
ਮਿਹਨਤਕਸ਼ ਲੋਕਾਂ ਲਈ ਪਹਿਲ ਦੇ ਆਧਾਰ ’ਤੇ ਘੜੀਆਂ ਜਾਣਗੀਆਂ ਨਵੀਆਂ ਤੇ ਠੋਸ ਨੀਤੀਆਂ: ਬੱਬੀ ਬਾਦਲ
ਬੁਨਿਆਦੀ ਨੀਤੀਆਂ ’ਤੇ ਕੇਂਦਰਿਤ ਹੋਵੇਗਾ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦਾ ਉਦੇਸ਼: ਬੱਬੀ ਬਾਦਲ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਜਨਵਰੀ:
ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਜਨਰਲ ਸਕੱਤਰ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਕਿਹਾ ਕਿ ਪਾਰਟੀ ਦਾ ਮੁੱਖ ਮੰਤਵ ਪੰਜਾਬ ਵਾਸੀਆਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਕਈ ਦਹਾਕਿਆਂ ਤੋਂ ਰਵਾਇਤੀ ਪਾਰਟੀਆਂ ਦੇ ਸਿਆਸਤਦਾਨ ਨੇ ਨਿੱਜੀ ਲੋੜਾਂ ਦੀ ਪੂਰਤੀ ਨੂੰ ਪਹਿਲ ਦੇ ਕੇ ਪੰਜਾਬ ਦੇ ਲੋਕਾਂ ਨਾਲ ਧਰੋਹ ਕਮਾਇਆ ਹੈ। ਜਿਸ ਦੇ ਸਿੱਟੇ ਵਜੋਂ ਅੱਜ ਗਰੀਬ ਤੇ ਮੱਧ ਵਰਗੀ ਲੋਕਾਂ ਦਾ ਜੀਵਨ ਪੱਧਰ ਹੋਰ ਹੇਠਾਂ ਖਿਸਕਾ ਦਾ ਜਾ ਰਿਹਾ ਹੈ। ਪਿੰਡ ਸਿਆਊ ਵਿਖੇ ਨੁੱਕੜ ਮੀਟਿੰਗ ਨੂੰ ਸੰਬੋਧਨ ਕਰਦਿਆਂ ਬੱਬੀ ਬਾਦਲ ਨੇ ਸਪੱਸ਼ਟ ਰੂਪ ਵਿੱਚ ਜ਼ੋਰ ਦਿੱਤਾ ਕਿ ਪੰਜਾਬੀਆਂ ਨੂੰ ਪਹਿਲ ਦੇ ਅਧਾਰ ’ਤੇ ਮੁਫ਼ਤ ਸਿਹਤ ਅਤੇ ਸਿੱਖਿਆ ਸੇਵਾਵਾਂ ਦੇਣਾ ਸਾਡਾ ਨੈਤਿਕ ਫਰਜ ਹੋਵੇਗਾ। ਜਿਸ ਨਾਲ ਨਰੋਏ ਸਮਾਜ ਦੀ ਸਿਰਜਨਾ ਨੂੰ ਬੜ੍ਹਾਵਾ ਦਿੱਤਾ ਜਾਵੇਗਾ ਅਤੇ ਸੂਬਾ ਵੀ ਤਰੱਕੀ ਦੀ ਰਫ਼ਤਾਰ ਫੜੇਗਾ।
ਸ੍ਰੀ ਬੱਬੀ ਬਾਦਲ ਨੇ ਇਹ ਗੱਲ ਬੜੇ ਦਾਅਵੇ ਨਾਲ ਆਖੀ ਕਿ ਮਿਹਨਤਕਸ਼ਾਂ ਲਈ ਪਹਿਲ ਦੇ ਆਧਾਰ ’ਤੇ ਨਵੀਆਂ ਤੇ ਨਿਰੋਲ ਨੀਤੀਆਂ ਘੜੀਆਂ ਜਾਣਗੀਆਂ ਅਤੇ ਕਿਸਾਨਾਂ ਦੀ ਆਰਥਿਕਤਾ ਅਤੇ ਸਮਾਜਿਕ ਹਾਲਤ ਸੁਧਾਰਨ ਲਈ ਠੋਸ ਕਦਮ ਚੁੱਕੇ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਹਰੇ ਇਨਕਲਾਬ ਦੇ ਖ਼ਿੱਤੇ ਦਾ ਮੁੱਖ ਧੁਰਾ ਹੈ। ਦੇਸ਼ ਨੂੰ ਅਨਾਜ ਵਿੱਚ ਸਵੈ-ਨਿਰਭਰ ਬਣਾਉਣ ਵਿੱਚ ਵੀ ਬਹੁਤ ਵਡਮੱੁਲਾ ਯੋਗਦਾਨ ਦਿੱਤਾ ਹੈ। ਇਸ ਲਈ ਖੇਤੀਬਾੜੀ ਨੂੰ ਪੰਜਾਬ ਵਿੱਚ ਹੋਰ ਪ੍ਰਫੁੱਲਤ ਕਰਨ ਲਈ ਜੀ-ਤੋੜ ਯਤਨ ਕੀਤੇ ਜਾਣਗੇ।
ਇਸ ਮੌਕੇ ਮੀਹਾਂ ਸਿੰਘ, ਰਣ ਸਿੰਘ, ਹਰਜੀਤ ਸਿੰਘ, ਬਲਵਿੰਦਰ ਸਿੰਘ, ਸੁਰਮੁੱਖ ਸਿੰਘ, ਮਨਫੂਲ ਸਿੰਘ, ਗੁਰਜੀਤ ਸਿੰਘ, ਸਤਨਾਮ ਸਿੰਘ, ਬਲਦੇਵ ਸਿੰਘ, ਸੁਰਿੰਦਰ ਸਿੰਘ, ਰਣਜੀਤ ਸਿੰਘ ਬਰਾੜ, ਜਗਤਾਰ ਸਿੰਘ ਘੜੂੰਆਂ, ਸੁਰਜੀਤ ਸਿੰਘ, ਇਕਬਾਲ ਸਿੰਘ ਅਤੇ ਜੱਗਾ ਸਿੰਘ ਹਾਜ਼ਰ ਸਨ।