ਕੰਪਿਊਟਰ ਅਧਿਆਪਕਾਂ ਵੱਲੋਂ ਨਵੇਂ ਨਿਯਮ ਰੱਦ ਕਰਵਾਉਣ ਤੇ ਹੱਕੀ ਮੰਗਾਂ ਮਨਵਾਉਣ ਲਈ ਸਿੱਖਿਆ ਭਵਨ ਦਾ ਘਿਰਾਓ

ਨਵੇਂ ਕਾਨੂੰਨਾਂ ਦੀ ਥਾਂ ਪੰਜਾਬ ਸਿਵਲ ਸਰਵਿਸ ਨਿਯਮਾਂ ਨੂੰ ਲਾਗੂ ਕਰਕੇ ਸਿੱਖਿਆ ਮੰਤਰੀ ਆਪਣਾ ਵਾਅਦਾ ਪੂਰਾ ਕਰਨ

ਸਿੱਖਿਆ ਭਵਨ ਦੇ ਬਾਹਰ ਹੁਕਮਰਾਨਾਂ ਤੇ ਅਫ਼ਸਰਸ਼ਾਹੀ ਦਾ ਪਿੱਟ ਸਿਆਪਾ, ਅਧਿਕਾਰੀ ਤੇ ਸਟਾਫ਼ ਨੂੰ ਬੰਦੀ ਬਣਾਇਆ

ਨਬਜ਼-ਏ-ਪੰਜਾਬ, ਮੁਹਾਲੀ, 4 ਦਸੰਬਰ:
ਕੰਪਿਊਟਰ ਅਧਿਆਪਕ ਯੂਨੀਅਨ ਦੇ ਬੈਨਰ ਹੇਠ ਅੱਜ ਪੰਜਾਬ ਭਰ ਦੇ ਕੰਪਿਊਟਰ ਅਧਿਆਪਕਾਂ ਨੇ ਸਿੱਖਿਆ ਭਵਨ ਦਾ ਘਿਰਾਓ ਕਰਕੇ ‘ਆਪ’ ਸਰਕਾਰ ਅਤੇ ਅਫ਼ਸਰਸ਼ਾਹੀ ਦਾ ਜ਼ਬਰਦਸਤ ਪਿੱਟ ਸਿਆਪਾ ਕੀਤਾ। ਵੱਡੀ ਗਿਣਤੀ ਵਿੱਚ ਕੰਪਿਊਟਰ ਅਧਿਆਪਕ ਮੁੱਖ ਗੇਟ ਅੱਗੇ ਧਰਨਾ ਲਗਾ ਕੇ ਬੈਠ ਗਏ ਅਤੇ ਦਫ਼ਤਰੀ ਸਟਾਫ਼ ਅਤੇ ਅਧਿਕਾਰੀਆਂ ਨੂੰ ਬੰਦੀ ਬਣਾ ਕੇ ਰੱਖਿਆ ਗਿਆ। ਇਹ ਸਿਲਸਿਲਾ ਦੇਰ ਸ਼ਾਮ ਤੱਕ ਜਾਰੀ ਰਿਹਾ ਅਤੇ ਸਿੱਖਿਆ ਭਵਨ ਦੇ ਬਾਹਰ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਗੂੰਜਦੇ ਰਹੇ। ਧਰਨੇ ਦੀ ਅਗਵਾਈ ਸੂਬਾ ਪ੍ਰਧਾਨ ਗੁਰਵਿੰਦਰ ਸਿੰਘ ਤਰਨਤਾਰਨ ਨੇ ਕੀਤੀ। ਉਧਰ, ਈਟੀਟੀ ਬੇਰੁਜ਼ਗਾਰ ਅਧਿਆਪਕ ਅਤੇ ਦਿਵਿਆਂਗ ਬੱਚਿਆਂ ਨੂੰ ਪੜ੍ਹਾਉਣ ਵਾਲੇ ਅਧਿਆਪਕ ਪਹਿਲਾਂ ਹੀ ਮੁੱਖ ਦਫ਼ਤਰ ਦੇ ਬਾਹਰ ਪੱਕਾ ਮੋਰਚਾ ਲਗਾ ਕੇ ਬੈਠੇ ਹੋਏ ਹਨ।
ਕੰਪਿਊਟਰ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਵਿੰਦਰ ਸਿੰਘ ਤਰਨਤਾਰਨ, ਸੀਨੀਅਰ ਮੀਤ ਪ੍ਰਧਾਨ ਰਾਖੀ ਮੰਨਣ, ਮੀਤ ਪ੍ਰਧਾਨ ਸਿਕੰਦਰ ਸਿੰਘ, ਹਰਬੀਰ ਸਿੰਘ, ਸੁਖਜੀਤ ਕੌਰ ਅਤੇ ਹੋਰਨਾਂ ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਕੰਪਿਊਟਰ ਅਧਿਆਪਕਾਂ ’ਤੇ ਜ਼ਬਰਦਸਤੀ ਨਵੇਂ ਸੁਸਾਇਟੀ ਸੇਵਾ ਨਿਯਮਾਂ ਥੋਪੇ ਜਾ ਰਹੇ ਹਨ। ਹੁਣ ਤੱਕ ਕੰਪਿਊਟਰ ਅਧਿਆਪਕ ਯੂਨੀਅਨ ਦੀ ਸਿੱਖਿਆ ਮੰਤਰੀ, ਵਿੱਤ ਮੰਤਰੀ, ਕੈਬਨਿਟ ਸਬ ਕਮੇਟੀ ਸਮੇਤ ਅਤੇ ਉੱਚ ਅਧਿਕਾਰੀਆਂ ਨਾਲ ਲਗਪਗ 50 ਮੀਟਿੰਗਾਂ ਹੋ ਚੁੱਕੀਆਂ ਹਨ ਪ੍ਰੰਤੂ ਹੁਕਮਰਾਨ ਲਾਰੇ ਲਗਾ ਕੇ ਡੰਗ ਟਪਾਉਂਦੇ ਆ ਰਹੇ ਹਨ। ਉਨ੍ਹਾਂ ਐਲਾਨ ਕੀਤਾ ਕਿ ਜਦੋਂ ਤੱਕ ਕੰਪਿਊਟਰ ਅਧਿਆਪਕਾਂ ਦਾ ਮਸਲਾ ਹੱਲ ਨਹੀਂ ਹੁੰਦਾ ਅਤੇ ਨਵੇਂ ਨਿਯਮ ਰੱਦ ਨਹੀਂ ਕੀਤੇ ਜਾਂਦੇ, ਉਦੋਂ ਤੱਕ ਧਰਨਾ ਜਾਰੀ ਰਹੇਗਾ। ਉਹ ਅੱਜ ਇੱਥੇ ਆਪਣਾ ਬੋਰੀਆ ਬਿਸਤਰਾ ਅਤੇ ਖਾਣੇ ਦਾ ਪ੍ਰਬੰਧ ਕਰਕੇ ਪੱਕਾ ਮੋਰਚਾ ਸ਼ੁਰੂ ਕਰਨ ਦਾ ਮਨ ਬਣਾ ਕੇ ਆਏ ਹਨ।
ਬੁਲਾਰਿਆਂ ਨੇ ਕਿਹਾ ਕਿ 2011 ਵਿੱਚ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਅਧੀਨ ਬਣੀ ਪਿਕਟਸ ਸੁਸਾਇਟੀ ਵਿੱਚ ਪੰਜਾਬ ਸਿਵਲ ਸਰਵਿਸ ਸੇਵਾਵਾਂ ਨਿਯਮਾਂ ਤਹਿਤ ਰੈਗੂਲਰ ਕੀਤਾ ਗਿਆ ਸੀ ਪਰ ਵਿਭਾਗ ਵੱਲੋਂ ਪੰਜਾਬ ਸਿਵਲ ਸਰਵਿਸ ਸੇਵਾ ਨਿਯਮ ਪੂਰਨ ਰੂਪ ਵਿੱਚ ਕੰਪਿਊਟਰ ਅਧਿਆਪਕਾਂ ’ਤੇ ਲਾਗੂ ਨਹੀਂ ਕੀਤੇ ਗਏ। ਹਾਲਾਂਕਿ ਸਤੰਬਰ 2022 ਵਿੱਚ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਅਖ਼ਬਾਰਾਂ, ਸੋਸ਼ਲ ਮੀਡੀਆ ਅਤੇ ਆਮ ਆਦਮੀ ਪਾਰਟੀ ਦੇ ਵੱਖ-ਵੱਖ ਮੰਚਾਂ ’ਤੇ ਕੰਪਿਊਟਰ ਅਧਿਆਪਕਾਂ ਨੂੰ ਦੀਵਾਲੀ ’ਤੇ ਬਣਦੇ ਲਾਭ ਦੇਣ ਦਾ ਐਲਾਨ ਕੀਤਾ ਸੀ ਪ੍ਰੰਤੂ ਹੁਣ ਤੱਕ ਮੰਤਰੀ ਲੇ ਆਪਣਾ ਵਾਅਦਾ ਪੂਰਾ ਨਹੀਂ ਕੀਤਾ। ਹੁਣ ਨਵੇਂ ਕਾਨੂੰਨ ਲਾਗੂ ਕਰਕੇ ਉਨ੍ਹਾਂ ਦੀ ਸੰਘੀ ਘੁੱਟਣ ਦਾ ਯਤਨ ਕੀਤਾ ਜਾ ਰਿਹਾ ਹੈ। ਜਦੋਂਕਿ ਮੁੱਖ ਮੰਤਰੀ ਸਮੇਤ ਪੰਜਾਬ ਵਜ਼ਾਰਤ ਦੇ ਵੱਖ-ਵੱਖ ਮੰਤਰੀ ਕੰਪਿਊਟਰ ਅਧਿਆਪਕਾਂ ਮੰਗਾਂ ਨੂੰ ਜਾਇਜ਼ ਮੰਨਦੇ ਹੋਏ ਜਲਦੀ ਹੱਲ ਕਰਨ ਦਾ ਭਰੋਸਾ ਦੇ ਚੁੱਕੇ ਹਨ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਦੀ ਕਹਿਣੀ ਅਤੇ ਕਥਨੀ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ।

ਜਥੇਬੰਦੀ ਨੇ ਚਿਤਾਵਨੀ ਦਿੱਤੀ ਕਿ ਜੇਕਰ ਕੰਪਿਊਟਰ ਅਧਿਆਪਕਾਂ ’ਤੇ ਥੋਪੇ ਨਵੇਂ ਸੁਸਾਇਟੀ ਸੇਵਾ ਨਿਯਮ ਤੁਰੰਤ ਰੱਦ ਨਹੀਂ ਕੀਤੇ ਅਤੇ ਹੋਰ ਜਾਇਜ਼ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਇਨਸਾਫ਼ ਲਈ ਸਰਕਾਰ ਆਰ-ਪਾਰ ਦੀ ਲੜਾਈ ਲੜਨ ਤੋਂ ਗੁਰੇਜ਼ ਨਹੀਂ ਕਰਨਗੇ ਅਤੇ ਆਉਂਦੇ ਦਿਨਾਂ ਵਿੱਚ ਗੁਪਤ ਐਕਸ਼ਨ ਕੀਤੇ ਜਾਣਗੇ।
ਯੂਨੀਅਨ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਬਣਾਏ ਗਏ ਨਵੇਂ ਸੇਵਾ ਨਿਯਮਾਂ ਨੂੰ ਤੁਰੰਤ ਰੱਦ ਕੀਤਾ ਜਾਵੇ ਅਤੇ ਨਿਯੁਕਤੀ ਪੱਤਰ ਵਿੱਚ ਦਰਜ ਪੰਜਾਬ ਸੀਐਸਆਰ ਦੀ ਸ਼ਰਤ ਨੂੰ ਇਨ ਬਿਨ ਲਾਗੂ ਕੀਤਾ ਜਾਵੇ ਅਤੇ ਕੰਪਿਊਟਰ ਅਧਿਆਪਕਾਂ ਨੂੰ ਪੇਅ ਪ੍ਰੋਟੈਕਟ ਕਰਕੇ ਬਿਨਾਂ ਸ਼ਰਤ ਸਿੱਖਿਆ ਵਿਭਾਗ ਵਿੱਚ ਮਰਜ ਕੀਤਾ ਜਾਵੇ ਤੇ ਪੰਜਾਬ ਰਾਜ ਦੇ ਹੋਰਨਾਂ ਸਰਕਾਰੀ ਮੁਲਜਮਾਂ ਵਾਂਗ ਬਣਦੇ ਸਾਰੇ ਲਾਭ ਜਿਵੇਂ ਪੰਜਾਬ ਸਿਵਲ ਸਰਵਿਸ ਸੇਵਾ ਨਿਯਮ ਪੂਰਨ ਰੂਪ ਵਿਚ ਲਾਗੂ ਕਰਨਾ, 6ਵਾਂ ਪੇਅ ਕਮਿਸ਼ਨ, ਏਸੀਪੀ, ਨੌਕਰੀ ਦੌਰਾਨ ਮੋਤ ਹੋ ਜਾਣ ਕਰਕੇ ਆਸ਼ਰਿਤਾਂ ਨੂੰ ਸਰਕਾਰੀ ਸੇਵਾ ਵਿੱਚ ਨੋਕਰੀ, ਮੈਡੀਕਲ ਪ੍ਰਤੀਪੂਰਤੀ, ਛੁੱਟੀਆਂ ਅਤੇ ਹੋਰ ਵਿੱਤੀ ਲਾਭ ਰੋਕ ਰੱਖੇ ਹਨ, ਜਿਨ੍ਹਾਂ ਨੂੰ ਕੰਪਿਊਟਰ ਅਧਿਆਪਕਾਂ ’ਤੇ ਤਰੁੰਤ ਲਾਗੂ ਕੀਤਾ ਜਾਵੇ ।

Load More Related Articles
Load More By Nabaz-e-Punjab
Load More In General News

Check Also

ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਦਾ ਗੁਰਤਾ ਗੁਰਗੱਦੀ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ

ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਦਾ ਗੁਰਤਾ ਗੁਰਗੱਦੀ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ ਸ੍ਰੀ ਗੁਰੂ ਤੇਗ ਬਹਾਦਰ …