ਆਪ ਵੱਲੋਂ ਟੀਵੀ ਚੈਨਲ ’ਤੇ ਗਲਤ ਪ੍ਰਚਾਰ ਕਰਨ ਦਾ ਦੋਸ਼, ਚੋਣ ਕਮਿਸ਼ਨ ਨੂੰ ਦਿੱਤੀ ਸ਼ਿਕਾਇਤ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 21 ਜਨਵਰੀ:
ਆਮ ਆਦਮੀ ਪਾਰਟੀ (ਆਪ) ਦੇ ਹਿਊਮਨ ਰਾਈਟ ਵਿੰਗ ਦੇ ਚੇਅਰਮੈਨ ਤੇ ਸੀਨੀਅਰ ਵਕੀਲ ਨਵਕਿਰਨ ਸਿੰਘ ਨੇ ਦੋਸ਼ ਲਾਇਆ ਹੈ ਕਿ ਹੁਕਮਰਾਨਾਂ ਦੀ ਕਥਿਤ ਮਲਕੀਅਤ ਵਾਲੇ ਇੱਕ ਟੀਵੀ ਚੈਨਲ ਵੱਲੋਂ ਆਮ ਆਦਮੀ ਪਾਰਟੀ ਅਤੇ ਸੀਨੀਅਰ ਵਕੀਲ ਐਚ.ਐਸ. ਫੂਲਕਾ ਨੂੰ ਬਦਨਾਮ ਕਰਨ ਲਈ ਵਿਸ਼ੇਸ਼ ਮੁਹਿੰਮ ਵਿੱਢੀ ਹੋਈ ਹੈ। ਚੈਨਲ ਵੱਲੋਂ ਝੂਠੇ ਦੋਸ਼ ਲਗਾਏ ਜਾ ਰਹੇ ਹਨ ਕਿ ਮੁੱਲਾਂਪੁਰ ਦਾਖਾ ਤੋਂ ਆਪ ਦੇ ਉਮੀਦਵਾਰ ਐਚ.ਐਸ. ਫੂਲਕਾ ਦਾ ਨੋਇਡਾ ਟੋਲ ਪਲਾਜਾ ਵਿੱਚ ਹਿੱਸਾ ਹੈ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਨਵਕਿਰਨ ਸਿੰਘ ਨੇ ਕਿਹਾ ਕਿ ਚੈਨਲ ਵੱਲੋਂ ਗਲਤ ਜਾਣਕਾਰੀ ਦਿੱਤੀ ਜਾ ਰਹੀ ਹੈ। ਨਵਕਿਰਨ ਨੇ ਸਬੰਧਤ ਚੈਨਲ ਦੇ ਖ਼ਿਲਾਫ਼ ਚੋਣ ਕਮਿਸ਼ਨ ਨੂੰ ਨੋਟਿਸ ਵੀ ਭੇਜਿਆ ਹੈ।
ਸ੍ਰੀ ਨਵਕਿਰਨ ਸਿੰਘ ਨੇ ਕਿਹਾ ਕਿ 20 ਜਨਵਰੀ ਨੂੰ ਅਕਾਲੀ ਆਗੂ ਦੀ ਇੰਟਰਵਿਊ ਦੇ ਰਾਹੀਂ ਇਹ ਜਾਣਕਾਰੀ ਪਰੋਸੀ ਗਈ ਕਿ ਨੋਇਡਾ ਦੇ ਟੋਲ ਟੈਕਸ ਬੈਰੀਅਰ ਦੇ ਚੱਲ ਰਹੇ ਕਾਰੋਬਾਰ ਵਿੱਚ ਜਗਦੀਸ਼ ਟਾਇਟਲਰ ਅਤੇ ਰਾਬਰਟ ਵਾਡਰਾ (ਸੋਨੀਆ ਗਾਂਧੀ ਦਾ ਜਵਾਈ) ਨਾਲ ਹਰਵਿੰਦਰ ਸਿੰਘ ਫੂਲਕਾ ਹਿੱਸੇਦਾਰ ਹਨ। ਉਨ੍ਹਾਂ ਕਿਹਾ ਕਿ ਫੂਲਕਾ ਦੀ ਅਜਿਹੇ ਕਾਰੋਬਾਰ ਵਿੱਚ ਕੋਈ ਦਿਲਚਸਪੀ ਨਹੀਂ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਤਨੀ ਕੋਲ ਨੋਇਡਾ ਟੋਲ ਬ੍ਰਿਜ ਕੰਪਨੀ ਲਿਮਟਿਡ ਦੇ ਇੱਕ ਲੱਖ ਦੇ ਸ਼ੇਅਰ ਹਨ, ਜੋ ਕਿ ਇੱਕ ਪਬਲਿਕ ਲਿਮਟਿਡ ਕੰਪਨੀ ਹੈ ਅਤੇ ਲਗਭਗ 82 ਹਜ਼ਾਰ ਲੋਕਾਂ ਦੇ ਇਸ ਕੰਪਨੀ ਵਿੱਚ ਸ਼ੇਅਰ ਹਨ। ਉਨ੍ਹਾਂ ਕਿਹਾ ਕਿ ਫੂਲਕਾ ਅਤੇ ਉਨ੍ਹਾਂ ਦੀ ਪਤਨੀ ਕੰਪਨੀ ਦੇ ਡਾਇਰੈਕਟਰ ਜਾਂ ਮੈਨੇਜਮੈਂਟ ਕਮੇਟੀ ਦੇ ਮੈਂਬਰ ਵੀ ਨਹੀਂ ਹਨ ਪ੍ਰੰਤੂ ਇਸ ਦੇ ਬਾਵਜੂਦ ਚੈਨਲ ਵੱਲੋਂ ਗਲਤ ਪ੍ਰਚਾਰ ਕਰਕੇ ਉਨ੍ਹਾਂ ਦੇ ਅਕਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਸ੍ਰੀ ਨਵਕਿਰਨ ਨੇ ਕਿਹਾ ਕਿ ਆਪਣੇ ਨਾਮਜ਼ਦਗੀ ਕਾਗਜ ਭਰਨ ਸਮੇਂ ਫਾਰਮ 26 ਵਿੱਚ ਇਹ ਦੱਸਿਆ ਹੈ ਕਿ ਉਸ ਦੇ ਕੋਲ ਰਿਲਾਇੰਸ ਪੈਟ੍ਰੋਕੈਮਿਕਲ ਲਿਮਟਿਡ ਵਿੱਚ 8000 ਰੁਪਏ ਦੇ ਸ਼ੇਅਰ ਹਨ ਅਤੇ ਉਸ ਦੀ ਪਤਨੀ ਦੇ ਨੋਇਡਾ ਟੋਲ ਬ੍ਰਿਜ ਕੰਪਨੀ ਲਿਮਟਿਡ (ਨੋਇਡਾ ਟੋਲ ਪਲਾਜਾ) ਵਿੱਚ 1,03,400 ਰੁਪਏ ਦੇ ਸ਼ੇਅਰ ਹਨ। ਉਨ੍ਹਾਂ ਕਿਹਾ ਕਿ ਚੈਨਲ ਆਪਣੀ ਪਾਵਰ ਦਾ ਗਲਤ ਇਸਤੇਮਾਲ ਕਰ ਰਿਹਾ ਹੈ ਅਤੇ ਰਿਪਰਜੈਂਟੇਸ਼ਨ ਆਫ ਪੀਪਲ ਐਕਟ 1951 ਦੇ ਸੈਕਸ਼ਨ 123(4) ਤਹਿਤ ਇਹ ਕਥਿਤ ਅਪਰਾਧ ਹੈ ਅਤੇ ਭਾਰਤੀ ਸੰਵਿਧਾਨ ਦੇ ਆਰਟੀਕਲ 19 ਅਧੀਨ ਆਮ ਲੋਕਾਂ ਦੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਉਨ੍ਹਾਂ ਚੋਣ ਕਮਿਸ਼ਨ ਤੋਂ ਮੰਗ ਕੀਤੀ ਕਿ ਪੰਜਾਬ ਵਿੱਚ ਚੋਣ ਪ੍ਰਕਿਰਿਆ ਪੂਰੀ ਹੋਣ ਤੱਕ ਇਸ ਦੇ ਪ੍ਰਸਾਰਣ ਉੱਤੇ ਤੁਰੰਤ ਰੋਕ ਲਗਾਉਣ ਦੇ ਆਦੇਸ਼ ਜਾਰੀ ਕੀਤੇ ਜਾਣੇ ਚਾਹੀਦੇ ਹਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…