nabaz-e-punjab.com

ਕੰਕਰੀਟ ਪਲਾਂਟਾਂ ਦੇ ਭਾਰੀ ਵਾਹਨਾਂ ਦੀ ਆਵਾਜਾਈ ਕਾਰਨ ਸੜਕਾਂ ਟੁੱਟੀਆਂ, ਲੋਕ ਪ੍ਰੇਸ਼ਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਮਾਰਚ:
ਮੁਹਾਲੀ ਵਿੱਚ ਕੰਕਰੀਟ ਪਲਾਂਟ (ਰੇਡੀਮੇਡ ਮਿਕਸਚਰ ਪਲਾਂਟ) ਚਲਾਉਣ ਵਾਲੀਆਂ ਕੰਪਨੀਆਂ ਦੇ ਭਾਰੀ ਵਾਹਨਾਂ ਨੇ ਇੱਥੋਂ ਦੇ ਸਨਅਤੀ ਏਰੀਆ ਫੇਜ਼-3 ਅਤੇ ਹੋਰ ਸੜਕਾਂ ਨੂੰ ਬੂਰੀ ਤਰ੍ਹਾਂ ਤਹਿਸ-ਨਹਿਸ ਕਰ ਦਿੱਤਾ ਹੈ। ਟੁੱਟੀਆਂ ਸੜਕਾਂ ਕਾਰਨ ਆਮ ਲੋਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੰਪਨੀ ਪ੍ਰਬੰਧਕ ਰਸੂਖ ਵਾਲੇ ਹੋਣ ਕਰਕੇ ਮੁਹਾਲੀ ਨਗਰ ਨਿਗਮ ਉਨ੍ਹਾਂ ਖ਼ਿਲਾਫ਼ ਬਣਦੀ ਕਾਰਵਾਈ ਕਰਨ ਤੋਂ ਪੱਲਾ ਝਾੜ ਰਹੀ ਹੈ। ਕੰਕਰੀਟ ਪਲਾਂਟ ਤੋਂ ਉੱਡਦੀ ਮਿੱਟੀ ਅਤੇ ਧੂੜ ਕਾਰਨ ਹਰੇ ਭਰੇ ਰੁੱਖਾਂ ਦੇ ਪੱਤਿਆਂ ਦਾ ਰੰਗ ਵੀ ਬਦਲ ਗਿਆ ਹੈ। ਸੜਕ ਕਿਨਾਰੇ ਖੜੇ ਦਰੱਖਤਾਂ ਦੇ ਪੱਤਿਆਂ ’ਤੇ ਮਿੱਟੀ ਦੀ ਪਰਤ ਜਮ ਗਈ ਹੈ। ਜਿਸ ਕਾਰਨ ਨੇੜਲੇ ਸ਼ੋਅਰੂਮਾਂ ਅਤੇ ਹੋਰ ਫੈਕਟਰੀਆਂ ਵਿੱਚ ਕੰਮ ਕਰਦੇ ਮੁਲਾਜ਼ਮਾਂ ਅਤੇ ਕਾਰੋਬਾਰੀਆਂ ਨੂੰ ਕਾਫ਼ੀ ਮੁਸ਼ਕਲਾਂ ਪੇਸ਼ ਆ ਰਹੀਆਂ ਹਨ ਅਤੇ ਬਰਸਾਤ ਦੇ ਦਿਨਾਂ ਵਿੱਚ ਟੁੱਟੀਆਂ ਸੜਕਾਂ ਦੀ ਹਾਲਤ ਹੋਰ ਵੀ ਬਦਤਰ ਬਣ ਜਾਂਦੀ ਹੈ। ਜਿਸ ਕਾਰਨ ਲੋਕਾਂ ਦਾ ਲੰਘਣਾ ਮੁਸ਼ਕਲ ਹੋ ਜਾਂਦਾ ਹੈ।
ਇਸ ਸਬੰਧੀ ਆਈਟੀਆਈ ਕਾਰਕੁਨ ਅਤੇ ਕੌਂਸਲਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਪਿਛਲੇ ਸਾਲ ਅਗਸਤ ਮਹੀਨੇ ਨਗਰ ਨਿਗਮ ਦੀ ਮੀਟਿੰਗ ਵਿੱਚ ਇਹ ਮੁੱਦਾ ਬੜੇ ਜ਼ੋਰਾਂ ਸ਼ੋਰਾਂ ਨਾਲ ਚੁੱਕਿਆ ਸੀ ਲੇਕਿਨ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਪਿਛਲੇ ਕਾਫੀ ਸਮੇਂ ਤੋਂ ਕੰਕਰੀਟ ਪਲਾਂਟ ਚਲਾਉਣ ਵਾਲੀਆਂ ਕੰਪਨੀਆਂ ਦੇ ਭਾਰੀ ਵਾਹਨਾਂ ਨਾਲ ਸ਼ਹਿਰ ਦੀਆਂ ਕਾਫੀ ਸੜਕਾਂ ਟੁੱਟ ਗਈਆਂ ਹਨ ਅਤੇ ਕਈ ਸੜਕਾਂ ਦੀ ਹੋਂਦ ਹੀ ਮਿੱਟ ਚੁੱਕੀ ਹੈ। ਸੜਕ ਦੇ ਨਾਂ ’ਤੇ ਸਿਰਫ਼ ਮਿੱਟੀ, ਪੱਥਰ ਅਤੇ ਚਿੱਕੜ ਹੀ ਦਿਖਾਈ ਦਿੰਦਾ ਹੈ। ਉਨ੍ਹਾਂ ਦੱਸਿਆ ਕਿ ਮੀਟਿੰਗ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਸਬੰਧਤ ਕੰਕਰੀਟ ਪਲਾਂਟ ਦਾ ਬਿਜਲੀ ਦਾ ਕੁਨੈਕਸ਼ਨ ਕਟਾਉਣ ਅਤੇ ਪਾਣੀ ਅਤੇ ਸੀਵਰੇਜ ਕੁਨੈਕਸ਼ਨ ਕੱਟਣ ਦਾ ਫੈਸਲਾ ਲਿਆ ਸੀ ਪ੍ਰੰਤੂ ਬਾਅਦ ਵਿੱਚ ਬਣਦੀ ਕਾਰਵਾਈ ਨੂੰ ਅਮਲ ’ਚ ਨਹੀਂ ਲਿਆਂਦਾ ਗਿਆ। ਇਸ ਸਬੰਧੀ ਇਕ ਪਲਾਂਟ ਦੇ ਮੈਨੇਜਰ ਅਵਨੀਸ਼ ਕੁਮਾਰ ਨੇ ਕਿਹਾ ਕਿ ਕੁਝ ਸਮਾਂ ਪਹਿਲਾਂ ਉਨ੍ਹਾਂ ਨੂੰ ਨਗਰ ਨਿਗਮ ਵੱਲੋਂ ਸੜਕ ਟੁੱਟਣ ਬਾਰੇ ਨੋਟਿਸ ਜਾਰੀ ਕੀਤਾ ਗਿਆ ਸੀ ਅਤੇ ਨੋਟਿਸ ਮਿਲਣ ਤੋਂ ਬਾਅਦ ਕੰਪਨੀ ਨੇ ਆਪਣੇ ਖ਼ਰਚੇ ’ਤੇ ਸੜਕ ਬਣਾ ਦਿੱਤੀ ਗਈ ਸੀ।
(ਬਾਕਸ ਆਈਟਮ)
ਅਲਟਰਾਟੈੱਕ ਕੰਕਰੀਟ ਪਲਾਟ ਦੇ ਮੈਨੇਜਰ ਜਤਿੰਦਰ ਰੰਧਾਵਾ ਨੇ ਕਿਹਾ ਕਿ ਉਨ੍ਹਾਂ ਦੇ ਪਲਾਂਟ ਵਿੱਚ ਸਰਕਾਰੀ ਨੇਮਾਂ ਅਨੁਸਾਰ ਕੰਮ ਕੀਤਾ ਜਾ ਰਿਹਾ ਹੈ। ਇਸ ਸਬੰਧੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੀ ਅਗਾਊਂ ਪ੍ਰਵਾਨਗੀ ਲਈ ਹੋਈ ਹੈ। ਉਨ੍ਹਾਂ ਕਿਹਾ ਕਿ ਉਹ ਬੰਦ ਪੈਕੇਜ ਸੀਮਿੰਟ ਵਰਤਿਆਂ ਜਾ ਰਿਹਾ ਹੈ ਜਦੋਂਕਿ ਬਾਕਹੀ ਪਲਾਂਟ ਵਾਲੇ ਖੁੱਲ੍ਹਾ ਸੀਮਿੰਟ ਵਰਤਦੇ ਹਨ। ਜਿਸ ਕਾਰਨ ਲੋਕਾਂ ਨੂੰ ਦਿੱਕਤਾਂ ਪੇਸ਼ ਆਉਂਦੀਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਸਾਲਾਨਾ ਹਰੇਕ ਸਾਲ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਪਾਣੀ ਦੀ ਖਪਤ, ਚਿਮਨੀ ਦੇ ਸੈਂਪਲ ਅਤੇ ਹਵਾ ਕੁਆਲਿਟੀ ਬਾਰੇ ਵਿਸਥਾਰ ਰਿਪੋਰਟ ਸੌਂਪੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਾਡੇ ਪਲਾਂਟ ਵਿੱਚ ਸਾਰਾ ਕੁਝ ਨਿਯਮਾਂ ਤਹਿਤ ਹੋ ਰਿਹਾ ਹੈ ਪਰ ਉਹ ਦੂਜੇ ਕਿਸੇ ਪਲਾਂਟ ਦੀ ਗਰੰਟੀ ਨਹੀਂ ਲੈਂਦੇ ਹਨ। ਸ੍ਰੀ ਰੰਧਾਵਾ ਨੇ ਕਿਹਾ ਕਿ ਸੜਕਾਂ ’ਤੇ ਖੜਦੇ ਪਾਣੀ ਬਾਰੇ ਉਹ ਕਈ ਵਾਰ ਨਗਰ ਨਿਗਮ ਨੂੰ ਸ਼ਿਕਾਇਤਾਂ ਦੇ ਚੁੱਕੇ ਹਨ ਕਿ ਇਸ ਖੇਤਰ ਵਿੱਚ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇ।
(ਬਾਕਸ ਆਈਟਮ)
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਕਸੀਅਨ ਏਕੇ ਸ਼ਰਮਾ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ ਅਤੇ ਜਲਦੀ ਹੀ ਸਬੰਧਤ ਏਰੀਆ ਦੇ ਐਸਡੀਓ ਨੂੰ ਮੌਕੇ ’ਤੇ ਭੇਜ ਕੇ ਮੌਜੂਦਾ ਸਥਿਤੀ ਦਾ ਜਾਇਜ਼ਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਮੁੱਢਲੀ ਜਾਂਚ ਵਿੱਚ ਸਰਕਾਰੀ ਨੇਮਾਂ ਅਤੇ ਨਿਯਮਾਂ ਦੀ ਉਲੰਘਣਾ ਜਾਂ ਕੰਕਰੀਟ ਪਲਾਂਟਾਂ ਦੇ ਪ੍ਰਬੰਧਾਂ ਵਿੱਚ ਊਣਤਾਈਆਂ ਪਾਈਆਂ ਗਈਆਂ ਤਾਂ ਸਬੰਧਤ ਪਲਾਂਟਾਂ ਦੇ ਖ਼ਿਲਾਫ਼ ਨਿਯਮਾਂ ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ।
(ਬਾਕਸ ਆਈਟਮ)
ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਦੀ ਜਮਾਤ ਵੱਲੋਂ ਹਾਊਸ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕਰਨ ਦੇ ਬਾਵਜੂਦ ਹੁਣ ਤੱਕ ਕੋਈ ਕਾਰਵਾਈ ਨਾ ਹੋਣ ਨਾਲ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਦੀ ਬੂਹ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਮੀਟਿੰਗ ਵਿੱਚ ਸਨਅਤੀ ਏਰੀਆ ਫੇਜ਼-3, ਫੇਜ਼-6 ਅਤੇ ਫੇਜ਼-7 ਵਿੱਚ ਸਥਿਤ ਕੰਕਰੀਟ ਪਲਾਂਟਾਂ ਦੇ ਭਾਰੀ ਵਾਹਨਾਂ ਨਾਲ ਟੁੱਟੀਆਂ ਸੜਕਾਂ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਇਹ ਫੈਸਲਾ ਲਿਆ ਗਿਆ ਸੀ ਕਿ ਸਬੰਧਤ ਕੰਪਨੀਆਂ ਨੂੰ ਇਕ ਮਹੀਨੇ ਦਾ ਨੋਟਿਸ ਭੇਜ ਕੇ ਸਬੰਧਤ ਸੜਕਾਂ ਦੀ ਮੁਰੰਮਤ ਕਰਵਾਈ ਜਾਵੇ। ਜੇਕਰ ਸੜਕਾਂ ਦੀ ਮੁਰੰਮਤ ਨਹੀਂ ਕੀਤੀ ਜਾਂਦੀ ਤਾਂ ਬਿਜਲੀ ਪਾਣੀ ਅਤੇ ਸੀਵਰੇਜ ਦੇ ਕੁਨੈਕਸ਼ਨ ਕੱਟੇ ਜਾਣ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…