Nabaz-e-punjab.com

ਕੰਪਨੀ ਦੇ ਸਟਿੱਕਰ ਲਗਾ ਕੇ ਨਕਲੀ ਏਸੀ ਵੇਚਣ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ, ਕੰਪਨੀ ਪ੍ਰਬੰਧਕ ਨੇ ਦੋਸ਼ ਨਕਾਰੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਫਰਵਰੀ:
ਇੱਥੋਂ ਦੇ ਨੇੜਲੇ ਪਿੰਡ ਜਗਤਪੁਰਾ ਵਿੱਚ ਵੱਖ ਵੱਖ ਨਾਮੀ ਕੰਪਨੀਆਂ ਦੇ ਸਟਿੱਕਰ ਲਗਾ ਕੇ ਕਥਿਤ ਤੌਰ ’ਤੇ ਨਕਲੀ ਏਸੀ ਵੇਚੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਅੱਜ ਇੱਥੇ ਪ੍ਰੈੱਸ ਕਲੱਬ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਸਮੇਸ਼ ਨਗਰ ਖਰੜ ਦੇ ਵਸਨੀਕ ਮਹਿੰਦਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਏਸੀ ਵੇਚਣ ਅਤੇ ਮੁਰੰਮਤ ਦੀ ਦੁਕਾਨ ਹੈ। ਉਨ੍ਹਾਂ ਆਪਣੇ ਕਿਸੇ ਗਾਹਕ ਦੀ ਡਿਮਾਂਡ ’ਤੇ ਇੱਕ ਬਿਹਾਰੀ ਐਂਡ ਕੰਪਨੀ ਜਗਤਪੁਰਾ ਨਾਲ ਤਾਲਮੇਲ ਕਰਕੇ ਚਾਰ ਏਸੀ ਮੰਗਵਾਏ ਸਨ। ਕੰਪਨੀ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਕੰਪਨੀਆਂ ਦੇ ਏਸੀ ਸਬੰਧਤ ਕੰਪਨੀ ਤੋਂ ਘੱਟ ਰੇਟਾਂ ’ਤੇ ਵੇਚਦੇ ਹਨ।
ਕੰਪਨੀ ਦੇ ਮਾਲਕ ਬਿਹਾਰੀ ਲਾਲ ਦੀ ਪਤਨੀ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਓ ਜਨਰਲ ਕੰਪਨੀ ਦੇ ਏਸੀ ਮੰਗਵਾ ਕੇ ਦੇਵੇਗੀ। ਇਸੇ ਦੌਰਾਨ ਪਿਛਲੇ ਸਾਲ 8 ਅਗਸਤ ਨੂੰ ਉਨ੍ਹਾਂ ਨੇ ਇੱਕ ਏਸੀ ਮੰਗਵਾ ਕੇ ਦਿੱਤਾ ਅਤੇ ਬਾਅਦ ਵਿੱਚ ਚਾਰ ਹੋਰ ਏਸੀ ਮੁਹੱਈਆ ਕਰਵਾਏ ਗਏ। ਜਦੋਂ ਮਹਿੰਦਰਪਾਲ ਸਿੰਘ ਨੇ ਘਰ ਲਿਜਾ ਕੇ ਏਸੀ ਡੱਬਿਆਂ ’ਚੋਂ ਬਾਹਰ ਕੱਢ ਕੇ ਚੈੱਕ ਕੀਤੇ ਤਾਂ ਪਤਾ ਲੱਗਾ ਕਿ ਉਹ ਸਾਰੇ ਏਸੀ ਨਕਲੀ ਸਨ। ਸਾਰੇ ਏਸੀ ਦੇ ਪੈਸਿਆਂ ਦਾ ਭੁਗਤਾਨ ਬਕਾਇਦਾ ਚੈੱਕ ਰਾਹੀਂ ਕੀਤਾ ਗਿਆ ਸੀ। ਮਹਿੰਦਰਪਾਲ ਸਿੰਘ ਨੇ ਕਿਹਾ ਕਿ ਜਦੋਂ ਡੁਪਲੀਕੇਟ ਏਸੀ ਬਾਰੇ ਵਿੱਚ ਉਨ੍ਹਾਂ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਅਤੇ ਪੁਲੀਸ ਸਟੇਸ਼ਨ ਵਿੱਚ ਏਸੀ ਜਮ੍ਹਾਂ ਕਰਵਾਏ ਗਏ ਤਾਂ ਪੁਲੀਸ ਨੇ ਉਨ੍ਹਾਂ ਬਿਹਾਰੀ ਐਂਡ ਕੰਪਨੀ ਖ਼ਿਲਾਫ਼ ਕੋਈ ਕਾਰਵਾਈ ਕਰਨ ਦੀ ਬਜਾਏ ਉਲਟਾ ਉਕਤ ਕੰਪਨੀ ਦੇ ਮਾਲਕਾਂ ਨੂੰ ਹੀ ਏਸੀ ਵਾਪਸ ਕਰ ਦਿੱਤੇ ਅਤੇ ਉਸ ’ਤੇ ਆਪਣੀ ਸ਼ਿਕਾਇਤ ਵਾਪਸ ਲੈਣ ਦਾ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ। ਪੀੜਤ ਨੇ ਪੁਲੀਸ ਦੀ ਇਸ ਢਿੱਲੀ ਕਾਰਵਾਈ ਸਬੰਧੀ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਕੋਲ ਸ਼ਿਕਾਇਤ ਕੀਤੀ ਪ੍ਰੰਤੂ ਮੰਤਰੀ ਦੇ ਦਖ਼ਲ ਦੇ ਬਾਵਜੂਦ ਵੀ ਪੁਲੀਸ ਨੇ ਨਕਲੀ ਏਸੀ ਵੇਚਣ ਵਾਲੀ ਕੰਪਨੀ ਖ਼ਿਲਾਫ਼ ਕੋਈ ਕੇਸ ਦਰਜ ਨਹੀਂ ਕੀਤਾ। ਉਨ੍ਹਾਂ ਮੰਗ ਕੀਤੀ ਕਿ ਬਿਹਾਰੀ ਐਂਡ ਕੰਪਨੀ ਵੱਲੋਂ ਜਾਅਲੀ ਏ.ਸੀ. ਵੇਚੇ ਜਾਣ ਦੀ ਤੁਰੰਤ ਜਾਂਚ ਕੀਤੀ ਜਾਵੇ ਅਤੇ ਕੰਪਨੀ ਦੇ ਪ੍ਰਬੰਧਕਾਂ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਇਨਸਾਫ਼ ਦਿੱਤਾ ਜਾਵੇ। ਉਧਰ, ਇਸ ਸਬੰਧੀ ਬਿਹਾਰੀ ਲਾਲ ਨੇ ਸ਼ਿਕਾਇਤ ਕਰਤਾ ਦੇ ਦੋਸ਼ਾਂ ਨੂੰ ਬਿਲਕੁਲ ਬੇਬੁਨਿਆਦ ਅਤੇ ਮਨਘੜਤ ਦੱਸਦਿਆਂ ਕਿਹਾ ਕਿ ਉਨ੍ਹਾਂ ਦੀ ਕੰਪਨੀ ਨੇ ਉਕਤ ਵਿਅਕਤੀ ਨੂੰ ਕੋਈ ਏਸੀ ਨਹੀਂ ਵੇਚਿਆ ਹੈ। ਇੱਕ ਏਸੀ ਲੈ ਕੇ ਗਿਆ ਸੀ ਜਿਸ ਦਾ ਉਸ ਨੂੰ ਕੰਪਨੀ ਦੇ ਬਿੱਲ ਦੀ ਫੋਟੋ ਕਾਪੀ ਦਿੱਤੀ ਹੈ। ਇਸ ਤੋਂ ਬਿਨਾਂ ਉਨ੍ਹਾਂ ਕੋਲੋਂ ਹੋਰ ਕੋਈ ਏਸੀ ਨਹੀਂ ਖਰੀਦਿਆ ਗਿਆ ਹੈ।

Load More Related Articles
Load More By Nabaz-e-Punjab
Load More In General News

Check Also

ਵਿਜੀਲੈਂਸ ਵੱਲੋਂ 20 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪੰਚਾਇਤ ਸਕੱਤਰ ਗ੍ਰਿਫ਼ਤਾਰ

ਵਿਜੀਲੈਂਸ ਵੱਲੋਂ 20 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪੰਚਾਇਤ ਸਕੱਤਰ ਗ੍ਰਿਫ਼ਤਾਰ ਬੀਡੀਪੀਓ ਧਨਵੰਤ ਸਿੰਘ ਦੀ ਭਾਲ ਵਿ…