ਮੁਹਾਲੀ ਵਿੱਚ ਪ੍ਰੈੱਸ ਕਲੱਬ ਬਣਾਉਣ ਲਈ ਠੋਸ ਉਪਰਾਲੇ ਕੀਤੇ ਜਾਣਗੇ: ਜੌੜਾਮਾਜਰਾ

ਰੰਗਲੇ ਪੰਜਾਬ ਦੀ ਕਾਇਮੀ ਵਿੱਚ ਮੀਡੀਆ ਦੀ ਭੂਮਿਕਾ ਅਹਿਮ: ਚੇਤਨ ਸਿੰਘ ਜੌੜਾਮਾਜਰਾ

ਜੌੜਾਮਾਜਰਾ ਨੇ ਮੁਹਾਲੀ ਪ੍ਰੈਸ ਕਲੱਬ ਦੀ 25ਵੀਂ ਵਰ੍ਹੇਗੰਢ ’ਤੇ ਤਾਜਪੋਸ਼ੀ ਸਮਾਗਮ ’ਚ ਕੀਤੀ ਸ਼ਿਰਕਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਜੂਨ:
ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਮੁਹਾਲੀ ਪ੍ਰੈਸ ਕਲੱਬ ਦੀ 25ਵੀਂ ਵਰ੍ਹੇਗੰਢ ਮੌਕੇ ਨਵੀਂ ਕਾਰਜਕਾਰਨੀ ਦੇ ਤਾਜਪੋਸ਼ੀ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਲੋਕਤੰਤਰ ਦੀ ਮਜ਼ਬੂਤੀ ਅਤੇ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਦੇ ਕੀਤੇ ਜਾ ਰਹੇ ਯਤਨਾਂ ਵਿੱਚ ਮੀਡੀਆ ਦੀ ਭੂਮਿਕਾ ਅਹਿਮ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਵਿੱਚ ਪ੍ਰੈੱਸ ਕਲੱਬ ਬਣਾਉਣ ਲਈ ਠੋਸ ਉਪਰਾਲੇ ਕੀਤੇ ਜਾਣਗੇ ਅਤੇ ਇਮਾਰਤ ਦੀ ਉਸਾਰੀ ਲਈ ਲੋੜੀਂਦੇ ਫੰਡ ਦਿੱਤੇ ਜਾਣਗੇ।
ਜੌੜਾਮਾਜਰਾ ਨੇ ਐਲਾਨ ਕੀਤਾ ਕਿ ਜਦੋਂ ਪ੍ਰੈੱਸ ਕਲੱਬ ਲਈ ਜਗ੍ਹਾ ਦਾ ਪ੍ਰਬੰਧ ਹੋ ਜਾਵੇਗਾ ਤਾਂ ਉਹ ਅਗਲੇ ਕਾਰਜਾਂ ਵਿੱਚ ਯੋਗਦਾਨ ਵਜੋਂ 3 ਲੱਖ ਰੁਪਏ ਦੀ ਗਰਾਂਟ ਦੇਣਗੇ। ਉਨ੍ਹਾਂ ਕਿਹਾ ਕਿ ਅਸਲ ਮੀਡੀਆ ਉਹ ਹੈ ਜੋ ਹਮੇਸ਼ਾ ਲੋਕਾਂ ਦੀ ਗੱਲ ਕਰੇ ਅਤੇ ਸਮਾਜਿਕ ਤੇ ਧਾਰਮਿਕ ਵੰਡੀਆਂ ਪਾਉਣ ਦੀਆਂ ਸੂਚਨਾਵਾਂ ਤੋਂ ਗੁਰੇਜ਼ ਕਰੇ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ’ਤੇ ਵੀ ਪੋਸਟ ਪਾਉਣ ਤੋਂ ਪਹਿਲਾਂ ਉਸ ਦੀ ਜਾਂਚ ਯਕੀਨੀ ਬਣਾਈ ਜਾਵੇ।
ਜੌੜਾਮਾਜਰਾ ਨੇ ਮੁੱਖ ਮੰਤਰੀ ਵੱਲੋਂ ਫ਼ਸਲਾਂ ਨੂੰ ਨਹਿਰੀ ਪਾਣੀ ਲਗਣਾ ਯਕੀਨੀ ਬਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਝੋਨੇ ਦੇ ਸੀਜ਼ਨ ਦੌਰਾਨ ਕਈ ਦਹਾਕਿਆਂ ਤੋਂ ਬਾਅਦ, ਪਹਿਲੀ ਵਾਰ ਟੇਲਾਂ ਤੱਕ ਪਾਣੀ ਪੁੱਜਿਆ ਹੈ ਤੇ ਪਾਣੀ ਲਾਉਣ ਲਈ ਸੂਬੇ ਵਿੱਚ ਮੋਟਰਾਂ ਲਈ ਬਿਜਲੀ ਦੀ ਵੀ ਕੋਈ ਦਿੱਕਤ ਨਹੀਂ ਆ ਰਹੀ। ਉਨ੍ਹਾਂ ਕਿਹਾ ਕਿ ਜੇਕਰ ਨੀਅਤ ਸੱਚੀ ਹੋਵੇ ਤਾਂ ਪ੍ਰਮਾਤਮਾ ਸਦਾ ਸਾਥ ਦਿੰਦਾ ਹੈ ਤੇ ਇਮਾਨਦਾਰੀ ਨਾਲ ਕੀਤਾ ਕੰਮ ਸਦਾ ਸਿਰੇ ਚੜ੍ਹਦਾ ਹੈ।
ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦੇ ਪ੍ਰਸਾਰਣ ਬਾਰੇ ਮੀਡੀਆ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਇਕੋ ਇਕ ਮਨਸ਼ਾ ਹੈ ਕਿ ਗੁਰੂ ਸਾਹਿਬ ਦੀ ਬਾਣੀ ਹਰ ਘਰ ਪੁੱਜੇ ਅਤੇ ਪ੍ਰਸਾਰਣ ਫ੍ਰੀ ਟੂ ਏਅਰ ਹੋਵੇ। ਕੈਬਨਿਟ ਮੰਤਰੀ ਨੇ ਕਿਹਾ ਕਿ ਕੁੱਝ ਥਾਵਾਂ ’ਤੇ ਜ਼ਿਲ੍ਹਾ ਅਤੇ ਹੇਠਲੇ ਪੱਧਰ ’ਤੇ ਮੀਡੀਆ ਕਰਮੀਆਂ ਦੇ ਵੱਖ-ਵੱਖ ਗਰੁੱਪ ਬਣੇ ਹੋਣ ਕਾਰਨ ਸਰਕਾਰ ਨੂੰ ਪ੍ਰੈੱਸ ਕਲੱਬ ਦੀ ਸਥਾਪਤੀ ਵਿੱਚ ਦਿੱਕਤ ਆਉਂਦੀ ਹੈ। ਉਨ੍ਹਾਂ ਕਿਹਾ ਕਿ ਮੀਡੀਆ ਕਰਮੀਆਂ ਨੂੰ ਅਜਿਹੀਆਂ ਮੁਸ਼ਕਲਾਂ ਨੂੰ ਆਪਸ ਵਿੱਚ ਰਲ ਮਿਲ ਕੇ ਹੱਲ ਕਰਨਾ ਚਾਹੀਦਾ ਹੈ ਤਾਂ ਜੋ ਸਰਕਾਰ ਲਈ ਪ੍ਰੈੱਸ ਕਲੱਬ ਸਥਾਪਿਤ ਕਰਨ ਵਿੱਚ ਅਜਿਹੀਆਂ ਗੱਲਾਂ ਰੁਕਾਵਟ ਨਾ ਬਣਨ। ਇਸ ਮੌਕੇ ਕੈਬਨਿਟ ਮੰਤਰੀ ਵੱਲੋਂ ਪ੍ਰੈੱਸ ਕਲੱਬ ਦਾ ਸੋਵੀਨਰ ਵੀ ਜਾਰੀ ਕੀਤਾ ਗਿਆ ਤੇ ਕਲੱਬ ਵੱਲੋਂ ਕੈਬਨਿਟ ਮੰਤਰੀ ਦਾ ਸਨਮਾਨ ਕੀਤਾ ਗਿਆ।
ਇਸ ਤੋਂ ਪਹਿਲਾਂ ਮਿਲਕਫੈੱਡ ਦੇ ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਪੰਜਾਬ ਵਿੱਚ ਆਪ ਸਰਕਾਰ ਬਣਨ ਬਾਅਦ ਖੁਸ਼ੀਆਂ ਦਾ ਦੌਰ ਸ਼ੁਰੂ ਹੋਇਆ ਹੈ। ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦੇ ਪਿਤਾ ਜ਼ੋਰਾ ਸਿੰਘ ਮਾਨ ਨੇ ਵੀ ਆਪਣੇ ਤਜਰਬੇ ਸਾਂਝੇ ਕੀਤੇ। ਇਸ ਮੌਕੇ ਕੌਂਸਲਰ ਸਰਬਜੀਤ ਸਿੰਘ ਸਮਾਣਾ, ਸਮਾਜ ਸੇਵਕਾ ਜਗਜੀਤ ਕੌਰ ਕਾਹਲੋਂ, ਨਰਿੰਦਰ ਸਿੰਘ ਸ਼ੇਰਗਿੱਲ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਮੁਹਾਲੀ ਪ੍ਰੈਸ ਕਲੱਬ ਦੇ ਗੁਰਮੀਤ ਸਿੰਘ ਸ਼ਾਹੀ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਪਟਵਾਰੀ ਨੇ ਪ੍ਰੈਸ ਕਲੱਬ ਦੀਆਂ ਗਤੀਵਿਧੀਆਂ ਤੋਂ ਜਾਣੂ ਕਰਵਾਉਂਦੇ ਹੋਏ ਮੁਹਾਲੀ ਵਿੱਚ ਪ੍ਰੈਸ ਕਲੱਬ ਲਈ ਢੁਕਵੀਂ ਥਾਂ ਮੁਹੱਈਆ ਕਰਵਾਉਣ ਅਤੇ ਫੰਡ ਜਾਰੀ ਕਰਨ ਦੀ ਮੰਗ ਕੀਤੀ।
ਇਸ ਮੌਕੇ ਮਨਜੀਤ ਸਿੰਘ ਚਾਨਾ ਸੀਨੀਅਰ ਮੀਤ ਪ੍ਰਧਾਨ, ਸੁਸ਼ੀਲ ਗਰਚਾ ਤੇ ਵਿਜੇ ਕੁਮਾਰ ਦੋਵੇਂ ਮੀਤ ਪ੍ਰਧਾਨ, ਰਾਜੀਵ ਤਨੇਜਾ ਕੈਸ਼ੀਅਰ, ਮੈਡਮ ਨੀਲਮ ਠਾਕੁਰ ਤੇ ਮਾਇਆ ਰਾਮ ਸੰਯੁਕਤ ਸਕੱਤਰ, ਰਾਜ ਕੁਮਾਰ ਸੰਗਠਨ ਸਕੱਤਰ, ਫਤਹਿਗੜ੍ਹ ਸਾਹਿਬ ਤੋਂ ਉਚੇਚੇ ਤੌਰ ’ਤੇ ਪਹੁੰਚੇ ਐਡਵੋਕੇਟ ਅਮਰਿੰਦਰ ਸਿੰਘ ਮੰਡੋਫਲ, ਅਨਿਲ ਭਾਰਦਵਾਜ, ਹਰਦੇਵ ਚੌਹਾਨ, ਮਨੋਜ ਗਿਰਧਰ, ਹਰਬੰਸ ਸਿੰਘ ਬਾਗੜੀ, ਨਾਹਰ ਸਿੰਘ ਧਾਲੀਵਾਲ, ਕੁਲਦੀਪ ਗਿੱਲ, ਮੰਗਤ ਸਿੰਘ ਸੈਦਪੁਰ, ਅਮਨਦੀਪ ਸਿੰਘ ਗਿੱਲ, ਧਰਮ ਸਿੰਘ, ਹਰਿੰਦਰ ਪਾਲ ਸਿੰਘ ਹੈਰੀ, ਕਿਰਪਾਲ ਸਿੰਘ, ਸਾਗਰ ਪਾਹਵਾ, ਵਿਜੇ ਪਾਲ, ਗੁਰਜੀਤ ਸਿੰਘ, ਕੇਐਸ ਬਾਵਾ, ਸੁਖਵਿੰਦਰ ਸਿੰਘ ਮਨੌਲੀ, ਐਚਐਸ ਭੱਟੀ, ਸੁਖਵਿੰਦਰ ਸ਼ਾਨ, ਜਸਵੀਰ ਸਿੰਘ ਗੋਸਲ, ਹਰਿੰਦਰ ਹਰ, ਨੌਨਿਹਾਲ ਸਿੰਘ ਸੋਢੀ, ਅਮਰਜੀਤ ਸਿੰਘ, ਰਾਜੀਵ ਵਸ਼ਿਸ਼ਟ, ਅਕਵਿੰਦਰ ਸਿੰਘ ਗੋਸਲ, ਕੁਲਦੀਪ ਸਿੰਘ, ਗੁਰਨਾਮ ਸਾਗਰ, ਰਣਜੀਤ ਸਿੰਘ ਧਾਲੀਵਾਲ, ਕੁਲਵੰਤ ਸਿੰਘ ਕੋਟਲੀ, ਨੇਹਾ ਵਰਮਾ, ਗੁਰਦੀਪ ਬੈਨੀਪਾਲ, ਤਿਲਕ ਰਾਜ, ਦਵਿੰਦਰ ਸਿੰਘ, ਵਾਸਨ ਸਿੰਘ ਗੁਰਾਇਆ ਸਮੇਤ ਅਨੇਕਾਂ ਪੱਤਰਕਾਰ ਅਤੇ ਪਤਵੰਤੇ ਸੱਜਣ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …