
ਚੋਣ ਡਿਊਟੀ ਕਰਨ ਵਾਲੇ ਟੀਚਿੰਗ ਸਟਾਫ਼ ਦੀਆਂ ਸੇਵਾਵਾਂ ਨੂੰ ਸਨਮਾਨ ਦੇਣ ਲਈ ਹੋਣਗੇ ਲੇਖਣ ਮੁਕਾਬਲੇ: ਆਸ਼ਿਕਾ ਜੈਨ
ਸੂਬਾ ਪੱਧਰੀ ਤਿੰਨ ਬਿਹਤਰੀਨ ਐਂਟਰੀਆਂ ਨੂੰ ਮਿਲਣਗੇ ਨਗਦ ਇਨਾਮ, ਜ਼ਿਲ੍ਹਾ ਪੱਧਰ ਤੇ ਮਿਲਣਗੇ ਸਰਟੀਫਿਕੇਟ
31 ਅਗਸਤ ਤੱਕ ਤਿੰਨ ਵਿਸ਼ਿਆਂ ਤੇ 500 ਸ਼ਬਦਾਂ ਵਾਲੇ ਲੇਖ ਲੈਣ ਲਈ ਕਮੇਟੀ ਬਣਾਈ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਅਗਸਤ:
ਪੰਜਾਬ ਦੇ ਮੁੱਖ ਚੋਣ ਅਫ਼ਸਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚੋਣਾਂ ਦੌਰਾਨ ਟੀਚਿੰਗ ਸਟਾਫ਼ ਵੱਲੋਂ ਦਿੱਤੀਆਂ ਸੇਵਾਵਾਂ ਨੂੰ ਅਧਿਆਪਕ ਦਿਵਸ ਮੌਕੇ 5 ਸਤੰਬਰ ਨੂੰ ਸਨਮਾਨ ਦੇਣ ਲਈ ਟੀਚਿੰਗ ਸਟਾਫ਼ ਦੇ ਲੇਖਣ ਮੁਕਾਬਲੇ ਕਰਵਾਏ ਜਾ ਰਹੇ ਹਨ। ਜਿਸ ਤਹਿਤ ਸੂਬਾ ਪੱਧਰ ’ਤੇ ਪਹਿਲੀਆਂ ਤਿੰਨ ਬਿਹਤਰੀਨ ਐਂਟਰੀਆਂ ਨੂੰ ਸਨਮਾਨ ਵਜੋਂ ਕ੍ਰਮਵਾਰ 1500 ਰੁਪਏ, 1000 ਰੁਪਏ ਅਤੇ 500 ਰੁਪਏ ਨਗਦ ਇਨਾਮ ਵਜੋਂ ਦਿੱਤੇ ਜਾਣਗੇ ਜਦਕਿ ਜ਼ਿਲ੍ਹਾ ਪੱਧਰ ’ਤੇ ਪਹਿਲੇ ਸਥਾਨ ’ਤੇ ਆਏ ਅਧਿਆਪਕ ਨੂੰ ਵਿਸ਼ੇਸ਼ ਸਰਟੀਫਿਕੇਟ ਦਿੱਤਾ ਜਾਵੇਗਾ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਮੁਹਾਲੀ ਦੀ ਵਧੀਕ ਡਿਪਟੀ ਕਮਿਸ਼ਨਰ(ਜਨਰਲ)-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਅਧਿਆਪਕ 31 ਅਗਸਤ ਤੱਕ ਆਪਣੀ ਐਂਟਰੀ ਕਰਵਾ ਸਕਦੇ ਹਨ।
ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਇਹ ਲੇਖਣ ਮੁਕਾਬਲੇ ਚੋਣਾਂ ਦੌਰਾਨ ਤਜ਼ਰਬੇ, ਚੋਣ ਡਿਊਟੀ ਨੂੰ ਹੋਰ ਸੁਖਾਵਾਂ ਬਣਾਉਣ ਲਈ ਸੁਝਾਅ ਅਤੇ ਕੋਵਿਡ-19 ਦੌਰਾਨ ਚੋਣ ਡਿਊਟੀ ਨੂੰ ਦਰਪੇਸ਼ ਚੁਨੌਤੀਆਂ ਵਿਸ਼ਿਆਂ ’ਤੇ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਜ਼ਿਲ੍ਹੇ ਦੇ ਸਮੂਹ ਸਕੂਲ, ਕਾਲਜ, ਆਈਟੀਆਈ, ਸਰਕਾਰੀ ਪੋਲੀਟੈਕਨਿਕ ਅਤੇ ਕਾਲਜਾਂ ਦੇ ਸਟਾਫ਼, ਜਿਨ੍ਹਾਂ ਵੱਲੋਂ ਚੋਣ ਡਿਊਟੀ ਦਿੱਤੀ ਗਈ ਹੈ, ਉਕਤ ਵਿਸ਼ਿਆਂ ‘ਤੇ 500 ਸ਼ਬਦ ਅੰਗਰੇਜ਼ੀ ਜਾਂ ਪੰਜਾਬੀ ਭਾਸ਼ਾ ਵਿੱਚ ਲਿਖ ਕੇ ਜ਼ਿਲ੍ਹਾ ਨੋਡਲ ਅਧਿਕਾਰੀ ਨੂੰ 31 ਅਗਸਤ 2020 ਤੱਕ ਆਪਣੀ ਐਂਟਰੀ ਸ੍ਰੀਮਤੀ ਸੁਚਰੀਤ ਚੀਮਾ, ਜ਼ਿਲ੍ਹਾ ਨੋਡਲ ਅਫ਼ਸਰ (ਸਵੀਪ) ਦੀ ਈ-ਮੇਲ ਆਈਡੀ drmohaligmail.com ਜਾਂ ਕਮਰਾ ਨੰਬਰ 450, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸੈਕਟਰ-76 ਵਿਖੇ ਭੇਜੇ ਜਾ ਸਕਦੇ ਹਨ। ਪੂਰੇ ਪੰਜਾਬ ’ਚੋਂ ਪ੍ਰਾਪਤ ਐਂਟਰੀਆਂ ਵਿੱਚੋਂ ਬੈੱਸਟ ਐਂਟਰੀਆਂ ਨੂੰ ਨਕਦ ਇਨਾਮ 1500, 1000 ਤੇ 500 ਰੁਪਏ ਲਈ ਚੁਣਿਆ ਜਾਵੇਗਾ। ਏਡੀਸੀ ਨੇ ਸਮੂਹ ਅਧਿਆਪਕਾਂ ਨੂੰ ਕਿਹਾ ਕਿ ਇਸ ਪ੍ਰਤੀਯੋਗਤਾ ਵਿੱਚ ਵੱਧ ਤੋਂ ਵੱਧ ਅਧਿਆਪਕ ਭਾਗ ਲੈਣ ਨੂੰ ਯਕੀਨੀ ਬਣਾਉਣ ਨੂੰ ਤਰਜ਼ੀਹ ਦੇਣ।