Share on Facebook Share on Twitter Share on Google+ Share on Pinterest Share on Linkedin ਮੇਅਰ ਕੁਲਵੰਤ ਸਿੰਘ ਤੇ ਵਿਧਾਇਕ ਸਿੱਧੂ ਵਿੱਚ ਖਿੱਚੋਤਾਣ: ਨਗਰ ਨਿਗਮ ਦੇ ਅਫ਼ਸਰਾਂ ਤੇ ਕਰਮਚਾਰੀਆਂ ਦੇ ਤਬਾਦਲੇ ਪਹਿਲਾਂ ਨਿਗਮ ਕਮਿਸ਼ਨਰ ਦਾ ਕੀਤਾ ਤਬਾਦਲਾ, ਹੁਣ ਮੇਅਰ ਦੀ ਨਿੱਜੀ ਸਹਾਇਕ ਨੂੰ ਵੀ ਬਣਾਇਆ ਨਿਸ਼ਾਨਾ ਅਮਰਜੀਤ ਸਿੰਘ ਸੋਢੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਸਤੰਬਰ: ਮੁਹਾਲੀ ਨਗਰ ਨਿਗਮ ਵਿੱਚ ਹੋ ਰਹੀਆਂ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਬਦਲੀਆਂ ਦਾ ਦੌਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ ਅਤੇ ਇਸ ਵਿੱਚ ਨਿਗਮ ਦੇ ਮੇਅਰ ਕੁਲਵੰਤ ਸਿੰਘ ਦੀ ਨਿੱਜੀ ਸਹਾਇਕ ਸਤਵਿੰਦਰ ਕੌਰ ਦਾ ਨਾਮ ਵੀ ਜੁੜ ਗਿਆ ਹੈ। ਜਿਹਨਾਂ ਦੀ ਬਦਲੀ ਦੇ ਆਰਡਰ ਬੀਤੇ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ। ਮੇਅਰ ਦੀ ਨਿੱਜੀ ਸਹਾਇਕ ਸ੍ਰੀਮਤੀ ਸਤਵਿੰਦਰ ਕੌਰ ਨੂੰ ਐਸਏਐਸ ਨਗਰ ਤੋਂ ਬਦਲ ਕੇ ਪਟਿਆਲਾ ਵਿੱਚ ਨਿਯੁਕਤ ਕੀਤਾ ਗਿਆ ਹੈ। ਮੇਅਰ ਦੀ ਨਿਜੀ ਸਹਾਇਕ ਸ੍ਰੀਮਤੀ ਸਤਵਿੰਦਰ ਕੌਰ ਦੀ ਥਾਂ ਹੁਣ ਇੱਥੇ ਕਿਸੇ ਕਰਮਚਾਰੀ ਨੂੰ ਨਿਯੁਕਤ ਨਹੀਂ ਕੀਤਾ ਗਿਆ ਹੈ। ਹਾਲ ਦੀ ਘੜੀ ਭਾਵੇਂ ਸਤਵਿੰਦਰ ਕੌਰ ਨੂੰ ਨਿਗਮ ਦਫ਼ਤਰ ਤੋਂ ਰਿਲੀਵ ਨਹੀਂ ਕੀਤਾ ਗਿਆ ਹੈ ਅਤੇ ਉਹ ਆਪਣੀ ਡਿਊਟੀ ’ਤੇ ਹਾਜ਼ਿਰ ਸਨ ਪ੍ਰੰਤੂ ਉਹਨਾਂ ਦੇ ਜਾਣ ਨਾਲ ਮੇਅਰ ਦਫ਼ਤਰ ਦਾ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਾ ਤੈਅ ਹੈ। ਇਸ ਤੋਂ ਪਹਿਲਾਂ ਵੀ ਪਿਛਲੇ ਕੁੱਝ ਸਮੇਂ ਦੌਰਾਨ ਨਿਗਮ ਦੇ ਕਮਿਸ਼ਨਰ ਐਸ ਈ, ਤਹਿਬਜ਼ਾਰੀ ਸ਼ਾਖਾ ਦੇ ਸੁਪਰਡੈਂਟ ਅਤੇ ਵੱਡੀ ਗਿਣਤੀ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਬਦਲੀਆਂ ਹੋ ਚੁੱਕੀਆਂ ਹਨ। ਨਗਰ ਨਿਗਮ ਵਿੱਚ ਇਹ ਆਮ ਚਰਚਾ ਹੈ ਕਿ ਮੇਅਰ ਕੁਲਵੰਤ ਸਿੰਘ ਅਤੇ ਵਿਧਾਇਕ ਬਲਬੀਰ ਸਿੰਘ ਸਿੱਧੂ ਵਿਚਾਲੇ ਚਲਦੀ ਸਿਆਸੀ ਖਿੱਚੋਤਾਣ ਕਾਰਨ ਇਹਨਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਬਦਲੀਆਂ ਹੋਈਆਂ ਹਨ ਅਤੇ ਜਿਹੜੇ ਅਧਿਕਾਰੀ ਅਤੇ ਕਰਮਚਾਰੀ ਨਗਰ ਨਿਗਮ ਦੇ ਮੇਅਰ ਦੇ ਵਫਾਦਾਰ ਮੰਨੇ ਜਾਂਦੇ ਸੀ ਉਹਨਾਂ ਵਿੱਚੋਂ ਜ਼ਿਆਦਾਤਰ ਦੀਆਂ ਬਦਲੀਆਂ ਹੋਰਨਾਂ ਥਾਵਾਂ ਤੇ ਕੀਤੀਆ ਗਈਆਂ ਹਨ। ਇਹ ਵੀ ਕਿਹਾ ਜਾ ਸਕਦਾ ਹੈ ਕਿ ਇਹਨਾਂ ਦੋਵਾਂ ਆਗੂਆਂ ਵਿਚਾਲੇ ਚਲਦੀ ਇਸ ਸਿਆਸੀ ਖਿਚੋਤਾਣ ਦੀ ਮਾਰ ਅਸਲ ਵਿੱਚ ਨਿਗਮ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਹਿਣੀ ਪੈ ਰਹੀ ਹੈ ਅਤੇ ਉਹ ਇਸ ਦਹਿਸ਼ਤ ਦੇ ਸਾਏ ਹੇਠ ਕੰਮ ਕਰ ਰਹੇ ਹਨ ਕਿ ਉਹਨਾਂ ਦੀ ਬਦਲੀ ਦੇ ਹੁਕਮ ਕਦੇ ਵੀ ਆ ਸਕਦੇ ਹਨ। ਇਸ ਸਾਰੇ ਕੁਝ ਦਾ ਅਸਰ ਸ਼ਹਿਰ ਦੇ ਵਿਕਾਸ ਕਾਰਜਾਂ ਤੇ ਵੀ ਪੈ ਰਿਹਾ ਹੈ ਜਿਹੜੇ ਪਿਛਲੇ ਸਮੇਂ ਦੌਰਾਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਨਗਰ ਨਿਗਮ ਦੀਆਂ ਪਿਛਲੇ ਸਮੇੱ ਦੌਰਾਨ ਹੋਈਆਂ ਮੀਟਿੰਗਾਂ ਵਿੱਚ ਪਹਿਲਾਂ ਹੀ ਸ਼ਹਿਰ ਦੇ ਵਿਕਾਸ ਕਾਰਜਾਂ ਨਾਲ ਜੁੜੇ ਮਤੇ ਨਦਾਰਦ ਰਹੇ ਹਨ ਅਤੇ ਪਿਛਲੇ ਕਈ ਦਿਨਾਂ ਤੋੱ ਉਡੀਕੀ ਜਾ ਰਹੀ ਵਿੱਤ ਅਤੇ ਲੇਖਾ ਕਮੇਟੀ ਦੀ ਮੀਟਿੰਗ (ਜਿਸ ਵਿੱਚ ਸ਼ਹਿਰ ਦੇ ਵੱਖ ਵੱਖ ਵਾਰਡਾਂ ਦੇ ਕੰਮ ਪਾਸ ਕੀਤੇ ਜਾਣੇ ਸੀ) ਵੀ ਟਲ ਗਈ ਹੈ। ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਦੇ ਪ੍ਰਧਾਨ ਪਰਮਜੀਤ ਸਿੰਘ ਕਾਹਲੋ ਨੇ ਹਲਕਾ ਵਿਧਾਇਕ ਤੇ ਇਲਜਾਮ ਲਗਾਇਆ ਹੈ ਕਿ ਉਹ ਨਿਗਮ ਤੇ ਕਬਜੇ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਇਸ ਕਰਕੇ ਉਹਨਾਂ ਵਲੋੱ ਆਪਣਾ ਪ੍ਰਭਾਵ ਵਰਤ ਕੇ ਨਿਗਮ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਬਦਲੀਆਂ ਕੀਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਨਿਗਮ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਉਪਰ ਪੈਣ ਵਾਲੇ ਇਹ ਦਬਾਉ ਕਾਰਣ ਨਿਗਮ ਦਾ ਕੰਮ ਠੱਪ ਹੋ ਕੇ ਰਹਿ ਗਿਆ ਹੈ। ਜ਼ਿੰਮੇਵਾਰ ਕਰਮਚਾਰੀਆਂ ਦੀਆਂ ਬਦਲੀਆਂ ਕਾਰਣ ਨਿਗਮ ਦੇ ਕੰਮ ’ਤੇ ਪਿਆ ਅਸਰ: ਕੁਲਵੰਤ ਸਿੰਘ ਨਗਰ ਨਿਗਮ ਦੇ ਮੇਅਰ ਕੁਲਵੰਤ ਸਿੰਘ ਨੇ ਇਸ ਸੰਬੰਧੀ ਸੰਪਰਕ ਕਰਨ ਤੇ ਕਿਹਾ ਕਿ ਕਿਸੇ ਵੀ ਮੁਲਾਜਮ ਦੀ ਬਦਲੀ ਕਰਨੀ ਸਰਕਾਰ ਦਾ ਅਧਿਕਾਰ ਹੈ ਪ੍ਰੰਤੂ ਇਹ ਵੀ ਸੱਚ ਹੈ ਕਿ ਪਿਛਲੇ ਸਮੇੱ ਦੌਰਾਨ ਨਗਰ ਨਿਗਮ ਵਿੱਚੋੱ ਕਈ ਅਜਿਹੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਬਦਲੀ ਕੀਤੀ ਗਈ ਹੈ ਜਿਹੜੇ ਨਾ ਸਿਰਫ ਜ਼ਿੰਮੇਵਾਰੀ ਨਾਲ ਡਿਊਟੀ ਕਰ ਰਹੇ ਸੀ ਬਲਕਿ ਉਹ ਪੂਰੀ ਤਰ੍ਹਾਂ ਕੰਮ ਪ੍ਰਤੀ ਸਮਰਪਿਤ ਵੀ ਸਨ। ਆਪਣੀ ਨਿਜੀ ਸਹਾਇਕ ਮਹਿਲਾ ਕਰਮਚਾਰੀ ਬਾਰੇ ਉਹਨਾਂ ਕਿਹਾ ਕਿ ਬਿਨਾਂ ਸ਼ੱਕ ਕਰਮਚਾਰੀ ਨੇ ਉਹਨਾਂ ਦੇ ਦਫਤਰ ਦਾ ਕੰਮ ਬਹੁਤ ਵਧੀਆ ਢੰਗ ਨਾਲ ਸੰਭਾਲਿਆ ਹੋਇਆ ਸੀ ਅਤੇ ਉਹ ਆਪਣੇ ਕੰਮ ਪ੍ਰਤੀ ਜਿੰਮੇਵਾਰ ਹੈ। ਉਹਨਾਂ ਕਿਹਾ ਕਿ ਇਸ ਮਹਿਲਾ ਕਰਮਚਾਰੀ ਦੇ ਜਾਣ ਨਾਲ ਉਹਨਾਂ ਦੇ ਦਫਤਰ ਦਾ ਕੰਮ ਤਾਂ ਪ੍ਰਭਾਵਿਤ ਹੋਵੇਗਾ ਹੀ ਅਤੇ ਸਰਕਾਰ ਵਲੋੱ ਇਸ ਸੀਟ ਤੇ ਕਿਸੇ ਨੂੰ ਨਿਯੁਕਤ ਵੀ ਨਹੀੱ ਕੀਤਾ ਹੈ। ਇਸੇ ਤਰ੍ਹਾਂ ਪਹਿਲਾਂ ਬਦਲੇ ਗਏ ਕਰਮਚਾਰੀਆਂ ਦੇ ਬਦਲੇ ਇੱਥੇ ਬਦਲਵੇੱ ਕਰਮਚਾਰੀ ਤੈਨਾਤ ਨਾ ਕੀਤੇ ਜਾਣ ਕਾਰਨ ਵੀ ਨਿਗਮ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ। ਉਹਨਾਂ ਕਿਹਾ ਕਿ ਇਸ ਸਾਰੇ ਕੁੱਝ ਦਾ ਅਸਰ ਸ਼ਹਿਰ ਦੇ ਵਿਕਾਸ ਤੇ ਪੈਂਦਾ ਹੈ। ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਇਹ ਕਾਰਵਾਈ ਕੀਤੀ ਹੈ ਤਾਂ ਸੋਚ ਕੇ ਹੀ ਕੀਤੀ ਹੋਣੀ ਹੈ ਪਰ ਇਸ ਕਾਰਣ ਸ਼ਹਿਰ ਦੇ ਵਿਕਾਸ ਤੇ ਪੈਣ ਵਾਲੇ ਪ੍ਰਭਾਵ ਦੀ ਜਿੰਮੇਵਾਰੀ ਵੀ ਸਰਕਾਰ ਨੂੰ ਲੈਣੀ ਹੀ ਪੈਣੀ ਹੈ। ਬਦਲੀਆਂ ਕਰਨਾ ਸਰਕਾਰ ਦਾ ਕੰਮ: ਵਿਧਾਇਕ ਸਿੱਧੂ ਵਿਧਾਇਕ ਬਲਬੀਰ ਸਿੰਘ ਸਿੱਧੂ ਹਲਕਾ ਵਿਧਾਇਕ ਇਸ ਗੱਲ ਤੋਂ ਸਾਫ਼ ਇਨਕਾਰ ਕਰਦਿਆਂ ਕਿਹਾ ਕਿ ਉਹਨਾਂ ਦੀ ਨਿਗਮ ਦੇ ਕਿਸੇ ਅਧਿਕਾਰੀ ਜਾਂ ਕਰਮਚਾਰੀ ਦੀ ਬਦਲੀ ਵਿੱਚ ਕੋਈ ਭੂਮਿਕਾ ਨਹੀਂ ਹੈ। ਉਨ੍ਹਾਂ ਕਿਹਾ ਕਿ ਮੁਲਾਜਮਾਂ ਦੀਆਂ ਬਦਲੀਆਂ ਕਰਨਾ ਸਰਕਾਰ ਦਾ ਕੰਮ ਹੈ ਅਤੇ ਇਹ ਬਦਲੀਆਂ ਸਰਕਾਰ ਦੀ ਨੀਤੀਆਂ ਅਨੁਸਾਰ ਹੀ ਸਮੇਂ ਸਮੇਂ ਸਿਰ ਹੁੰਦੀਆਂ ਰਹਿੰਦੀਆਂ ਹਨ। ਉਹਨਾਂ ਕਿਹਾ ਕਿ ਉਹ ਸ਼ਹਿਰ ਦੇ ਵਿਕਾਸ ਲਈ ਜਵਾਬਦੇਹ ਹਨ ਅਤੇ ਸ਼ਹਿਰ ਦੇ ਹਿੱਤ ਵਿੱਚ ਕੰਮ ਕਰਨ ਲਈ ਪੁਰੀ ਤਰ੍ਹਾਂ ਵਚਨਬੱਧ ਹਨ। ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਵੱਲੋਂ ਲਗਾਏ ਇਲਜਾਮ ਬਾਰੇ ਉਹਨਾਂ ਕਿਹਾ ਕਿ ਮੇਅਰ ਦੀ ਨਿੱਜੀ ਸਹਾਇਕ ਨੂੰ ਤਾਂ ਉਹ ਚੰਗੀ ਤਰ੍ਹਾਂ ਜਾਣਦੇ ਤੱਕ ਵੀ ਨਹੀਂ ਹਨ ਅਤੇ ਉਹਨਾਂ ਦਾ ਉਸ ਦੀ ਬਦਲੀ ਵਿੱਚ ਕੋਈ ਲੈਣਾ ਦੇਣਾ ਨਹੀਂ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ