
ਸਿੱਖਿਆ ਬੋਰਡ ਦੇ ਮੁਲਾਜ਼ਮਾਂ ਲਈ ਕੰਪਿਊਟਰ ਦੀ ਟਰੇਨਿੰਗ ਬੇਹੱਦ ਜ਼ਰੂਰੀ: ਡਾ. ਭਾਟੀਆ
ਮਹਿਲਾ ਮੁਲਾਜ਼ਮਾਂ ਦੀ ਮੰਗ ’ਤੇ ਮੁੱਖ ਦਫ਼ਤਰ ਵਿੱਚ ਇੱਕ ‘ਕਾਮਨ ਰੂਮ’ ਦਾ ਉਦਘਾਟਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਜਨਵਰੀ:
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਨਵਾਂ ਸਾਲ ਮਨਾਉਣ ਲਈ ਸੋਮਵਾਰ ਨੂੰ ਸਮਾਰੋਹ ਕਰਵਾਇਆ ਗਿਆ। ਜਿਸ ਵਿੱਚ ਬੋਰਡ ਦੇ ਉੱਚ ਅਧਿਕਾਰੀਆਂ ਅਤੇ ਸਮੂਹ ਕਰਮਚਾਰੀਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸਿੱਖਿਆ ਬੋਰਡ ਦੇ ਵਾਇਸ ਚੇਅਰਮੈਨ ਡਾ. ਵਰਿੰਦਰ ਭਾਟੀਆ, ਸਕੱਤਰ ਕਿਰਨਜੀਤ ਸਿੰਘ ਟਿਵਾਣਾ, ਕੰਟਰੋਲਰ (ਪ੍ਰੀਖਿਆਵਾਂ) ਜੇਆਰ ਮਹਿਰੋਕ, ਉਪ ਸਕੱਤਰ ਅਮਰਜੀਤ ਕੌਰ ਦਾਲਮ, ਸਹਾਇਕ ਸਕੱਤਰ ਕੰਚਨ ਸ਼ਰਮਾ, ਬਲਜਿੰਦਰ ਕੌਰ ਅਤੇ ਰਵਜੀਤ ਕੌਰ ਨੇ ਵੀ ਹਾਜ਼ਰੀ ਭਰੀ। ਸਮਾਰੋਹ ਦੀ ਸ਼ੁਰੂਆਤ ਰਾਜਿੰਦਰ ਮੈਣੀ, ਗੁਰਚਰਨ ਸਿੰਘ ਤਰਮਾਲਾ, ਰਾਜ ਕੁਮਾਰ, ਗੁਰਇਕਬਾਲ ਸਿੰਘ, ਪਰਮਜੀਤ ਸਿੰਘ ਪੰਮਾ, ਪ੍ਰਭਦੀਪ ਸਿੰਘ ਬੋਪਾਰਾਏ ਅਤੇ ਸਤਨਾਮ ਸੱਤਾ ਵੱਲੋਂ ਮੁਬਾਰਕਬਾਦ ਦੇਣ ਨਾਲ ਹੋਈ।
ਇਸ ਮੌਕੇ ਨਵੇਂ ਸਾਲ ਦੀ ਆਮਦ ’ਤੇ ਬੋਰਡ ਮੁਲਾਜ਼ਮਾਂ ਦੀ ਸੁੱਖ-ਸ਼ਾਂਤੀ ਤੇ ਤੰਦਰੁਸਤੀ ਅਤੇ ਸਰਬੱਤ ਦੇ ਭਲੇ ਲਈ ਕਾਮਨਾ ਕੀਤੀ ਗਈ। ਮੁਲਾਜ਼ਮ ਜਥੇਬੰਦੀ ਦੇ ਸਕੱਤਰ ਸੁਨੀਲ ਅਰੋੜਾ, ਜਨਰਲ ਸਕੱਤਰ ਸੁਖਚੈਨ ਸਿੰਘ ਸੈਣੀ ਅਤੇ ਸੀਨੀਅਰ ਮੀਤ ਪ੍ਰਧਾਨ ਰਮਨਦੀਪ ਗਿੱਲ ਨੇ ਦਰਜਾ ਚਾਰ ਮੁਲਾਜ਼ਮਾਂ ਦੇ ਰੈਗੂਲਰ ਹੋਣ ’ਤੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਬੋਰਡ ਮੈਨੇਜਮੈਂਟ ਦਾ ਧੰਨਵਾਦ ਕੀਤਾ। ਮੁਲਾਜ਼ਮ ਜਥੇਬੰਦੀ ਅਤੇ ਐੱਸਸੀ ਕਰਮਚਾਰੀ ਯੂਨੀਅਨ ਵੱਲੋਂ ਤਿਆਰ ਕੀਤਾ ਨਵੇਂ ਸਾਲ ਦਾ ਕੈਲੰਡਰ ਰਿਲੀਜ਼ ਕੀਤਾ ਗਿਆ। ਮਹਿਲਾ ਮੁਲਾਜ਼ਮਾਂ ਦੀ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਮੰਗ ਨੂੰ ਪ੍ਰਵਾਨ ਕਰਦਿਆਂ ਬੋਰਡ ਮੈਨੇਜਮੈਂਟ ਨੇ ਇੱਕ ‘ਕਾਮਨ ਰੂਮ’ ਦਾ ਉਦਘਾਟਨ ਕੀਤਾ।
ਵਾਈਸ ਚੇਅਰਮੈਨ ਡਾ. ਵਰਿੰਦਰ ਭਾਟੀਆ ਨੇ ਕਰਮਚਾਰੀਆਂ ਦੇ ਦਫ਼ਤਰੀ ਕੰਮ ਦੀ ਸ਼ਲਾਘਾ ਕਰਦਿਆਂ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਬੋਰਡ ਮੁਲਾਜ਼ਮਾਂ ਨੂੰ ਕੰਪਿਊਟਰ ਦੀ ਟਰੇਨਿੰਗ ਦਿੱਤੀ ਜਾਣੀ ਜ਼ਰੂਰੀ ਹੈ ਕਿਉਂਕਿ ਇਹ ਅਜੋਕੇ ਸਮੇਂ ਦੀ ਮੁੱਖ ਮੰਗ ਹੈ। ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਨੂੰ ਸਮੇਂ ਮੁਤਾਬਕ ਖ਼ੁਦ ਨੂੰ ਢਾਲਣਾ ਚਾਹੀਦਾ ਹੈ। ਉਨ੍ਹਾਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ।
ਬੋਰਡ ਦੇ ਸਕੱਤਰ ਕਿਰਨਜੀਤ ਸਿੰਘ ਟਿਵਾਣਾ ਨੇ ਕਿਹਾ ਕਿ ਮੁਲਾਜ਼ਮਾਂ ਅਤੇ ਮੈਨੇਜਮੈਂਟ ਵਿੱਚ ਕਦੇ ਵੀ ਟਕਰਾਅ ਦੀ ਨੀਤੀ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਨੂੰ ਹਮੇਸ਼ਾ ਸੁਖਾਵੇਂ ਮਾਹੌਲ ਵਿੱਚ ਰਹਿ ਕੇ ਆਪਣੀਆਂ ਮੰਗਾਂ ਅਤੇ ਮਸਲੇ ਹੱਲ ਕਰਵਾਉਣੇ ਚਾਹੀਦੇ ਹਨ। ਕੰਟਰੋਲਰ (ਪ੍ਰੀਖਿਆਵਾਂ) ਜੇਆਰ ਮਹਿਰੋਕ ਨੇ ਹਮੇਸ਼ਾ ਚੰਗੀ ਸੋਚ ਅਤੇ ਚੰਗੀ ਸੰਗਤ ਵਿੱਚ ਰਹਿਣ ’ਤੇ ਜ਼ੋਰ ਦਿੱਤਾ ਅਤੇ ਜਨਵਰੀ ਮਹੀਨੇ ਦੀ ਮਹੱਤਤਾ ਬਾਰੇ ਇਤਿਹਾਸਕ ਪੱਖਾਂ ’ਤੇ ਚਾਨਣਾ ਪਾਇਆ। ਸਹਾਇਕ ਸਕੱਤਰ ਕੰਚਨ ਸ਼ਰਮਾ ਨੇ ਵੀ ਮੁਲਾਜ਼ਮਾਂ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ। ਅੰਤ ਵਿੱਚ ਕਰਮਚਾਰੀ ਐਸੋਸੀਏਸ਼ਨ ਦੇ ਪ੍ਰਧਾਨ ਬਲਜਿੰਦਰ ਸਿੰਘ ਬਰਾੜ ਨੇ ਸਾਰਿਆਂ ਦਾ ਧੰਨਵਾਦ ਕੀਤਾ।