੀਨੇ ਪਹਿਲਾਂ ਉਦਘਾਟਨ ਕੀਤੇ ਸਿਹਤ ਕੇਂਦਰ ਦਾ 80 ਫੀਸਦੀ ਕੰਮ ਹਾਲੇ ਵੀ ਅਧੂਰਾ: ਭਾਜਪਾ ਆਗੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਅਪਰੈਲ:
ਸ਼ਹਿਰ ਦੇ ਮੱਧ ਵਿਚ ਸਥਿਤ ਫੇਜ਼ 3ਬੀ1 ਦੇ ਕਮਿਊਨਿਟੀ ਹੈਲਥ ਸੈਂਟਰ ਦਾ ਉਦਘਾਟਨ ਕਰੀਬ 4 ਮਹੀਨੇ ਪਹਿਲਾਂ ਕਾਂਗਰਸ ਸਰਕਾਰ ਵੇਲੇ ਹੋਇਆ ਸੀ। ਪਰ ਚੋਣਾਂ ਕਾਰਨ ਸੁਰਖੀਆਂ ਬਟੋਰਨ ਲਈ ਹੀ ਇਸ ਦਾ ਉਦਘਾਟਨ ਕੀਤਾ ਗਿਆ, ਜਦੋਂਕਿ ਜ਼ਮੀਨੀ ਪੱਧਰ ‘ਤੇ ਦੇਖਿਆ ਜਾਵੇ ਤਾਂ ਇਸ ਕਮਿਊਨਿਟੀ ਹੈਲਥ ਸੈਂਟਰ ਦਾ 80 ਫੀਸਦੀ ਕੰਮ ਅਜੇ ਪੂਰਾ ਹੋਣਾ ਬਾਕੀ ਹੈ। ਇਹ ਗੱਲ ਭਾਜਪਾ ਦੇ ਸੂਬਾ ਕਾਰਜਕਾਰਨੀ ਮੈਂਬਰ ਸੰਜੀਵ ਵਸ਼ਿਸ਼ਟ ਨੇ ਸ਼ੁੱਕਰਵਾਰ ਨੂੰ ਫੇਜ਼-3ਬੀ1 ਦੇ ਕਮਿਊਨਿਟੀ ਹੈਲਥ ਸੈਂਟਰ ਦਾ ਦੌਰਾ ਕਰਨ ਮੌਕੇ ਕਹੀ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਇਸ ਸਿਹਤ ਕੇਂਦਰ ਦਾ ਜਾਇਜ਼ਾ ਲਿਆ ਤਾਂ ਪਤਾ ਲੱਗਾ ਕਿ ਇਕ ਇਮਾਰਤ ਪੂਰੀ ਤਰ੍ਹਾਂ ਉਸਾਰੀ ਅਧੀਨ ਹੈ, ਜਦਕਿ ਜਿਸ ਇਮਾਰਤ ‘ਚ ਡਾਕਟਰਾਂ ਦੀ ਟੀਮ ਰੱਖੀ ਗਈ ਹੈ, ਉੱਥੇ ਡਾਕਟਰਾਂ ਦੇ ਬੈਠਣ ਲਈ ਕੁਝ ਜਗ੍ਹਾ ਹੀ ਬਚੀ ਹੈ। ਬਾਕੀ ਇਲਾਕੇ ਵਿੱਚ ਮਰੀਜ਼ਾਂ ਲਈ ਕੋਈ ਸਹੂਲਤ ਨਹੀਂ ਹੈ।
ਸੰਜੀਵ ਵਸ਼ਿਸ਼ਟ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਸਮੇਂ ਸਾਬਕਾ ਡਿਪਟੀ ਸੀਐਮ ਓਪੀ ਸੋਨੀ ਅਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਾਹਲੀ ਵਿੱਚ ਇਸ ਕਮਿਊਨਿਟੀ ਹੈਲਥ ਸੈਂਟਰ ਦਾ ਉਦਘਾਟਨ ਸਿਰਫ਼ ਚੋਣ ਸਟੰਟ ਕਰਨ ਲਈ ਕੀਤਾ ਸੀ। ਉਨ੍ਹਾਂ ਦੱਸਿਆ ਕਿ ਇਸ ਕਮਿਊਨਿਟੀ ਹੈਲਥ ਸੈਂਟਰ ਵਿੱਚ ਮਰੀਜ਼ਾਂ ਦੀ ਸਹੂਲਤ ਲਈ ਐਕਸਰੇ ਅਤੇ ਅਲਟਰਾਸਾਊਂਡ ਰੂਮ ਤਾਂ ਤਿਆਰ ਕਰ ਦਿੱਤੇ ਗਏ ਹਨ, ਪਰ ਇਸ ਦੀਆਂ ਮਸ਼ੀਨਾਂ ਅਜੇ ਤੱਕ ਉੱਥੇ ਨਹੀਂ ਲਗਾਈਆਂ ਗਈਆਂ ਅਤੇ ਉਥੇ ਸਿਰਫ਼ ਤਾਰਾ ਹੀ ਲਟਕੀਆ ਹਨ। ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਤਰਫ਼ੋਂ ਚੋਣ ਮੁਹਿੰਮ ਦੌਰਾਨ ਭਰਵੀਂ ਤਾਰੀਫ਼ ਕੀਤੀ ਗਈ ਸੀ, ਉੱਥੇ ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਮੁਹਾਲੀ ਨੂੰ ਮੈਡੀਕਲ ਹੱਬ ਵਜੋਂ ਵਿਕਸਤ ਅਤੇ ਮੁਹਾਲੀ ਸ਼ਹਿਰ ਦੇ ਮੱਧ ਵਿੱਚ ਵੱਡੇ ਹਸਪਤਾਲ ਬਣਾਉਣ ਦਾ ਦਾਅਵਾ ਕੀਤਾ ਗਿਆ ਸੀ। ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਬਿਆਨ ਕਰਦੀ ਹੈ। ਸਿੱਧੂ ਵੱਲੋਂ ਜੋ ਵੀ ਦਾਅਵੇ ਕੀਤੇ ਜਾ ਰਹੇ ਸਨ, ਉਹ ਸਿਰਫ਼ ਚੋਣ ਡਰਾਮੇ ਹੀ ਜਾਪਦੇ ਹਨ।
ਸ੍ਰੀ ਵਸਿਸ਼ਟ ਨੇ ਕਿਹਾ ਕਿ ਬਲਬੀਰ ਸਿੰਘ ਸਿੱਧੂ ਖ਼ੁਦ ਪੰਜਾਬ ਦੇ ਸਿਹਤ ਮੰਤਰੀ ਹੁੰਦਿਆਂ ਆਪਣੇ ਸ਼ਹਿਰ ਮੁਹਾਲੀ ਨੂੰ ਮੈਡੀਕਲ ਸਹੂਲਤਾਂ ਨਹੀਂ ਦੇ ਸਕੇ। ਇਸ ਤੋਂ ਇਲਾਵਾ ਪੰਜਾਬ ਵਿਚ ਸਮੁੱਚੀ ਕਾਂਗਰਸ ਸਰਕਾਰ ਫੇਲ੍ਹ ਹੋ ਗਈ, ਜਿਸ ਕਾਰਨ ਆਖਰ ਲੋਕਾਂ ਨੇ ਉਸ ਨੂੰ ਸੱਤਾ ਤੋਂ ਲਾਂਭੇ ਕਰਕੇ ਘਰ ਬੈਠਣ ਲਈ ਮਜਬੂਰ ਕਰ ਦਿੱਤਾ। ਉਨ੍ਹਾਂ ਮੌਜੂਦਾ ਸਰਕਾਰ ਤੋਂ ਲੋਕਾਂ ਨੂੰ ਬਿਹਤਰ ਸਹੂਲਤਾਂ ਦੇਣ ਦੀ ਮੰਗ ਕੀਤੀ। ਸ੍ਰੀ ਵਸ਼ਿਸ਼ਟ ਨੇ ਆਮ ਆਦਮੀ ਪਾਰਟੀ ਦੇ ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਤੋਂ ਮੰਗ ਕੀਤੀ ਕਿ ਕਾਂਗਰਸ ਦੀ ਸਰਕਾਰ ਸਮੇਂ ਜੋ ਕੁਝ ਹੋਇਆ ਉਹ ਹੋਇਆ ਪਰ ਹੁਣ ਉਹ ਇਨ੍ਹਾਂ ਸਾਰੇ ਮੁੱਦਿਆਂ ਨੂੰ ਗੰਭੀਰਤਾ ਨਾਲ ਲੈਣ ਅਤੇ ਆਪਣੀ ਆਮ ਆਦਮੀ ਪਾਰਟੀ ਦੀ ਸਰਕਾਰ ਨਾਲ ਤਾਲਮੇਲ ਕਰਕੇ ਸ਼ਹਿਰ ਦੇ ਲੋਕਾਂ ਨੂੰ ਵਧੀਆ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ। ਤਾਂ ਜੋ ਸ਼ਹਿਰ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਲਈ ਇਧਰ-ਉਧਰ ਭਟਕਣਾ ਨਾ ਪਵੇ।
ਭਾਜਪਾ ਆਗੂ ਨੇ ਕਿਹਾ ਕਿ ਜਿਸ ਤਰ੍ਹਾਂ ਕਮਿਊਨਿਟੀ ਹੈਲਥ ਸੈਂਟਰ ਦੀ ਇਮਾਰਤ ਨੂੰ ਅੱਧ ਵਿਚਕਾਰ ਹੀ ਛੱਡ ਦਿੱਤਾ ਗਿਆ ਹੈ, ਅਜਿਹਾ ਨਾ ਹੋਵੇ ਕਿ ਇਸ ਪ੍ਰਾਜੈਕਟ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਇੱਥੋਂ ਅੱਧੇ ਤੋਂ ਵੱਧ ਸਾਮਾਨ ਚੋਰੀ ਹੋ ਜਾਵੇ ਅਤੇ 13 ਕਰੋੜ ਰੁਪਏ ਦਾ ਇਹ ਪ੍ਰਾਜੈਕਟ ਸਿਰਫ਼ 3 ਕਰੋੜ ਦਾ ਹੀ ਰਹਿ ਜਾਵੇ। ਆਮ ਆਦਮੀ ਪਾਰਟੀ ਸਿਹਤ ਸਹੂਲਤਾਂ ਦੇ 3 ਦਿੱਲੀ ਮਾਡਲ ਨੂੰ ਅੱਗੇ ਤੋਰਦਿਆਂ ਪੰਜਾਬ ਵਿੱਚ ਸਰਕਾਰ ਬਣਾਉਣ ਦੇ ਦਾਅਵੇ ਕਰਦੀ ਰਹੀ ਹੈ ਅਤੇ ਹੁਣ ਸਰਕਾਰ ਬਣਨ ਤੋਂ ਬਾਅਦ ਆਮ ਆਦਮੀ ਪਾਰਟੀ ਪੰਜਾਬ ਵਿੱਚ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰੇ।
ਪਹਿਲੇ ਦਿਨ ਤੋਂ ਹਰ ਗਾਰੰਟੀ ਨੂੰ ਪੂਰਾ ਕਰਨ ਦਾ ਦਾਅਵਾ ਕੀਤਾ ਗਿਆ ਸੀ। ਜਦੋਂ ਸੰਜੀਵ ਵਸ਼ਿਸ਼ਟ ਨੂੰ ਪੁੱਛਿਆ ਗਿਆ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਦੋ ਮਹੀਨੇ ਹੀ ਹੋਏ ਹਨ, ਕੀ ਉਨ੍ਹਾਂ ਨੂੰ ਥੋੜ੍ਹਾ ਸਮਾਂ ਨਹੀਂ ਦੇਣਾ ਚਾਹੀਦਾ। ਇਸ ’ਤੇ ਪ੍ਰਤੀਕਰਮ ਦਿੰਦਿਆਂ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਹਿਲੇ ਦਿਨ ਤੋਂ ਹੀ ਪੰਜਾਬ ਵਿੱਚ ਚੋਣ ਪ੍ਰਚਾਰ ਦੌਰਾਨ ਦਾਅਵਾ ਕਰ ਰਹੇ ਹਨ ਕਿ ਉਹ ਜੋ ਵੀ ਗਾਰੰਟੀ ਦੇ ਰਹੇ ਹਨ, ਉਹ ਸਰਕਾਰ ਬਣਨ ਤੋਂ ਤੁਰੰਤ ਪ੍ਰਭਾਵ ਨਾਲ ਲਾਗੂ ਕੀਤਾ ਜਾਵੇਗਾ। ਇਸ ਲਈ ਹੁਣ ਸਮਾਂ ਆ ਗਿਆ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਵਾਅਦਿਆਂ ਅਤੇ ਗਰੰਟੀਆਂ ਨੂੰ ਪੂਰਾ ਕਰੇ। ਇਸ ਬਾਰੇ ਵੀ ਅਸੀਂ ਆਪ ਆਸ ਕਰਦੇ ਹਾਂ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਨਾਲ ਕੋਈ ਵਿਸ਼ਵਾਸਘਾਤ ਨਹੀਂ ਕਰੇਗੀ।