
ਨੁਕਸਾਨੀਆਂ ਫ਼ਸਲਾਂ ਦਾ ਮੁਆਵਜ਼ਾ ਅਤੇ ਪੰਜਾਬ ਦੇ ਪਾਣੀਆਂ ਦੇ ਮੁੱਦੇ ’ਤੇ ਕਿਸਾਨਾਂ ਵੱਲੋਂ ਰੋਸ ਰੈਲੀ
ਪੰਜ ਕਿਸਾਨ ਜਥੇਬੰਦੀਆਂ ਦੇ ਵਫ਼ਦ ਨੇ ਮੁੱਖ ਮੰਤਰੀ ਦੇ ਨਾਮ ਦਿੱਤਾ ਮੰਗ ਪੱਤਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਅਪਰੈਲ:
ਪੰਜਾਬ ਦੇ ਪਾਣੀਆਂ ਨੂੰ ਬਚਾਉਣ ਅਤੇ ਬੇਮੌਸਮੀ ਬਾਰਸ਼ ਤੇ ਗੜੇਮਾਰੀ ਨਾਲ ਨੁਕਸਾਨੀਆਂ ਗਈਆਂ ਫ਼ਸਲਾਂ ਦਾ ਯੋਗ ਮੁਆਵਜ਼ਾ ਦੇਣ ਦੀ ਮੰਗ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ), ਆਲ ਇੰਡੀਆ ਕਿਸਾਨ ਫੈਡਰੇਸ਼ਨ, ਕਿਸਾਨ ਯੂਨੀਅਨ (ਮਾਨਸਾ), ਕਿਸਾਨ ਸੰਘਰਸ਼ ਕਮੇਟੀ ਸਮੇਤ ਹੋਰ ਜਥੇਬੰਦੀਆਂ ਨੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ, ਪ੍ਰੇਮ ਸਿੰਘ ਭੰਗੂ, ਸਤਨਾਮ ਸਿੰਘ ਟਾਂਡਾ, ਬੇਅੰਤ ਸਿੰਘ, ਕੰਵਲਪ੍ਰੀਤ ਸਿੰਘ ਪੰਨੂ, ਘੁੰਮਣ ਸਿੰਘ ਰਾਏ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਿਰੁੱਧ ਰੋਸ ਰੈਲੀ ਕਰਕੇ ਹੁਕਮਰਾਨਾਂ ਨੂੰ ਰੱਜ ਕੇ ਕੋਸਿਆ। ਕਿਸਾਨਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਕਿਸਾਨੀ ਮਸਲਿਆਂ ਦਾ ਹੱਲ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਸਰਕਾਰ ਵਿਰੁੱਧ ਵੱਡਾ ਸੰਘਰਸ਼ ਉਲੀਕਿਆ ਜਾਵੇਗਾ।
ਇਸੇ ਦੌਰਾਨ ਪ੍ਰੇਮ ਸਿੰਘ ਭੰਗੂ, ਗੁਲਜ਼ਾਰ ਸਿੰਘ ਘਨੌਰ, ਸਤਨਾਮ ਸਿੰਘ ਟਾਂਡਾ, ਘੁੰਮਣ ਸਿੰਘ ਰਾਜਗੜ੍ਹ, ਕੰਵਲਪ੍ਰੀਤ ਸਿੰਘ ਪੰਨੂ, ਹਰਜਿੰਦਰ ਸਿੰਘ ਅਤੇ ਬੇਅੰਤ ਸਿੰਘ ਦੀ ਅਗਵਾਈ ਵਾਲੇ ਸੱਤ ਮੈਂਬਰੀ ਵਫ਼ਦ ਨੇ ਮੁੱਖ ਮੰਤਰੀ ਦੇ ਓਐਸਡੀ ਨਾਲ ਮੁਲਾਕਾਤ ਕਰਕੇ ਭਗਵੰਤ ਮਾਨ ਦੇ ਨਾਂ ਮੰਗ ਲਿਖਿਆ ਪੱਤਰ ਦਿੱਤਾ। ।

ਬੁਲਾਰਿਆਂ ਨੇ ਕਿਹਾ ਕਿ ਬੇਮੌਸਮੀ ਬਾਰਸ਼ ਨੇ ਹਾੜੀ ਦੀਆਂ ਫ਼ਸਲਾਂ ਕਣਕ, ਸਰੋਂ, ਆਲੂ, ਸਬਜ਼ੀਆਂ ਅਤੇ ਹਰੇ ਚਾਰੇ ਦਾ ਵੱਡੀ ਪੱਧਰ ’ਤੇ ਨੁਕਸਾਨ ਕੀਤਾ ਹੈ। ਫਾਜ਼ਿਲਕਾ ਸਮੇਤ ਹੋਰ ਸਰਹੱਦੀ ਪਿੰਡਾਂ ਵਿੱਚ ਤੇਜ਼ ਤੂਫ਼ਾਨ ਨੇ ਜਿੱਥੇ ਫ਼ਸਲਾਂ ਤਬਾਹ ਕਰਕੇ ਰੱਖ ਦਿੱਤੀਆਂ, ਉੱਥੇ ਕਈ ਲੋਕਾਂ ਦੇ ਘਰ ਵੀ ਢਹਿ ਗਏ ਹਨ ਅਤੇ ਕਿੰਨੂਆਂ ਦੇ ਬਾਗ਼ਾਂ ਦਾ ਉਜਾੜਾ ਹੋ ਗਿਆ। ਇਹ ਨੁਕਸਾਨ ਉਸ ਸਮੇਂ ਹੋਇਆ ਜਦੋਂ ਸਾਰੀਆਂ ਫ਼ਸਲਾਂ ਪੱਕ ਕੇ ਵੱਢਣ ਲਈ ਤਿਆਰ ਸਨ। ਕੁਦਰਤੀ ਕਰੋਪੀ ਨਾਲ ਅੰਨਦਾਤਾ ਦਾ ਲੱਕ ਟੁੱਟ ਗਿਆ ਹੈ। ਕਿਸਾਨਾਂ ਨੂੰ ਮੁੜ ਪੈਰਾਂ ’ਤੇ ਖੜੇ ਹੋਣ ਲਈ ਫ਼ਸਲਾਂ ਦਾ ਯੋਗ ਮੁਆਵਜ਼ਾ ਦਿੱਤਾ ਜਾਵੇ।
ਇਸ ਮੌਕੇ ਸੂਬਾ ਆਗੂ ਪਰਮਦੀਪ ਸਿੰਘ ਬੈਦਵਾਨ, ਜ਼ਿਲ੍ਹਾ ਪ੍ਰਧਾਨ ਕਿਰਪਾਲ ਸਿੰਘ ਸਿਆਊ, ਲਖਵਿੰਦਰ ਸਿੰਘ ਕਰਾਲਾ, ਚੇਅਰਮੈਨ ਮਨਜੀਤ ਸਿੋਂਘ ਤੰਗੌਰੀ, ਗੁਰਵਿੰਦਰ ਸਿੰਘ ਸਿਆਊ, ਰਜਿੰਦਰ ਸਿੰਘ ਕੋਟ ਪਨੈਚ, ਸੁਖਵਿੰਦਰ ਸਿੰਘ ਭੱਟੀਆਂ, ਕਸ਼ਮੀਰ ਸਿੰਘ ਜਟਾਣਾ, ਲਖਵਿੰਦਰ ਸਿੰਘ ਪੀਰ ਮੁਹੰਮਦ, ਤੇਜੀ ਰਾਜੇਵਾਲ, ਕਸ਼ਮੀਰ ਸਿੰਘ ਜਲੰਧਰ, ਸੁਖਵਿੰਦਰ ਸਿੰਘ ਬ੍ਰਾਹਮਕੇ, ਤਰਲੋਚਨ ਸਿੰਘ ਬਰਮੀ, ਪ੍ਰਗਟ ਸਿੰਘ ਕੋਟ ਪਨੈਚ, ਡਾ. ਗੁਰਦੇਵ ਸਿੰਘ, ਮੇਜਰ ਸਿੰਘ, ਰਤਨ ਸਿੰਘ, ਗੁਰਪ੍ਰੀਤ ਸਿੰਘ ਪਲਹੇੜੀ, ਕਰਮ ਸਿੰਘ, ਦਰਸ਼ਨ ਖੇੜਾ ਵੀ ਮੌਜੂਦ ਸਨ।