Nabaz-e-punjab.com

ਲੋਕਾਂ ਨਾਲ ਠੱਗੀਆਂ ਮਾਰਨ ਵਾਲੀ ਇੰਮੀਗਰੇਸ਼ਨ ਕੰਪਨੀ ਖ਼ਿਲਾਫ਼ ਪੁਲੀਸ ਮੁਖੀ ਨੂੰ ਦਿੱਤੀ ਸ਼ਿਕਾਇਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਦਸੰਬਰ:
ਇੱਥੋਂ ਦੇ ਸੈਕਟਰ-127 ਵਿੱਚ ਚਲਦੀ ਇਮੀਗਰੇਸ਼ਨ ਕੰਪਨੀ ਦੇ ਪ੍ਰਬੰਧਕਾਂ ਵੱਲੋਂ ਸੋਸ਼ਲ ਮੀਡੀਆ ’ਤੇ ਇਸ਼ਤਿਹਾਰ ਦੇ ਕੇ ਭੋਲੇ ਭਾਲੇ ਲੋਕਾਂ ਨੂੰ ਰੂਸ ਅਤੇ ਖਾੜੀ ਦੇਸ਼ਾਂ ਵਿੱਚ ਭੇਜਣ ਦੇ ਨਾਂ ’ਤੇ ਲੱਖਾਂ ਰੁਪਏ ਲੁੱਟ ਖਸੁੱਟ ਕੀਤੀ ਜਾ ਰਹੀ ਹੈ। ਹੁਣ ਕੰਪਨੀ ਦੇ ਅਧਿਕਾਰੀਆਂ ਦੇ ਆਪਣੇ ਮੋਬਾਈਲ ਫੋਨ ਵੀ ਬੰਦ ਕਰ ਲਏ ਹਨ। ਜਿਸ ਕਾਰਨ ਉਨ੍ਹਾਂ ਨੂੰ ਕਾਫੀ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਇਸ ਸਬੰਧੀ ਇਮੀਗਰੇਸ਼ਨ ਕੰਪਨੀ ਦੀ ਠੱਗੀ ਦਾ ਸ਼ਿਕਾਰ ਹੋਏ ਵਿਅਕਤੀਆਂ ’ਚੋਂ 19 ਜਣਿਆਂ ਨੇ ਅੱਜ ਪੰਜਾਬ ਅਗੇਂਸਟ ਕੁਰੱਪਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਦਾਊਂ ਦੀ ਅਗਵਾਈ ਹੇਠ ਇਕ ਸਾਂਝੀ ਸ਼ਿਕਾਇਤ ਮੁਹਾਲੀ ਦੇ ਐਸਐਸਪੀ ਨੂੰ ਦਿੱਤੀ ਹੈ।
ਪੀੜਤ ਵਿਅਕਤੀਆਂ ਨੇ ਦੱਸਿਆ ਕਿ ਕੰਪਨੀ ਵੱਲੋਂ ਹੁਣ ਤੱਕ ਤਕਰੀਬਨ 150 ਵਿਅਕਤੀਆਂ ਤੋਂ ਵਿਦੇਸ਼ ਭੇਜਣ ਦੇ ਨਾਂ ’ਤੇ ਪ੍ਰਤੀ ਵਿਅਕਤੀ 50-50 ਹਜ਼ਾਰ ਰੁਪਏ ਵਸੂਲੇ ਗਏ ਹਨ। ਜ਼ਿਆਦਾਤਰ ਪੈਸੇ ਇਕ ਮਹਿਲਾ ਦੇ ਬੈਂਕ ਖਾਤਿਆਂ ਵਿੱਚ ਜਮ੍ਹਾ ਹੋਏ ਹਨ। ਕੰਪਨੀ ਅਧਿਕਾਰੀਆਂ ਨੇ ਉਨ੍ਹਾਂ ਨੂੰ ਬੀਤੀ 8 ਅਤੇ 9 ਦਸੰਬਰ ਨੂੰ ਦਫ਼ਤਰ ਵਿੱਚ ਬੁਲਾਇਆ ਸੀ ਅਤੇ ਕਿਹਾ ਸੀ ਕਿ 16 ਦਸੰਬਰ ਤੱਕ ਉਨ੍ਹਾਂ ਦੇ ਪਾਸਪੋਰਟ ਵੀਜ਼ੇ ਲਗਾ ਕੇ ਦੇ ਦਿੱਤੇ ਜਾਣਗੇ। ਕੰਪਨੀ ਅਧਿਕਾਰੀਆਂ ਨੇ ਉਨ੍ਹਾਂ ਦਾ ਮੈਡੀਕਲ ਕਰਵਾਉਣ ਦੇ ਨਾਂ ’ਤੇ ਆਪਣੇ ਹੀ ਕਿਸੇ ਜਾਣਕਾਰ ਦੀ ਲੈਬਾਰਟਰੀ ਵਿੱਚ ਪ੍ਰਤੀ ਵਿਅਕਤੀ 5 ਤੋਂ 6 ਹਜ਼ਾਰ ਰੁਪਏ ਵਸੂਲੇ ਗਏ। ਅੱਜ ਜਦੋਂ ਉਹ ਉਕਤ ਕੰਪਨੀ ਦੇ ਦਫ਼ਤਰ ਵਿੱਚ ਆਪਣੇ ਪਾਸਪੋਰਟ ਅਤੇ ਵੀਜ਼ਾ ਲੈਣ ਲਈ ਪੁੱਜੇ ਤਾਂ ਦਫ਼ਤਰ ਨੂੰ ਜ਼ਿੰਦਰੇ ਲੱਗੇ ਹੋਏ ਸਨ ਅਤੇ ਪ੍ਰਬੰਧਕਾਂ ਅਤੇ ਸਟਾਫ਼ ਦੇ ਮੋਬਾਈਲ ਫੋਨ ਬੰਦ ਆ ਰਹੇ ਸਨ। ਉਨ੍ਹਾਂ ਮੰਗ ਕੀਤੀ ਕਿ ਕੰਪਨੀ ਦੇ ਪ੍ਰਬੰਧਕਾਂ ਅਤੇ ਸਟਾਫ਼ ਮੈਂਬਰਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਜਿਹੜੇ ਵਿਅਕਤੀ ਕੰਪਨੀ ਦੀ ਠੱਗੀ ਦਾ ਸ਼ਿਕਾਰ ਹੋਏ ਹਨ। ਉਨ੍ਹਾਂ ਵਿੱਚ ਇਕਬਾਲ ਸਿੰਘ (25 ਹਜ਼ਾਰ ਰੁਪਏ), ਨਸੀਬ ਸਿੰਘ (23 ਹਜ਼ਾਰ ਰੁਪਏ), ਪਰਮਜੀਤ ਸਿੰਘ (36 ਹਜ਼ਾਰ ਰੁਪਏ), ਸੁਨੀਲ ਕੁਮਾਰ (36 ਹਜ਼ਾਰ ਰੁਪਏ), ਦਲਜੀਤ ਸਿੰਘ (40 ਹਜ਼ਾਰ ਰੁਪਏ), ਸੁਖਦੇਵ ਸਿੰਘ (30 ਹਜ਼ਾਰ ਰੁਪਏ), ਜਸਵੰਤ ਸਿੰਘ (30 ਹਜ਼ਾਰ ਰੁਪਏ), ਯੂਨਿਸ (32 ਹਜ਼ਾਰ ਰੁਪਏ), ਸੁਖਵਿੰਦਰ ਸਿੰਘ (6 ਹਜ਼ਾਰ ਰੁਪਏ), ਗੁਰਪਾਲ ਸਿੰਘ (45 ਹਜ਼ਾਰ ਰੁਪਏ), ਸੁਰਿੰਦਰ ਸਿੰਘ (49 ਹਜ਼ਾਰ ਰੁਪਏ), ਸੁਰਸਾਹਿਬ ਸਿੰਘ (6 ਹਜ਼ਾਰ ਰੁਪਏ), ਬਹਾਦਰ ਸਿੰਘ (50 ਹਜ਼ਾਰ ਰੁਪਏ), ਅਮਨਦੀਪ ਸਿੰਘ (50 ਹਜ਼ਾਰ ਰੁਪਏ), ਹੰਸ ਰਾਜ (50 ਹਜ਼ਾਰ ਰੁਪਏ), ਕੁਲਦੀਪ ਸਿੰਘ (50 ਹਜ਼ਾਰ ਰੁਪਏ), ਰਾਜੀਵ ਕੁਮਾਰ (50 ਹਜ਼ਾਰ ਰੁਪਏ), ਕੁਲਜੀਤ ਸਿੰਘ (50 ਹਜ਼ਾਰ ਰੁਪਏ), ਰੋਹਿਤ ਕੁਮਾਰ (50 ਹਜ਼ਾਰ ਰੁਪਏ) ਆਦਿ ਸ਼ਾਮਲ ਹਨ। ਜਿਨ੍ਹਾਂ ਨੇ ਅੱਜ ਸਾਂਝੇ ਤੌਰ ’ਤੇ ਐਸਐਸਪੀ ਦਫ਼ਤਰ ਦਾ ਬੂਹਾ ਖੜਕਾਇਆ ਹੈ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…