ਜ਼ਮੀਨਾਂ ਨੂੰ ਲੱਗਦੇ ਰਸਤੇ ਨਿੱਜੀ ਕੰਪਨੀ ਨੂੰ ਵੇਚਣ ਖ਼ਿਲਾਫ਼ ਡਾਇਰੈਕਟਰ ਪੰਚਾਇਤ ਨੂੰ ਸ਼ਿਕਾਇਤ ਦਿੱਤੀ

ਪਿੰਡ ਦੀ ਸਰਪੰਚ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਮੰਗ, ਸਰਪੰਚ ਦੇ ਪਤੀ ਨੇ ਦੋਸ਼ ਨਕਾਰੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਜੂਨ:
ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਸਮਾਜ ਸੇਵੀ ਜਗਦੇਵ ਸਿੰਘ ਮਲੋਆ ਨੇ ਕਿਹਾ ਹੈ ਕਿ ਜ਼ਿਲ੍ਹਾ ਮੁਹਾਲੀ ਦੇ ਨਵਾਂ ਚੰਡੀਗੜ੍ਹ ਵਿੱਚ ਪਿਛਲੇ ਕਈ ਸਾਲਾਂ ਤੋਂ ਲੈਂਡ ਮਾਫੀਆ ਸਰਗਰਮ ਹੈ ਜਿਸ ਵਲੋੱ ਵੱਖ ਵੱਖ ਪਿੰਡਾਂ ਰਸੂਲਪੁਰ, ਟੋਢੇਮਾਜਰਾ, ਸੈਣੀਮਾਜਰਾ, ਭੜੋਜੀਆਂ ਆਦਿ ਦੀਆਂ ਪਹੀਆਂ (ਰਾਸਤੇ) ਅਤੇ ਸ਼ਾਮਲਾਟ ਜ਼ਮੀਨਾਂ ਉੱਤੇ ਧੱਕੇ ਨਾਲ ਕਬਜੇ ਕੀਤੇ ਜਾ ਰਹੇ ਹਨ। ਅੱਜ ਇੱਥੇ ਪਿੰਡ ਰਸੂਲਪੁਰ ਦੇ ਜਿਮੀਦਾਰਾਂ ਦੇ ਨਾਲ ਪੇੱਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਦਫਤਰ ਵਿੱਚ ਪਿੰਡ ਰਸੂਲਪੁਰ ਦੇ ਸਰਪੰਚ ਦੇ ਖ਼ਿਲਾਫ਼ ਸ਼ਿਕਾਇਤ ਦੇਣ ਉਪਰੰਤ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਹਨਾਂ ਕਿਹਾ ਕਿ ਨਿਊ ਚੰਡੀਗੜ੍ਹ ਵਿੱਚ ਲੈਂਡ ਮਾਫੀਆ ਨੂੰ ਖਤਮ ਕਰਕੇ ਪਿੰਡਾਂ ਨੂੰ ਇਨਸਾਫ਼ ਦਿਵਾਇਆ ਜਾਵੇਗਾ।
ਉਹਨਾਂ ਦੱਸਿਆ ਕਿ ਪਿੰਡ ਰਸੂਲਪੁਰ ਦੇ ਜਿਮੀਦਾਰਾਂ ਵੱਲੋਂ ਸ਼ਿਕਾਇਤ ਕੀਤੀ ਜਾ ਰਹੀ ਸੀ ਕਿ ਪਿੰਡ ਦੀ ਸਰਪੰਚ ਸਵਰਨਜੀਤ ਕੌਰ ਦੇ ਪਤੀ ਗੁਰਮੇਲ ਸਿੰਘ ਵੱਲੋਂ ਪਿੰਡ ਦੀਆਂ ਪਹੀਆਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਇੱਕ ਨਿੱਜੀ ਕੰਪਨੀ ਨੂੰ ਵੇਚਿਆ ਗਿਆ ਹੈ ਜਿਸਦੀ ਉਹ ਸ਼ਿਕਾਇਤ ਦੇਣ ਆਏ ਹਨ। ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਪਿੰਡ ਰਸੂਲਪੁਰ ਦੀ ਸਰਪੰਚ ਗਰਾਮ ਨੇ ਪਿੰਡ ਦੇ ਲੋਕਾਂ ਦੀ ਜ਼ਮੀਨ ਨੂੰ ਲੱਗਦੇ ਰਸਤਿਆਂ ਨੂੰ ਇੱਕ ਬੇਨਾਮਾ ਰਜਿਸਟਰੀ ਬਰੂਏ ਵਸੀਕਾ ਨੰਬਰ 2019-20, 16-1-1673 ਮਿਤੀ 19 ਅਗਸਤ 2019 ਵਾਕਿਆ ਪਿੰਡ ਰਸੂਲਪੁਰ ਦੀ ਇਕ ਸੁਸਾਇਟੀ ਨੂੰ ਵੇਚ ਦਿੱਤੀ ਹੈ।
ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਸਰਪੰਚ ਸਵਰਨਜੀਤ ਕੌਰ ਕੋਲ ਪੰਚਾਇਤ ਦਾ ਕੋਈ ਕੌਰਮ ਪੂਰਾ ਨਹੀਂ ਸੀ ਇਸਦੇ ਬਾਵਜੂਦ ਉਪਰੋਕਤ ਵਸੀਕੇ ਰਾਹੀ ਪਿੰਡ ਦੇ ਜਿਮੀਦਾਰਾਂ ਦੀ ਜਮੀਨ ਨੂੰ ਲੱਗਦੇ ਰਸਤਿਆਂ ਨੂੰ ਸਰਪੰਚ ਸਰਵਜੀਤ ਕੌਰ ਨੇ ਦੋ ਮੈਂਬਰ ਪੰਚਾਇਤ ਨਾਲ ਮਿਲੀ ਭੁਗਤ ਕਰਕੇ ਰਜਿਸਟਰੀ ਤਸਦੀਕ ਕਰਵਾ ਦਿੱਤੀ ਜਦੋਂਕਿ ਉਸ ਨੂੰ ਇਸ ਜ਼ਮੀਨ ਨੂੰ ਵੇਚਣ ਦਾ ਅਧਿਕਾਰ ਨਹੀਂ ਸੀ ਅਤੇ ਜਿਮੀਦਾਰਾਂ ਦੀਆਂ ਜਮੀਨਾਂ ਨਾਲ ਲੱਗਦੇ ਰਸਤਿਆਂ ਨੂੰ ਆਪਣੀ ਇਸ ਤਰੀਕੇ ਨਾਲ ਨਹੀਂ ਵੇਚਿਆ ਜਾ ਸਕਦਾ।
ਪੱਤਰ ਵਿੱਚ ਮੰਗ ਗੀਤੀ ਗਈ ਹੈ ਕਿ ਸਰਪੰਚ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਇਸ ਵਸੀਕੇ ਨੂੰ ਰੱਦ ਕਰਕੇ ਪਿੰਡ ਦੇ ਵਸਨੀਕਾਂ ਅਤੇ ਜਿਮੀਦਾਰਾਂ ਨੂੰ ਇਨਸਾਫ਼ ਦਿੱਤਾ ਜਾਵੇ। ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਇਹ ਸਾਰਾ ਕੁੱਝ ਮਿਲੀਭੁਗਤ ਨਾਲ ਹੀ ਕੀਤਾ ਗਿਆ ਹੈ ਅਤੇ ਜੇਕਰ ਇਸ ਕਾਰਵਾਈ ਤੇ ਰੋਕ ਨਾ ਲਗਾਈ ਗਈ ਤਾਂ ਹੋਰ ਸਰਪੰਚ ਅਤੇ ਪੰਚਾਇਤਾਂ ਵੀ ਲੋਕਾਂ ਦੀਆਂ ਜ਼ਮੀਨਾਂ ਨੂੰ ਲੱਗਦੇ ਰਸਤਿਆਂ ਨੂੰ ਵਿਭਾਗ ਨਾਲ ਮਿਲਕੇ ਵੇਚ ਜਾਣਗੇ। ਇਸ ਮੌਕੇ ਪਿੰਡ ਦੇ ਜਿਮੀਦਾਰ ਤਰਲੋਚਨ ਸਿੰਘ, ਮੇਜਰ ਸਿੰਘ, ਲਾਭ ਸਿੰਘ, ਭੁਪਿੰਦਰ ਸਿੰਘ, ਜਗਤਾਰ ਸਿੰਘ, ਪ੍ਰੇਮ ਸਿੰਘ, ਸੁਨੀਤਾ ਰਾਣੀ, ਪਵਿਤਰ ਸਿੰਘ, ਹਰਮਿੰਦਰ ਸਿੰਘ, ਰਣਜੀਤ ਸਿੰਘ, ਅਮਰਜੀਤ ਸਿੰਘ, ਸੌਦਾਗਰ ਸਿੰਘ ਅਤੇ ਰਣਜੀਤ ਸਿੰਘ ਵੀ ਹਾਜ਼ਰ ਸਨ।
ਉਧਰ, ਇਸ ਸਬੰਧੀ ਸੰਪਰਕ ਕਰਨ ’ਤੇ ਪਿੰਡ ਦੀ ਸਰਪੰਚ ਸਵਰਨਜੀਤ ਕੌਰ ਦੇ ਪਤੀ ਗੁਰਮੇਲ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਖ਼ਿਲਾਫ਼ ਲਗਾਏ ਗਏ ਇਲਜਾਮ ਪੂਰੀ ਤਰ੍ਹਾਂ ਝੂਠੇ ਅਤੇ ਬੇਬੁਨਿਆਦ ਹਨ ਅਤੇ ਸਾਰਾ ਕੰਮ ਕਾਨੂੰਨੀ ਤਰੀਕੇ ਨਾਲ ਹੀ ਮੁਕੰਮਲ ਹੋਇਆ ਹੈ। ਜਿਸ ਦਾ ਪੂਰਾ ਰਿਕਾਰਡ ਉਨ੍ਹਾਂ ਕੋਲ ਮੌਜੂਦ ਹੈ। ਉਨ੍ਹਾਂ ਕਿਹਾ ਕਿ ਸ਼ਿਕਾਇਤ ਦੇਣ ਵਾਲੇ ਜਿਮੀਦਾਰਾਂ ਵੱਲੋਂ ਪਿਛਲੀ ਪੰਚਾਇਤ ਵੇਲੇ ਖੁਦ ਇਹ ਮਤਾ ਪਾਸ ਕੀਤਾ ਸੀ ਜਿਸ ਨੂੰ ਬਾਅਦ ਵਿੱਚ ਗ੍ਰਾਮ ਸਭਾ ਨੇ ਪ੍ਰਵਾਨਗੀ ਦਿੱਤੀ ਅਤੇ ਬਾਅਦ ਵਿੱਚ ਪੰਜਾਬ ਦੇ ਰਾਜਪਾਲ ਵੱਲੋਂ ਕਾਨੂੰਨ ਅਨੁਸਾਰ ਇਹ ਜ਼ਮੀਨ ਵੇਚਣ ਦੀ ਇਜਾਜ਼ਤ ਦਿੱਤੀ ਗਈ ਸੀ ਅਤੇ ਇਸ ਵਿਚ ਕੁੱਝ ਵੀ ਗਲਤ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਦਾ ਪੂਰਾ ਰਿਕਾਰਡ ਮੌਜੂਦ ਅਤੇ ਜਿਹੜਾ ਵੀ ਚਾਹੇ ਇਹ ਰਿਕਾਰਡ ਜਦੋਂ ਮਰਜ਼ੀ ਦੇਖ ਸਕਦਾ ਹੈ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…