ਪੁਲੀਸ ਕੋਲ ਸ਼ਿਕਾਇਤ ਆਉਣ ’ਤੇ ਵਿਰੋਧੀ ਧਿਰ ਨੂੰ ਤੁਰੰਤ ਮਿਲੇ ਸ਼ਿਕਾਇਤ ਦੀ ਕਾਪੀ: ਲਾਇਰਜ਼ ਯੂਨੀਅਨ ਐਸੋਸੀਏਸ਼ਨ

ਟਰੈਫ਼ਿਕ ਪੁਲੀਸ ਤੋਂ ਚਲਾਨ ਕੱਟਣ ਦੀਆਂ ਸ਼ਕਤੀਆਂ ਤੁਰੰਤ ਵਾਪਸ ਲੈਣ ਦੀ ਮੰਗ, ਮੁੱਖ ਮੰਤਰੀ ਨੂੰ ਪੱਤਰ ਲਿਖਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਸਤੰਬਰ:
ਆਲ ਇੰਡੀਆ ਲਾਇਰਜ਼ ਯੂਨੀਅਨ ਅਤੇ ਇੰਡੀਅਨ ਐਸੋਸੀਏਸ਼ਨ ਆਫ਼ ਲਾਇਰਜ਼ ਦੀ ਮੀਟਿੰਗ ਅੱਜ ਇੱਥੇ ਜ਼ਿਲ੍ਹਾ ਜੁਡੀਸ਼ਲ ਕੰਪਲੈਕਸ ਵਿਖੇ ਐਡਵੋਕੇਟ ਜਸਪਾਲ ਸਿੰਘ ਦੱਪਰ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਅਤੇ ਹੋਰ ਉੱਚ ਅਧਿਕਾਰੀਆਂ ਨੂੰ ਮੰਗ ਪੱਤਰ ਭੇਜ ਕੇ ਮੰਗ ਕੀਤੀ ਗਈ ਕਿ ਪੰਜਾਬ ਵਿੱਚ ਜੇਕਰ ਕੋਈ ਵਿਅਕਤੀ ਕਿਸੇ ਖ਼ਿਲਾਫ਼ ਕੋਈ ਸ਼ਿਕਾਇਤ ਦਿੰਦਾ ਹੈ ਤਾਂ ਤਫ਼ਤੀਸ਼ੀ ਅਫ਼ਸਰ\ਪੁਲੀਸ ਅਧਿਕਾਰੀ ਵੱਲੋਂ ਸ਼ਿਕਾਇਤ ਦੀ ਕਾਪੀ ਵਿਰੋਧੀ ਧਿਰ (ਜਿਸ ਵਿਅਕਤੀ ਦੇ ਖ਼ਿਲਾਫ਼ ਸ਼ਿਕਾਇਤ ਹੋਵੇ) ਨੂੰ ਤੁਰੰਤ ਦਿੱਤੀ ਜਾਵੇ।
ਇਸ ਮੌਕੇ ਵਕੀਲ ਦਰਸ਼ਨ ਸਿੰਘ ਧਾਲੀਵਾਲ ਨੇ ਦੱਸਿਆ ਕਿ ਮੰਗ ਪੱਤਰ ਦੀਆਂ ਕਾਪੀਆਂ ਮੁੱਖ ਸਕੱਤਰ, ਗ੍ਰਹਿ ਵਿਭਾਗ ਦੇ ਸਕੱਤਰ ਅਤੇ ਡੀਜੀਪੀ ਨੂੰ ਭੇਜੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵੱਲੋਂ 15 ਦਿਨਾਂ ਦੇ ਅੰਦਰ-ਅੰਦਰ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਉਹ ਇਸ ਸਬੰਧੀ ਲੋਕਾਂ ਦੀ ਸਹਿਮਤੀ ਨਾਲ ਪੰਜਾਬ ਵਿੱਚ ਸਰਕਾਰ ਖ਼ਿਲਾਫ਼ ਜਨ ਅੰਦੋਲਨ ਸ਼ੁਰੂ ਕਰਨਗੇ।
ਵਕੀਲਾਂ ਦੀ ਜਥੇਬੰਦੀ ਨੇ ਪੱਤਰ ਵਿੱਚ ਕਿਹਾ ਕਿ ਪੁਲੀਸ ਅਧਿਕਾਰੀ ਜਿਸ ਵਿਅਕਤੀ ਖ਼ਿਲਾਫ਼ ਸ਼ਿਕਾਇਤ ਹੁੰਦੀ ਹੈ, ਉਸ ਨੂੰ ਸ਼ਿਕਾਇਤ ਦੀ ਕਾਪੀ ਦੇਣ ਤੋਂ ਆਨਾਕਾਨੀ ਕਰਦੇ ਹਨ ਜਦੋਂਕਿ ਸ਼ਿਕਾਇਤ ਦੀ ਕਾਪੀ ਪ੍ਰਾਪਤ ਕਰਨ ਉਸ ਦਾ ਕਾਨੂੰਨੀ ਹੱਕ ਹੈ। ਉਨ੍ਹਾਂ ਕਿਹਾ ਕਿ ਸ਼ਿਕਾਇਤ ਦੀ ਕਾਪੀ ਨਾ ਮਿਲਣ ਕਾਰਨ ਉਹ ਪੁਲੀਸ ਅੱਗੇ ਆਪਣਾ ਪੱਖ ਵੀ ਨਹੀਂ ਰੱਖ ਸਕਦਾ ਹੈ। ਪੁਲੀਸ ਦੀ ਇਸ ਕਾਰਵਾਈ ਨਾਲ ਜਿੱਥੇ ਲੋਕਾਂ ਦੇ ਬੁਨਿਆਦੀ ਹੱਕਾਂ ਦੀ ਉਲੰਘਣਾ ਹੋ ਰਹੀ ਹੈ, ਉੱਥੇ ਪੁਲੀਸ ਵਿੱਚ ਰਿਸ਼ਵਤ ਨੂੰ ਵੀ ਹੱਲਾਸ਼ੇਰੀ ਮਿਲਦੀ ਹੈ।
ਵਕੀਲਾਂ ਨੇ ਇਹ ਵੀ ਮੰਗ ਕੀਤੀ ਕਿ ਚੰਡੀਗੜ੍ਹ ਦੀ ਤਰਜ਼ ’ਤੇ ਪੰਜਾਬ ਵਿੱਚ ਟਰੈਫ਼ਿਕ ਪੁਲੀਸ ਤੋਂ ਚਲਾਨ ਕਰਨ ਦੀਆਂ ਸ਼ਕਤੀਆਂ ਤੁਰੰਤ ਵਾਪਸ ਲਈਆਂ ਜਾਣ। ਕਿਉਂਕਿ ਟਰੈਫ਼ਿਕ ਪੁਲੀਸ ਦੇ ਕਰਮਚਾਰੀ ਰੋਜ਼ਾਨਾ ਲੋਕਾਂ ਤੋਂ ਖਾਸ ਕਰ ਦੂਜੇ ਰਾਜਾਂ ਨਾਲ ਸਬੰਧਤ ਵਾਹਨਾਂ ਦੇ ਚਾਲਕਾਂ\ਮਾਲਕਾਂ ਤੋਂ ਸ਼ਰੇਆਮ ਰਿਸ਼ਵਤ ਲੈਂਦੇ ਹਨ ਅਤੇ ਕਈ ਵਾਰ ਗੱਡੀਆਂ ਵਿੱਚ ਬੈਠੀਆਂ ਅੌਰਤਾਂ ਤੇ ਬੱਚਿਆਂ ਨੂੰ ਵੀ ਜ਼ਲੀਲ ਹੋਣਾ ਪੈਂਦਾ ਹੈ, ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਟਰੈਫ਼ਿਕ ਲਾਈਟਾਂ ’ਤੇ ਕੈਮਰੇ ਲਗਾ ਕੇ ਪੁਲੀਸ ਮੁਲਾਜ਼ਮਾਂ ਨੂੰ ਹੋਰ ਜ਼ਰੂਰੀ ਡਿਊਟੀਆਂ ’ਤੇ ਲਗਾਇਆ ਜਾਵੇ ਕਿਉਂਕਿ ਟਰੈਫ਼ਿਕ ਪੁਲੀਸ ਦੀ ਇਸ ਕਾਰਵਾਈ ਨਾਲ ਲੋਕਾਂ ਅਤੇ ਸਰਕਾਰ ਦਾ ਅਕਸ ਖ਼ਰਾਬ ਹੋ ਰਿਹਾ ਹੈ।
ਮੀਟਿੰਗ ਵਿੱਚ ਤਾਰਾ ਸਿੰਘ ਚਾਹਲ, ਹਰਚੰਦ ਬਾਠ, ਸਰਬਜੀਤ ਸਿੰਘ ਵਿਰਕ, ਅਮਰਜੀਤ ਸਿੰਘ ਲੌਂਗੀਆਂ, ਪ੍ਰਿਤਪਾਲ ਸਿੰਘ ਬਾਸੀ, ਪੁਨੀਤ ਸਿੰਘ, ਕਮਲਜੀਤ ਕੌਰ ਚਾਹਲ, ਹਰਪ੍ਰੀਤ ਕੌਰ, ਜਸਵੀਰ ਸਿੰਘ ਚੌਹਾਨ, ਸੰਪੂਰਨ ਸਿੰਘ ਧਾਂਦਲੀ, ਪਰਮਜੀਤ ਸਿੰਘ, ਪਰਮਜੀਤ ਸਿੰਘ ਖੰਨਾ, ਲਖਵਿੰਦਰ ਸਿੰਘ ਰੰਧਾਵਾ, ਸੋਨੀਆ, ਗੁਰਪ੍ਰੀਤ ਬਰਾੜ, ਜਰਨੈਲ ਸਿੰਘ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…