
ਐਕਵਾਇਰ ਕੀਤੀ ਜਾਣ ਵਾਲੀ ਜ਼ਮੀਨਾਂ ਵਿੱਚ ਫਲਦਾਰ ਬਗੀਚੇ ਦਿਖਾ ਕੇ ਮੁਆਵਜ਼ੇ ਲਈ ਘਪਲੇਬਾਜ਼ੀ ਦਾ ਪਰਦਾਫਾਸ਼
ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਦਿੱਤੀ ਘਪਲੇਬਾਜ਼ੀ ਦੀ ਜਾਣਕਾਰੀ, ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਕਾਰਵਾਈ ਮੰਗੀ
ਸਰਕਾਰੀ ਵਿਭਾਗਾਂ ਦੀਆਂ ਚਿੱਠੀਆਂ ਨੂੰ ਅਣਗੌਲਿਆ ਕਰਕੇ ਗਮਾਡਾ ਅਧਿਕਾਰੀ ਤੇ ਠੇਕੇਦਾਰ ਹੋਏ ਮਾਲਾਮਾਲ
ਦਰਸ਼ਨ ਸਿੰਘ ਸੋਢੀ/ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 7 ਅਪਰੈਲ:
ਭ੍ਰਿਸ਼ਟਾਚਾਰ ਵਿਰੁੱਧ ਸੰਘਰਸ਼ਸ਼ੀਲ ਸੰਸਥਾ ਪੰਜਾਬ ਅਗੇਂਸਟ ਕੁਰੱਪਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਦਾਊਂ ਅਤੇ ਕਿਸਾਨ ਆਗੂ ਬਲਵੰਤ ਸਿੰਘ ਨੰਡਿਆਲੀ ਅਤੇ ਹੋਰਨਾਂ ਵਿਅਕਤੀਆਂ ਨੇ ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਅਧੀਨ ਆਉਂਦੇ ਖੇਤਰ ਵਿੱਚ ਵੱਖ-ਵੱਖ ਰਿਹਾਇਸ਼ੀ ਪ੍ਰਾਜੈਕਟਾਂ ਦੇ ਨਾਮ ’ਤੇ ਐਕਵਾਇਰ ਕੀਤੀਆਂ ਜਾਣ ਵਾਲੀਆਂ ਜ਼ਮੀਨਾਂ ਵਿੱਚ ਖੜੇ ਫਲਦਾਰ ਬੂਟਿਆਂ ਦੇ ਮੁਆਵਜ਼ੇ ਦੀ ਰਾਸ਼ੀ ਹੜੱਪਣ ਲਈ ਕਥਿਤ ਘਪਲੇਬਾਜ਼ੀ ਦਾ ਪਰਦਾਫਾਸ਼ ਕੀਤਾ ਹੈ। ਹੁਣ ਇਹ ਮਾਮਲਾ ਮੁੱਖ ਮੰਤਰੀ ਭਗਵੰਤ ਮਾਨ ਕੋਲ ਪਹੁੰਚ ਗਿਆ ਹੈ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਜ਼ਿੰਮੇਵਾਰ ਅਧਿਕਾਰੀਆਂ ਅਤੇ ਪ੍ਰਾਈਵੇਟ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਅੱਜ ਇੱਥੇ ਮੀਡੀਆ ਸੈਂਟਰ ਵਿੱਚ ਪੱਤਰਕਾਰ ਸੰਮੇਲਨ ਦੌਰਾਨ ਆਗੂਆਂ ਨੇ ਦੱਸਿਆ ਕਿ ਹਾਲਾਂਕਿ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਸ਼ਿਕਾਇਤਾਂ ਦੇਣ ਮਗਰੋਂ 14 ਜੂਨ 2019 ਨੂੰ ਬਾਗਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਨੇ ਡੀਸੀ ਮੁਹਾਲੀ ਨੂੰ ਪੱਤਰ ਲਿਖ ਕੇ ਦੱਸਿਆ ਗਿਆ ਸੀ ਕਿ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀਆਂ ਸਿਫ਼ਾਰਸ਼ਾਂ ਅਨੁਸਾਰ ਅਮਰੂਦ ਦੀ ਪੈਦਾਵਾਰ ਲਈ 1 ਏਕੜ ਵਿੱਚ 110 ਫਲਦਾਰ ਬੂਟੇ ਲਗਾਏ ਜਾ ਸਕਦੇ ਹਨ ਅਤੇ ਸੰਘਣੀ ਪ੍ਰਣਾਲੀ ਰਾਹੀਂ ਵੱਧ ਤੋਂ ਵੱਧ 132 ਬੂਟੇ ਲੱਗ ਸਕਦੇ ਹਨ। ਉਨ੍ਹਾਂ ਨੇ ਬੂਟਿਆਂ ਵਿਚਲਾ ਫਾਸਲਾ ਵੀ ਦਰਸਾਇਆ ਸੀ ਪਰ ਇਸ ਦੇ ਉਲਟ ਮੁਹਾਲੀ ਖੇਤਰ ਵਿੱਚ ਇੱਕ ਏਕੜ ਵਿੱਚ ਤਕਰੀਬਨ 500 ਤੋਂ 3 ਹਜ਼ਾਰ ਬੂਟੇ ਲਗਾਏ ਗਏ ਹਨ। ਇਕ ਬੂਟੇ ਦੀ ਕੀਮਤ 50 ਰੁਪਏ ਦੱਸੀ ਗਈ ਹੈ ਪ੍ਰੰਤੂ ਮੁਆਵਜ਼ੇ ਵੇਲੇ ਇਨ੍ਹਾਂ ਛੋਟੇ ਬੂਟਿਆਂ ਨੂੰ ਵੱਡੇ ਦਰਖ਼ਤ ਦਰਸਾ ਕੇ 5500 ਰੁਪਏ ਪ੍ਰਤੀ ਦਰਖ਼ਤ ਮੁਆਵਜ਼ਾ ਵਸੂਲਿਆ ਗਿਆ ਹੈ।
ਉਧਰ, ਵਣ ਮੰਡਲ ਅਫ਼ਸਰ ਨੇ ਗਮਾਡਾ ਦੇ ਮੁੱਖ ਪ੍ਰਸ਼ਾਸਕ ਨੂੰ 10 ਮਈ 2018 ਅਤੇ ਭੌਂ-ਪ੍ਰਾਪਤੀ ਕੁਲੈਕਟਰ ਨੂੰ ਪੱਤਰ ਲਿਖ ਕੇ ਦੱਸਿਆ ਗਿਆ ਸੀ ਕਿ ਜੋ ਫਲਦਾਰ ਬੂਟੇ ਲਗਾਏ ਜਾ ਰਹੇ ਹਨ ਜਾਂ ਲੱਗ ਚੁੱਕੇ ਹਨ, ਉਹ ਭੌਂ ਪ੍ਰਾਪਤੀ ਕਰਨ ਵੇਲੇ ਕੱਟਣੇ ਪੈ ਸਕਦੇ ਹਨ, ਜਿਸ ਨਾਲ ਜਿੱਥੇ ਬੂਟਿਆਂ ਦਾ ਨੁਕਸਾਨ ਹੋਵੇਗਾ, ਉੱਥੇ ਸਰਕਾਰ ਨੂੰ ਵਿੱਤੀ ਨੁਕਸਾਨ ਹੋਵੇਗਾ। ਇਸ ਬਾਬਤ ਸ਼ਿਕਾਇਤ ਦੀ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਸਰਕਾਰੀ ਹਿੱਤਾਂ ਦੀ ਰਾਖੀ ਹੋ ਸਕੇ। ਸ੍ਰੀ ਦਾਊਂ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਮਾਮਲਾ ਮੁਹਾਲੀ ਤੋਂ ‘ਆਪ’ ਵਿਧਾਇਕ ਕੁਲਵੰਤ ਸਿੰਘ ਦੇ ਧਿਆਨ ਵਿੱਚ ਲਿਆਂਦਾ ਗਿਆ ਤਾਂ ਉਨ੍ਹਾਂ ਵੱਲੋਂ ਉੱਚ ਅਧਿਕਾਰੀਆਂ ਨਾਲ ਗੱਲ ਕਰਨ ’ਤੇ ਫਿਲਹਾਲ ਮੁਆਵਜ਼ਾ ਦੇਣ ਦੀ ਕਾਰਵਾਈ ਰੁਕ ਗਈ ਹੈ। ਵਿਧਾਇਕ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਕਸੂਰਵਾਰਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਪਿੰਡ ਬਾਕਰਪੁਰ ਦੇ ਕਿਸਾਨ ਸੇਵਾ ਸਿੰਘ ਅਤੇ ਹਰਪਾਲ ਸਿੰਘ ਨੇ ਵੀ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਇਸ ਬਹੁਕਰੋੜੀ ਘਪਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ। ਜ਼ਿੰਮੇਵਾਰ ਅਫ਼ਸਰਾਂ ਅਤੇ ਪ੍ਰਾਈਵੇਟ ਬੰਦਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਮੁਹਾਲੀ ਤੋਂ ‘ਆਪ’ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਮਾਮਲਾ ਬਹੁਤ ਗੰਭੀਰ ਹੈ।

ਇਸ ਸਬੰਧੀ ਪ੍ਰਾਪਤ ਸ਼ਿਕਾਇਤ ਦੀ ਪੰਜਾਬ ਸਰਕਾਰ ਵੱਲੋਂ ਨਿਰਪੱਖ ਜਾਂਚ ਕਰਵਾਈ ਜਾਵੇਗੀ ਅਤੇ ਜੋ ਕੋਈ ਵੀ ਕਸੂਰਵਾਰ ਪਾਇਆ ਗਿਆ। ਉਸ ਨੂੰ ਬਖ਼ਸ਼ਿਆਂ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਬਿਲਕੁਲ ਸਹਿਣ ਨਹੀਂ ਕੀਤਾ ਜਾਵੇਗਾ। ਗਮਾਡਾ ਭੌਂ ਪ੍ਰਾਪਤੀ ਕੁਲੈਕਟਰ ਜੇ.ਐਸ. ਜੌਹਲ ਨੇ ਕਿਹਾ ਕਿ ਅਜਿਹਾ ਕੋਈ ਮਾਮਲਾ ਨਹੀਂ ਹੈ। ਉਂਜ ਉਨ੍ਹਾਂ ਨੂੰ ਪੁਰਾਣੇ ਮਾਮਲਿਆਂ ਸਬੰਧੀ ਇਕ ਸ਼ਿਕਾਇਤ ਜ਼ਰੂਰ ਮਿਲੀ ਸੀ, ਜੋ ਉਨ੍ਹਾਂ ਦੀ ਤਾਇਨਾਤੀ ਤੋਂ ਪਹਿਲਾਂ ਦੇ ਹਨ। ਸ਼ਿਕਾਇਤ ਬਾਰੇ ਤੁਰੰਤ ਈਓ ਨੂੰ ਜਾਂਚ ਕਰਨ ਲਈ ਕਿਹਾ ਗਿਆ ਸੀ। ਉਨ੍ਹਾਂ ਦੱਸਿਆ ਕਿ ਕਿਸੇ ਵੀ ਪ੍ਰਾਜੈਕਟ ਲਈ ਜ਼ਮੀਨ ਐਕਵਾਇਰ ਕਰਨ ਸਬੰਧੀ ਨੋਟਿਸ ਜਾਰੀ ਹੋਣ ’ਤੇ ਸਬੰਧਤ ਜ਼ਮੀਨ ਦੀ ਮੌਜੂਦਾ ਸਥਿਤੀ ਨੂੰ ਆਧਾਰ ਬਣਾ ਕੇ ਹੀ ਮੁਆਵਜ਼ਾ ਦਿੱਤਾ ਜਾਂਦਾ ਹੈ, ਜੇਕਰ ਨੋਟਿਸ ਜਾਰੀ ਹੋਣ ਤੋਂ ਬਾਅਦ ਕੋਈ ਵਿਅਕਤੀ ਐਕਵਾਇਰ ਹੋਈ ਜਾਂ ਹੋਣ ਵਾਲੀ ਜ਼ਮੀਨ ਵਿੱਚ ਫਸਲ ਜਾਂ ਬੂਟੇ ਲਾਉਂਦਾ ਹੈ ਤਾਂ ਉਸ ਨੂੰ ਇਨ੍ਹਾਂ ਚੀਜ਼ਾਂ ਦਾ ਕੋਈ ਮੁਆਵਜ਼ਾ ਨਹੀਂ ਦਿੱਤਾ ਜਾਂਦਾ ਹੈ।