ਕਮਿਊਨਿਟੀ ਹੈਲਥ ਸੈਂਟਰ ਕੁਰਾਲੀ ਨੂੰ ਸੈਕੰਡਰੀ ਸਿਹਤ ਸੰਭਾਲ ਸੰਸਥਾ ਵਜੋਂ ਅਪਗਰੇਡ ਕੀਤਾ ਜਾਵੇਗਾ: ਆਸ਼ਿਕਾ ਜੈਨ

ਮੁਹਾਲੀ ਵਿੱਚ ਜਲਦੀ ਬਣੇਗੀ ਅਤਿ-ਆਧੁਨਿਕ ਲਾਇਬ੍ਰੇਰੀ

ਅਧਿਆਪਨ ਸਿਖਲਾਈ ਸੰਸਥਾਨ ਤੇ ਹੁਨਰ ਸਿਖਲਾਈ ਕੇਂਦਰ ਬਣਾਉਣ ’ਤੇ ਵੀ ਕੀਤੀ ਚਰਚਾ

ਡੀਸੀ ਅਤੇ ਸੀਏ ਗਮਾਡਾ ਨੇ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਕੀਤੀ ਮੀਟਿੰਗ

ਨਬਜ਼-ਏ-ਪੰਜਾਬ, ਮੁਹਾਲੀ, 27 ਜੁਲਾਈ:
ਸਰਕਾਰੀ ਸਿਹਤ ਸੰਸਥਾਵਾਂ ਨੂੰ ਮਜ਼ਬੂਤ ਕਰਨ ਦੀ ਪੰਜਾਬ ਸਰਕਾਰ ਦੀ ਵਚਨਬੱਧਤਾ ਅਨੁਸਾਰ ਕਮਿਊਨਿਟੀ ਹੈਲਥ ਸੈਂਟਰ ਕੁਰਾਲੀ ਨੂੰ ਛੇਤੀ ਹੀ ਸੈਕੰਡਰੀ ਸਿਹਤ ਸੰਭਾਲ ਸੰਸਥਾ ਵਜੋਂ ਨਵਾਂ ਰੂਪ ਦਿੱਤਾ ਜਾਵੇਗਾ। ਇਹ ਜਾਣਕਾਰੀ ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਦਿੱਤੀ।
ਇੰਜ ਹੀ ਮੁਹਾਲੀ ਵਿੱਚ ਅਤਿ-ਆਧੁਨਿਕ ਪਬਲਿਕ ਲਾਇਬ੍ਰੇਰੀ ਸਥਾਪਿਤ ਕਰਨ ਦਾ ਕੰਮ ਵੀ ਜ਼ੋਰਾਂ ’ਤੇ ਹੈ ਅਤੇ ਢੁਕਵੀਂ ਥਾਂ ਦੀ ਪਛਾਣ ਹੋਣ ਤੋਂ ਬਾਅਦ ਇਸ ਪ੍ਰਾਜੈਕਟ ਨੂੰ ਜ਼ਮੀਨੀ ਪੱਧਰ ’ਤੇ ਸ਼ੁਰੂ ਕੀਤਾ ਜਾਵੇਗਾ। ਡੀਸੀ ਨੇ ਗਮਾਡਾ ਨੂੰ ਲਾਇਬ੍ਰੇਰੀ ਦੀ ਉਸਾਰੀ ਲਈ 6 ਏਕੜ ਅਤੇ ਢੁਕਵੀਂ ਜ਼ਮੀਨ ਦੇਣ ਲਈ ਕਿਹਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਅੱਜ ਇੱਥੇ ਗਮਾਡਾ ਦੇ ਮੁੱਖ ਪ੍ਰਸ਼ਾਸਕ ਰਾਜੀਵ ਗੁਪਤਾ ਸਮੇਤ ਹੋਰਨਾਂ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ ਦੌਰਾਨ ਵਕਾਰੀ ਪ੍ਰਾਜੈਕਟਾਂ ਦਾ ਜਾਇਜ਼ਾ ਲਿਆ। ਮੀਟਿੰਗ ਵਿੱਚ ਏਡੀਸੀ (ਸ਼ਹਿਰੀ ਵਿਕਾਸ) ਦਮਨਜੀਤ ਸਿੰਘ ਮਾਨ ਅਤੇ ਸਟੇਟ ਟਰੈਫ਼ਿਕ ਸਲਾਹਕਾਰ ਨਵਦੀਪ ਅਸੀਜਾ ਵੀ ਮੌਜੂਦ ਸਨ।
ਉਨ੍ਹਾਂ ਦੱਸਿਆ ਕਿ ਇਹ ਪ੍ਰਾਜੈਕਟ ਗਮਾਡਾ ਵੱਲੋਂ ਸ਼ੁਰੂ ਕੀਤਾ ਜਾਵੇਗਾ ਅਤੇ ਮੌਜੂਦਾ ਸੀਐੱਚਸੀ ਨੂੰ ਅਪਗਰੇਡ ਕਰਕੇ ਲੋਕਾਂ ਨੂੰ ਮੱਢਲੀਆਂ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਉਨ੍ਹਾਂ ਨੇ ਸੀਏ ਗਮਾਡਾ ਅਤੇ ਕੁਰਾਲੀ ਦੇ ਐਸਐਮਓ ਡਾ. ਰਾਜਿੰਦਰ ਭੂਸ਼ਨ ਨਾਲ ਵੱਖ-ਵੱਖ ਮਾਡਿਊਲਾਂ ਬਾਰੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪਹਿਲਾਂ ਹੀ ਅਪਗ੍ਰੇਡੇਸ਼ਨ ਯੋਜਨਾ ਨੂੰ ਸਿਧਾਂਤਕ ਤੌਰ ’ਤੇ ਪ੍ਰਵਾਨਗੀ ਦੇ ਦਿੱਤੀ ਹੈ। ਇਸ ਤੋਂ ਇਲਾਵਾ ਮੁਹਾਲੀ ਵਿੱਚ ਟਰੈਫ਼ਿਕ ਜਾਮ ਨੂੰ ਦੂਰ ਕਰਨ ਲਈ ਸੱਤ ਨਵੇਂ ਗੋਲਚੱਕਰ ਸਥਾਪਿਤ ਕਰਨ ਦਾ ਫੈਸਲਾ ਕੀਤਾ ਗਿਆ ਹੈ ਪਰ ਸਾਰਿਆਂ ਦੀ ਲੈਂਡ ਸਕੇਪਿੰਗ ਨੂੰ ਵੱਖਰਾ ਰੱਖਿਆ ਜਾਵੇਗਾ। ਇਸੇ ਤਰ੍ਹਾਂ ਡੇਰਾਬੱਸੀ ਅਤੇ ਜ਼ੀਰਕਪੁਰ ਵਿੱਚ ਟਰੈਫ਼ਿਕ ਸਮੱਸਿਆ ਦੇ ਮੱਦੇਨਜ਼ਰ ਟਰੈਫ਼ਿਕ ਸਲਾਹਕਾਰ ਡਾ. ਨਵਦੀਪ ਅਸੀਜਾ ਦੇ ਸੁਝਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਅੱਗੇ ਵਧਣ ਦਾ ਫੈਸਲਾ ਕੀਤਾ।
ਡੀਸੀ ਨੇ ਦੱਸਿਆ ਕਿ ਮੁਹਾਲੀ ਨੂੰ ਹੜ੍ਹਾਂ ਤੋਂ ਸੁਰੱਖਿਅਤ ਰੱਖਣ ਲਈ ਹਾਈਡ੍ਰੋਲੋਜੀਕਲ ਸਰਵੇ ਕਰਵਾਉਣ ਦੀ ਤਜਵੀਜ਼ ਹੈ। ਇਸ ਸਬੰਧੀ ਆਈਆਈਟੀ ਹੈਦਰਾਬਾਦ ਨਾਲ ਵਿਚਾਰ-ਵਟਾਂਦਰਾ ਚੱਲ ਰਿਹਾ ਹੈ। ਸ਼ਹਿਰ ਦੀਆਂ ਸੈਨੀਟੇਸ਼ਨ ਸਮੱਸਿਆਵਾਂ ’ਤੇ ਚਰਚਾ ਕਰਦਿਆਂ ਐਰੋਸਿਟੀ ਅਤੇ ਗੈਰ-ਕਾਰਪੋਰੇਸ਼ਨ ਖੇਤਰਾਂ ਨੂੰ ਸਵੱਛਤਾ ਦੇ ਉਦੇਸ਼ਾਂ ਲਈ ਨਗਰ ਨਿਗਮ ਨਾਲ ਕਲੱਬ ਕਰਨ ਦੀ ਯੋਜਨਾ ਬਣਾਈ ਗਈ। ਪੁਲੀਸ ਅਤੇ ਜੁਡੀਸ਼ਲ ਅਧਿਕਾਰੀਆਂ ਲਈ ਰਿਹਾਇਸ਼ੀ ਕੰਪਲੈਕਸ ਬਣਾਉਣ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਉਨ੍ਹਾਂ ਦੱਸਿਆ ਕਿ ਸੈਕਟਰ-90 ਵਿੱਚ ਇਸ ਮੰਤਵ ਲਈ 11.41 ਏਕੜ ਜ਼ਮੀਨ ਨਿਰਧਾਰਿਤ ਕੀਤੀ ਗਈ ਹੈ, ਜਿੱਥੇ ਪੁਲੀਸ ਲਾਈਨ ਸਥਾਪਿਤ ਕਰਨ ਦੀ ਤਜਵੀਜ਼ ’ਤੇ ਵਿਚਾਰ ਕੀਤਾ ਜਾਵੇਗਾ।
ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਨ ਵਾਲੇ ਵਿਦਿਆਰਥੀਆਂ ਲਈ ਵਿਦਿਆਰਥੀ ਹੋਸਟਲ ਸਥਾਪਿਤ ਕਰਨ ਲਈ ਇਹ ਫੈਸਲਾ ਕੀਤਾ ਗਿਆ ਕਿ ਇਹ ਇੱਕ ਕੰਪਲੈਕਸ ਵਿੱਚ ਬਣਾਇਆ ਜਾਵੇਗਾ। ਜਿੱਥੇ ਤਕਨੀਕੀ ਸਿੱਖਿਆ ਤੇ ਸਿਖਲਾਈ ਬੋਰਡ ਵੱਲੋਂ ਹੁਨਰ ਸਿਖਲਾਈ ਸੰਸਥਾ ਅਤੇ ਮਗਸੀਪਾ ਵਰਗੀ ਇੱਕ ਉੱਚ ਪੱਧਰੀ ਅਧਿਆਪਕ ਸਿਖਲਾਈ ਸੰਸਥਾ ਸਥਾਪਤ ਕੀਤੀ ਜਾਵੇਗੀ। ਡੀਸੀ ਨੇ ਘੜੂੰਆਂ ਦੇ ਵਿਕਾਸ ਨੂੰ ਨਿਯਮਤ ਕਰਨ ਅਤੇ ਭਵਿੱਖ ਦੇ ਵਿਸਤਾਰ ਨੂੰ ਮੁੱਖ ਰੱਖਦਿਆਂ ਘੜੂੰਆਂ ਮਾਸਟਰ ਪਲਾਨ ਦੀ ਪ੍ਰਕਿਰਿਆ ਨੂੰ ਅੰਤਿਮ ਰੂਪ ਦੇਣ ਵਿੱਚ ਤੇਜ਼ੀ ਲਿਆਉਣ ’ਤੇ ਜ਼ੋਰ ਦਿੱਤਾ। ਟਰਾਂਜ਼ਿਟ ਰਿਹਾਇਸ਼ ਦੀ ਸਖ਼ਤ ਲੋੜ ਅਨੁਸਾਰ ਮੌਜੂਦਾ ਸਿਵਲ ਸਰਵਿਸਿਜ਼ ਕਲੱਬ ਨੂੰ ਸਰਕਟ ਹਾਊਸ ਵਿੱਚ ਤਬਦੀਲ ਕਰਨ ਲਈ ਵੀ ਚਰਚਾ ਕੀਤੀ ਗਈ।
ਗਮਾਡਾ ਦੇ ਸੀਏ ਰਾਜੀਵ ਗੁਪਤਾ ਨੇ ਦੱਸਿਆ ਕਿ ਗਮਾਡਾ ਵੱਲੋਂ ਜ਼ਿਲ੍ਹਾ ਪੁਲੀਸ ਦੀ ਮਦਦ ਵਜੋਂ ਮੁਹਾਲੀ ਵਿੱਚ ਟਰੈਫ਼ਿਕ ਨੂੰ ਨਿਯਮਤ ਕਰਨ ਲਈ ਸੇਵਾਵਾਂ ਦੇਣ ਲਈ ਲਗਪਗ 50 ਟਰੈਫ਼ਿਕ ਮਾਰਸ਼ਲਾਂ ਦੀ ਇੱਕ ਸਾਲ ਲਈ ਤਾਇਨਾਤੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਮੁਹਾਲੀ ਕੌਮਾਂਤਰੀ ਹਵਾਈ ਅੱਡੇ ਤੱਕ ਸਭ ਤੋਂ ਛੋਟੇ ਰੂਟ ਦੇ ਨਿਰਮਾਣ ਦੀ ਕਾਰਜ ਯੋਜਨਾ ਨੂੰ ਤੇਜ਼ ਕਰਨ ਲਈ ਵਿਚਾਰ ਚਰਚਾ ਕੀਤੀ ਗਈ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…