ਬੈਂਕ ਆਫ਼ ਬੜੌਦਾ ਵਿੱਚ ਅੱਗ ਲੱਗਣ ਕਾਰਨ ਕੰਪਿਊਟਰ ਤੇ ਫ਼ਰਨੀਚਰ ਸੜ ਕੇ ਸੁਆਹ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਸਤੰਬਰ:
ਇੱਥੋਂ ਦੇ ਸੈਕਟਰ-71 ਸਥਿਤ ਬੈਂਕ ਆਫ਼ ਬੜੌਦਾ ਵਿੱਚ ਵੀਰਵਾਰ ਨੂੰ ਅਚਾਨਕ ਅੱਗ ਲੱਗਣ ਕਾਰਨ ਕਈ ਕੰਪਿਊਟਰ ਅਤੇ ਫ਼ਰਨੀਚਰ ਸੜ ਕੇ ਸੁਆਹ ਹੋ ਗਿਆ ਲੇਕਿਨ ਇਸ ਦੌਰਾਨ ਵੱਡਾ ਦੁਖਾਂਤ ਵਾਪਰਨ ਅਤੇ ਨੁਕਸਾਨ ਤੋਂ ਬਚਾਅ ਰਿਹਾ। ਅੱਜ ਸਵੇਰੇ ਸੁਵੱਖਤੇ ਕਰੀਬ 6 ਵਜੇ ਲੱਗੀ ਦੱਸੀ ਜਾ ਰਹੀ ਹੈ। ਸੂਚਨਾ ਮਿਲਦੇ ਹੀ ਮੁਹਾਲੀ ਫਾਇਰ ਬ੍ਰਿਗੇਡ ਦਫ਼ਤਰ ’ਚੋਂ ਸਟੇਸ਼ਨ ਅਫ਼ਸਰ ਜਸਵਿੰਦਰ ਸਿੰਘ ਭੰਗੂ ਅਤੇ ਫਾਇਰਮੈਨ ਵਿੱਕੀ ਸ਼ਰਮਾ ਤੁਰੰਤ ਫਾਇਰ ਟੈਂਡਰ ਲੈ ਕੇ ਮੌਕੇ ’ਤੇ ਪਹੁੰਚ ਗਏ ਅਤੇ ਸਥਿਤੀ ਦਾ ਜਾਇਜ਼ ਲੈਣ ਉਪਰੰਤ ਚਾਰ ਫਾਇਰ ਟੈਂਡਰ ਹੋ ਮੰਗਵਾਏ। ਇਸੇ ਦੌਰਾਨ ਮਟੌਰ ਥਾਣਾ ਦੇ ਐਸਐਚਓ ਨਵੀਨਪਾਲ ਸਿੰਘ ਲਹਿਲ ਵੀ ਪੁਲੀਸ ਫੋਰਸ ਨਾਲ ਮੌਕੇ ’ਤੇ ਪਹੁੰਚ ਗਏ ਅਤੇ ਘਟਨਾ ਦਾ ਜਾਇਜ਼ਾ ਲਿਆ।
ਮਿਲੀ ਜਾਣਕਾਰੀ ਅਨੁਸਾਰ ਬੈਂਕ ਦੀ ਬੇਸਮੈਂਟ ਵਿੱਚ ਸਟਰਾਂਗ ਰੂਮ ਨੇੜੇ ਵੱਡੀਆਂ ਬੈਟਰੀਆਂ ਰੱਖੀਆਂ ਹੋਈਆਂ ਸਨ। ਜਿਨ੍ਹਾਂ ’ਚ ਅਚਾਨਕ ਸ਼ਾਟ ਸਰਕਟ ਹੋਣ ਕਾਰਨ ਅੱਗ ਭੜਕ ਗਈ। ਸਵੇਰੇ ਸੈਰ ਕਰ ਰਹੇ ਲੋਕਾਂ ਨੇ ਦੇਖਿਆ ਕਿ ਮਾਰਕੀਟ ਵਿੱਚ ਸਥਿਤ ਬੈਂਕ ਆਫ਼ ਬੜੌਦਾ ’ਚੋਂ ਧੂੰਆਂ ਨਿਕਲ ਰਿਹਾ ਹੈ। ਲੋਕਾਂ ਨੇ ਤੁਰੰਤ ਮੁਹਾਲੀ ਫਾਇਰ ਬ੍ਰਿਗੇਡ ਦਫ਼ਤਰ ਅਤੇ ਪੁਲੀਸ ਕੰਟਰੋਲ ਰੂਮ ’ਤੇ ਅੱਗ ਲੱਗਣ ਦੀ ਸੂਚਨਾ ਦਿੱਤੀ।
ਥਾਣਾ ਮੁਖੀ ਨਵੀਨਪਾਲ ਸਿੰਘ ਲਹਿਲ ਨੇ ਦੱਸਿਆ ਕਿ ਇਸ ਸਬੰਧੀ ਬੈਂਕ ਮੈਨੇਜਰ ਦੀ ਸ਼ਿਕਾਇਤ ਨੂੰ ਆਧਾਰ ਬਣਾ ਕੇ ਡੀਡੀਆਰ ਦਰਜ ਕੀਤੀ ਗਈ ਹੈ। ਉਨ੍ਹਾਂ ਬੈਂਕ ਅਧਿਕਾਰੀ ਦੇ ਬਿਆਨਾਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਬੈਂਕ ਦੀ ਬੇਸਮੈਂਟ ਵਿੱਚ ਸ਼ਾਟ ਸਰਕਟ ਨਾਲ ਅੱਗ ਲੱਗੀ ਸੀ ਅਤੇ ਬੈਂਕ ਦੀ ਪਿਛਲੀ ਕੰਧ ਤੋੜ ਕੇ ਫਾਇਰ ਬ੍ਰਿਗੇਡ ਦੀ ਟੀਮ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਬੈਂਕ ਅੰਦਰ ਦਾਖ਼ਲ ਹੋਈ। ਬੈਂਕ ਮੈਨੇਜਰ ਅਨੁਸਾਰ ਇਸ ਹਾਦਸੇ ਦੌਰਾਨ ਕਈ ਕੰਪਿਊਟਰ ਅਤੇ ਫ਼ਰਨੀਚਰ ਸੜ ਗਿਆ ਹੈ।

ਸਟੇਸ਼ਨ ਅਫ਼ਸਰ ਜਸਵਿੰਦਰ ਸਿੰਘ ਭੰਗੂ ਅਤੇ ਫਾਇਰਮੈਨ ਵਿੱਕੀ ਸ਼ਰਮਾ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਦੀ ਟੀਮ ਦੀ ਫੁਰਤੀ ਕਾਰਨ ਬੈਂਕ ਵਿੱਚ ਸਥਿਤ ਲਾਕਰਾਂ ਨੂੰ ਨੁਕਸਾਨ ਤੋਂ ਸਹੀ ਸਲਾਮਤ ਬਚਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਗ ’ਤੇ ਕਾਬੂ ਪਾਉਣ ਵਿੱਚ ਕਰੀਬ 6 ਘੰਟੇ ਲੱਗ ਗਏ। ਸਵੇਰੇ 6 ਵਜੇ ਦੀ ਲੱਗੀ ਅੱਗ ’ਤੇ ਦੁਪਹਿਰ ਕਰੀਬ 12 ਵਜੇ ਤੱਕ ਕਾਬੂ ਪਾਇਆ ਗਿਆ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…