
ਆਜ਼ਾਦ ਗਰੁੱਪ ਵੱਲੋਂ ਸਿੱਧੂ ਭਰਾਵਾਂ ਸਮੇਤ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਖ਼ਿਲਾਫ਼ ਦਿੱਤੀ ਸ਼ਿਕਾਇਤ
ਕੋਵਿਡ 19 ਦੀਆਂ ਪਾਬੰਦੀਆਂ ਦੇ ਬਾਵਜੂਦ ਜਨਤਕ ਇਕੱਠ ਕਰਕੇ ਮਹਾਮਾਰੀ ਨੂੰ ਅੱਗੇ ਫੈਲਾਉਣ ਦਾ ਦੋਸ਼
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਮਈ:
ਆਜ਼ਾਦ ਗਰੁੱਪ ਦੇ ਸੀਨੀਅਰ ਪਰਵਿੰਦਰ ਸਿੰਘ ਬੈਦਵਾਨ, ਫੂਲਰਾਜ ਸਿੰਘ, ਆਰਪੀ ਸਿੰਘ ਸ਼ਰਮਾ, ਜਸਪਾਲ ਸਿੰਘ ਮਟੌਰ ਸਮੇਤ ਹੋਰਨਾਂ ਆਗੂਆਂ ਨੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਅਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ’ਤੇ ਕੋਵਿਡ ਨਿਯਮਾਂ ਦੀ ਉਲੰਘਣਾ ਕਰਕੇ ਜਨਤਕ ਇਕੱਠ ਕਰਕੇ ਮਹਾਮਾਰੀ ਨੂੰ ਅੱਗੇ ਹੋਰ ਫੈਲਾਉਣ ਦਾ ਦੋਸ਼ ਲਾਇਆ ਹੈ। ਇਸ ਸਬੰਧੀ ਉਨ੍ਹਾਂ ਨੇ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਲਿਖਤੀ ਸ਼ਿਕਾਇਤ ਦੇ ਕੇ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਆਜ਼ਾਦ ਗਰੁੱਪ ਦੇ ਆਗੂਆਂ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਕਿ ਕੋਵਿਡ-19 ਮਹਾਮਾਰੀ ਫੈਲਣ ਤੋਂ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਖ਼ਤ ਪਾਬੰਦੀਆਂ ਲਗਾਈਆਂ ਗਈਆਂ ਹਨ। ਜ਼ਿਲ੍ਹੇ ਵਿੱਚ ਸਮਾਜਿਕ/ਧਾਰਮਿਕ/ਕਲਚਰਲ/ਸਿਆਸੀ ਅਤੇ ਖੇਡਾਂ ਆਦਿ ’ਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ। ਇਹੀ ਨਹੀਂ ਸਸਕਾਰ ਮੌਕੇ ਵੀ ਸਿਰਫ਼ 10 ਵਿਅਕਤੀ ਅਤੇ ਵਿਆਹ-ਸ਼ਾਦੀਆਂ ਵਿੱਚ 20 ਵਿਅਕਤੀਆਂ ਦੇ ਇਕੱਠੇ ਹੋਣ ਦੀ ਮਨਜ਼ੂਰੀ ਦਿੱਤੀ ਗਈ ਹੈ। ਪ੍ਰੰਤੂ ਮੁਹਾਲੀ ਵਿੱਚ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਉਨ੍ਹਾਂ ਦੇ ਛੋਟੇ ਭਰਾ ਮੇਅਰ ਜੀਤੀ ਸਿੱਧੂ ਸਮੇਤ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਅਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵੱਲੋਂ ਕੋਵਿਡ ਨਿਯਮਾਂ ਤੇ ਪਾਬੰਦੀਆਂ ਦੀ ਲਗਾਤਾਰ ਉਲੰਘਣਾ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਬੀਤੀ 18 ਮਈ ਨੂੰ ਸਿਹਤ ਮੰਤਰੀ, ਮੇਅਰ, ਡਿਪਟੀ ਮੇਅਰ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਨੇ ਇਕੱਠ ਕਰਕੇ ਫੇਜ਼-11 ਤੋਂ ਬਲੌਂਗੀ ਤੱਕ ਬਣਨ ਵਾਲੀ ਸੜਕ ਦਾ ਨੀਂਹ ਪੱਥਰ ਰੱਖਿਆ। ਇਸ ਤੋਂ ਮੇਅਰ ਅਤੇ ਉਨ੍ਹਾਂ ਦੀ ਟੀਮ ਵੱਲੋਂ ਵਿਕਾਸ ਦੇ ਨਾਂ ’ਤੇ ਪ੍ਰੋਗਰਾਮ ਉਲੀਕ ਕੇ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਜਦੋਂਕਿ ਸਿਆਸੀ ਵਿਰੋਧੀਆਂ ’ਤੇ ਨਿਯਮਾਂ ਅਤੇ ਪਾਬੰਦੀਆਂ ਸਖ਼ਤੀ ਨਾਲ ਲਾਗੂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਆਪਣੇ ਅਤੇ ਬੇਗਾਨਿਆਂ ਲਈ ਵੱਖੋ-ਵੱਖਰੇ ਕਾਨੂੰਨ ਬਣਾਏ ਗਏ ਹਨ। ਇਸ ਮੌਕੇ ਕੌਂਸਲਰ ਸੁਖਦੇਵ ਸਿੰਘ ਪਟਵਾਰੀ, ਗੁਰਮੀਤ ਕੌਰ, ਰਮਨਪ੍ਰੀਤ ਕੌਰ ਕੁੰਭੜਾ ਅਤੇ ਸਾਬਕਾ ਕੌਂਸਲਰ ਸੁਰਿੰਦਰ ਸਿੰਘ ਰੋਡਾ, ਹਰਪਾਲ ਸਿੰਘ ਚੰਨਾ ਅਤੇ ਰਜਨੀ ਗੋਇਲ ਵੀ ਹਾਜ਼ਰ ਸਨ।
ਪੱਤਰ ਵਿੱਚ ਮੰਗ ਕੀਤੀ ਗਈ ਹੈ ਕਿ ਜੇਕਰ ਪ੍ਰਸ਼ਾਸਨ ਉਕਤ ਕਾਂਗਰਸੀ ਆਗੂਆਂ ਵੱਲੋਂ ਕੀਤੇ ਜਾ ਰਹੇ ਇਕੱਠਾਂ ਨੂੰ ਨਹੀਂ ਰੋਕ ਸਕਦਾ ਤਾਂ ਫਿਰ ਕਿਸੇ ਦੀ ਮੌਤ, ਵਿਆਹ ਸ਼ਾਦੀਆਂ ਮੌਕੇ ਅਤੇ ਸ਼ਹਿਰ ਵਿੱਚ ਗਰੀਬ ਜਨਤਾ ਨੂੰ ਆਪਣੇ ਰੁਜ਼ਗਾਰ ਚਲਾ ਕੇ ਦੋ ਵਕਤ ਦੀ ਰੋਟੀ ਕਮਾਉਣ ਤੇ ਵੀ ਕੋਈ ਪਾਬੰਦੀ ਨਾ ਲਗਾਈ ਜਾਵੇ। ਉਹਨਾਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਸ਼ਹਿਰ ਵਿੱਚ ਕੋਵਿਡ ਸਬੰਧੀ ਜਾਰੀ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਉਕਤ ਕਾਂਗਰਸੀ ਆਗੂਆਂ ਤੇ ਬਣਦੀ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਤਾਂ ਉਨ੍ਹਾਂ ਨੂੰ ਮਜ਼ਬੂਰ ਹੋ ਕੇ ਅਦਾਲਤ ਦਾ ਵੀ ਸਹਾਰਾ ਲੈਣਾ ਪੈ ਸਕਦਾ ਹੈ।
ਆਗੂਆਂ ਨੇ ਕਿਹਾ ਕਿ ਇੱਕ ਪਾਸੇ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਹਨ ਪਰ ਸਿਹਤ ਮੰਤਰੀ ਅਤੇ ਮੇਅਰ ਨੂੰ ਵੱਡੇ ਇਕੱਠ ਕਰਕੇ ਉਦਘਾਟਨ ਕਰਨ ਦੀ ਪਈ ਹੋਈ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ ਕਿ ਅੰਤਿਮ ਸਸਕਾਰ ਤੇ ਦਸ ਵਿਅਕਤੀ ਇਕੱਠੇ ਨਹੀਂ ਹੋ ਸਕਦੇ ਪਰ ਕਾਂਗਰਸੀ ਆਗੂ ਉਦਘਾਟਨਾਂ ਤੇ ਵੱਡੇ ਇਕੱਠ ਕਰ ਰਹੇ ਹਨ। ਉਹਨਾਂ ਕਿਹਾ ਕਿ ਇਤਿਹਾਸ ਵਿੱਚ ਇੱਕ ਮਿਸਾਲ ਦਿੱਤੀ ਜਾਂਦੀ ਹੈ ਕਿ ਜਦੋਂ ਰੋਮ ਜਲ ਰਿਹਾ ਸੀ ਉਸ ਵੇਲੇ ਉੱਥੋਂ ਦਾ ਰਾਜਾ ਨੀਰੋ ਬੰਸੁਰੀ ਵਜਾ ਰਿਹਾ ਸੀ ਅਤੇ ਇਹ ਮਿਸਾਲ ਮੌਜੂਦਾ ਮਾਹੌਲ ਵਿੱਚ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਟੀਮ ਤੇ ਪੂਰੀ ਤਰ੍ਹਾਂ ਢੁੱਕਦੀ ਹੈ ਜਿਹੜੇ ਇਸ ਕਰੋਨਾ ਮਹਾਮਾਰੀ ਦੇ ਦੌਰ ਵਿੱਚ ਵੱਡੇ ਇਕੱਠ ਕਰਕੇ ਉਦਘਾਟਨਾਂ ਦੀ ਰਾਜਨੀਤੀ ਚਮਕਾਉਣ ਵਿੱਚ ਮਸਤ ਹਨ।
ਉਧਰ, ਦੂਜੇ ਪਾਸੇ ਮੇਅਰ ਜੀਤੀ ਸਿੱਧੂ, ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਅਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਵਿਰੋਧੀ ਧਿਰ ਵੱਲੋਂ ਲਗਾਏ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਅਤੇ ਝੂਠ ਦਾ ਪੁਲੰਦਾ ਦੱਸਦਿਆਂ ਆਜ਼ਾਦ ਗਰੁੱਪ ਨੂੰ ਵਿਕਾਸ ਵਿਰੋਧੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਆਜ਼ਾਦ ਗਰੁੱਪ ਨੂੰ ਆਪਣੀ ਹਾਰ ਅਤੇ ਸ਼ਹਿਰ ਦਾ ਵਿਕਾਸ ਹਜ਼ਮ ਨਹੀਂ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਰੇ ਦੋਸ਼ ਵਿਰੋਧੀ ਧਿਰ ਦੀ ਬੁਖਲਾਹਟ ਦਾ ਨਤੀਜਾ ਹਨ। ਉਨ੍ਹਾਂ ਕਿਹਾ ਕਿ ਸਰਕਾਰ ਜਾਂ ਨਗਰ ਨਿਗਮ ਵੱਲੋਂ ਮੌਜੂਦਾ ਸਮੇਂ ਵਿੱਚ ਕੋਈ ਪ੍ਰੋਗਰਾਮ ਨਹੀਂ ਉਲੀਕਿਆ ਜਾ ਰਿਹਾ ਹੈ ਪ੍ਰੰਤੂ ਸਰਕਾਰੀ ਨੇਮਾਂ ਦੇ ਤਹਿਤ ਵਿਕਾਸ ਨੂੰ ਤਰਜ਼ੀਹ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਵਿਕਾਸ ਕੰਮ ਸ਼ੁਰੂ ਕਰਨ ਮੌਕੇ ਲੋਕ ਆਪ ਮੁਹਾਰੇ ਪਹੁੰਚ ਜਾਂਦੇ ਹਨ। ਜਿੱਥੇ ਲੋਕ ਵਿਕਾਸ ਸਬੰਧੀ ਸਿਹਤ ਮੰਤਰੀ ਅਤੇ ਮੇਅਰ ਟੀਮ ਦਾ ਧੰਨਵਾਦ ਕਰਦੇ ਹਨ, ਉੱਥੇ ਆਪਣੀਆਂ ਸਮੱਸਿਆਵਾਂ ਵੀ ਦੱਸਦੇ ਹਨ।