Nabaz-e-punjab.com

ਸਮਾਜ ਸੇਵੀ ਸੰਸਥਾ ਤੇ ਅਕਾਲੀ ਦਲ ਵੱਲੋਂ ਸਿਹਤ ਮੰਤਰੀ ਬਲਬੀਰ ਸਿੱਧੂ ਦੇ ਫੈਸਲੇ ਦੀ ਸਖ਼ਤ ਨਿਖੇਧੀ

ਪ੍ਰਾਇਮਰੀ ਹੈਲਥ ਸੈਂਟਰ ਬੂਥਗੜ੍ਹ ਦੇ ਐਸਐਮਓ ਡਾ. ਮੁਲਤਾਨੀ ਦੀ ਬਦਲੀ ਰੱਦ ਕਰਨ ਦੀ ਮੰਗ ਉੱਠੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਜੂਨ:
ਪ੍ਰਾਇਮਰੀ ਹੈਲਥ ਸੈਂਟਰ ਪਿੰਡ ਬੂਥਗੜ੍ਹ (ਜ਼ਿਲ੍ਹਾ ਮੁਹਾਲੀ) ਦੇ ਇੰਚਾਰਜ ਐਸਐਮਓ ਡਾ. ਦਲੇਰ ਸਿੰਘ ਮੁਲਤਾਨੀ ਦੀ ਬਦਲੀ ਨੂੰ ਲੈ ਕੇ ਸਮਾਜ ਸੇਵੀ ਸੰਸਥਾਵਾਂ ਨੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਇਸ ਫੈਸਲੇ ਦੀ ਸਖ਼ਤ ਨਿਖੇਧੀ ਕਰਦਿਆਂ ਡਾ. ਮੁਲਤਾਨੀ ਦੀ ਬਦਲੀ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਹੈ। ਡਾ. ਮੁਲਤਾਨੀ ਨੂੰ ਇੱਥੋਂ ਬਦਲ ਕੇ ਕਮਿਊਨਿਟੀ ਹੈਲਥ ਸੈਂਟਰ ਫਾਜ਼ਿਲਕਾ ਦਾ ਐਮਐਸਓ ਲਗਾਇਆ ਗਿਆ ਹੈ। ਜਿੱਥੇ ਐਸਐਮਓ ਦੀ ਅਸਾਮੀ ਕਾਫੀ ਸਮੇਂ ਤੋਂ ਖਾਲੀ ਪਈ ਸੀ। ਜਦੋਂਕਿ ਉਨ੍ਹਾਂ ਦੀ ਥਾਂ ਡਾ. ਦਿਲਬਾਗ ਸਿੰਘ ਨੂੰ ਬੂਥਗੜ੍ਹ ਦਾ ਨਵਾਂ ਐਸਐਮਓ ਲਾਇਆ ਗਿਆ ਹੈ।
ਪੰਜਾਬ ਅਗੇਂਸਟ ਕੁਰੱਪਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਦਾਊਂ ਅਤੇ ਸੀਨੀਅਰ ਆਗੂ ਡਾ. ਅਬਦੁਲ ਮਜੀਦ ਨੇ ਕਿਹਾ ਕਿ ਡਾ. ਮੁਲਤਾਨੀ ਲੰਮੇ ਅਰਸੇ ਤੋਂ ਵੱਖ ਵੱਖ ਹਸਪਤਾਲਾਂ ਵਿੱਚ ਇਮਾਨਦਾਰੀ ਅਤੇ ਸੇਵਾ ਭਾਵਨਾ ਨਾਲ ਡਿਊਟੀ ਨਿਭਾਉਂਦੇ ਆ ਰਹੇ ਹਨ ਅਤੇ ਪਿੱਛੇ ਜਿਹੇ ਉਨ੍ਹਾਂ ਨੇ ਸਰਕਾਰੀ ਦਵਾਈਆਂ ਦੀ ਖਰੀਦ ਵਿੱਚ ਘਪਲੇਬਾਜ਼ੀ ਅਤੇ ਖੰਘ ਦੀ ਦਵਾਈ ਵਿੱਚ ਨਸ਼ੇ ਦੀ ਵਧੇਰੇ ਮਾਤਰਾ ਹੋਣ ਦਾ ਖੁਲਾਸਾ ਕੀਤਾ ਸੀ ਅਤੇ ਸਰਕਾਰੀ ਹਸਪਤਾਲਾਂ ਦੀ ਨਵੀਂ ਬਣੀ ਇਮਾਰਤਾਂ ਦਾ ਉਦਘਾਟਨ ਕਿਸੇ ਸੱਤਾਧਾਰੀ ਆਗੂ ਜਾਂ ਮੰਤਰੀ ਤੋਂ ਨਾ ਕਰਵਾ ਕੇ ਕਿਸੇ ਚੌਥਾ ਦਰਜਾ ਕਰਮਚਾਰੀ ਤੋਂ ਕਰਵਾ ਕੇ ਸਿਆਸੀ ਆਗੂਆਂ ਅਤੇ ਸਰਕਾਰਾਂ ਨਾਲ ਮੱਥਾ ਲਗਾਉਂਦੇ ਰਹੇ ਹਨ। ਉਨ੍ਹਾਂ ਮੰਤਰੀ ਨੂੰ ਕਿਹਾ ਕਿ ਉਹ ਬੂਥਗੜ੍ਹ ਹਸਪਤਾਲ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲੈਣਾ ਜ਼ਰੂਰ ਤਾਂ ਜੋ ਉਨ੍ਹਾਂ ਨੂੰ ਪਤਾ ਲੱਗ ਸਕੇ ਕਿ ਡਾ. ਮੁਲਤਾਨੀ ਨੇ ਬਿਨਾਂ ਸਰਕਾਰੀ ਫੰਡ ਤੋਂ ਹਸਪਤਾਲ ਦੀ ਇਮਾਰਤ ਕਿੰਨਾ ਖ਼ੂਬਸੂਰਤ ਅਤੇ ਬਾਹਰੋਂ ਹਰਿਆ ਭਰਿਆ ਬਣਾਇਆ ਗਿਆ ਹੈ, ਜੋ ਕਿ ਕਿਸੇ ਸੈਰਗਾਹ ਵਜੋਂ ਘੱਟ ਨਹੀਂ ਹੈ ਜਦੋਂਕਿ ਮੰਤਰੀ ਦੇ ਸ਼ਹਿਰ ਦੇ ਜ਼ਿਲ੍ਹਾ ਪੱਧਰੀ ਹਸਪਤਾਲ ਫੇਜ਼-6 ਦੀ ਹਾਲਤ ਬਹੁਤ ਚੰਗੀ ਨਹੀਂ ਹੈ। ਇੱਥੇ ਸਫ਼ਾਈ ਦਾ ਬੂਰਾ ਹਾਲ ਹੈ। ਪਾਰਕਿੰਗ ਅਤੇ ਹੋਰ ਆਲੇ ਦੁਆਲੇ ਵੱਡੀ ਮਾਤਰਾ ਵਿੱਚ ਕਾਂਗਰਸ ਘਾਹ ਉੱਗਿਆ ਹੋਇਆ ਹੈ ਅਤੇ ਬਾਥਰੂਮ ਵੀ ਵਰਤੋਂ ਯੋਗ ਨਹੀਂ ਹਨ।
ਜ਼ਿਲ੍ਹਾ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਕੁਲਦੀਪ ਕੌਰ ਕੰਗ ਨੇ ਕਿਹਾ ਕਿ ਸਿਹਤ ਮੰਤਰੀ ਨੇ ਡਾ. ਮੁਲਤਾਨੀ ਦੀ ਬਦਲੀ ਦੇ ਮਾਮਲੇ ਵਿੱਚ ਸਾਰੇ ਕਾਇਦੇ ਕਾਨੂੰਨ ਛਿੱਕੇ ’ਤੇ ਟੰਗ ਦਿੱਤੇ ਹਨ। ਉਨ੍ਹਾਂ ਕਿਹਾ ਕਿ ਡਾ. ਮੁਲਤਾਨੀ 5 ਮਹੀਨੇ ਬਾਅਦ ਸੇਵਾਮੁਕਤ ਹੋ ਰਹੇ ਹਨ। ਸਰਕਾਰੀ ਨੇਮਾਂ ਅਨੁਸਾਰ ਜਦੋਂ ਕੋਈ ਅਫ਼ਸਰ ਜਾਂ ਮੁਲਾਜ਼ਮ ਸੇਵਾਮੁਕਤੀ ਦੇ ਨੇੜੇ ਹੋਵੇ ਤਾਂ ਉਸ ਨੂੰ ਦੂਰ ਦੁਰਾਡੇ ਨਹੀਂ ਬਦਲਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਮੰਤਰੀ ਵਿਕਾਸ ਕੰਮ ਘੱਟ ਅਤੇ ਖੁੰਦਕਾਂ ਜ਼ਿਆਦਾ ਕੱਢ ਰਹੇ ਹਨ।
(ਬਾਕਸ ਆਈਟਮ)
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਸਾਰੇ ਡਾਕਟਰਾਂ ਦੀਆਂ ਬਦਲੀਆਂ ਪਾਰਦਰਸ਼ੀ ਢੰਗ ਨਾਲ ਕੀਤੀਆਂ ਗਈਆਂ ਹਨ। ਡਾ. ਮੁਲਤਾਨੀ ਦੀ ਬਦਲੀ ਸਬੰਧੀ ਪੁੱਛੇ ਜਾਣ ’ਤੇ ਸਿਹਤ ਮੰਤਰੀ ਨੇ ਕਿਹਾ ਕਿ ਡਾ. ਮੁਲਤਾਨੀ ਬਹੁਤ ਸੂਝਵਾਨ ਅਤੇ ਸਿਆਣੇ ਡਾਕਟਰ ਹਨ। ਇਸ ਲਈ ਉਨ੍ਹਾਂ ਦੇ ਤਜ਼ੁਰਬੇ ਦਾ ਹੋਰਨਾਂ ਇਲਾਕਿਆਂ ਵਿੱਚ ਲਾਭ ਲਿਆ ਜਾਵੇਗਾ। ਜਿਸ ਕਾਰਨ ਉਨ੍ਹਾਂ ਦੀ ਬਦਲੀ ਫਾਜ਼ਿਲਕਾ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕਈ ਪਦਉੱਨਤ ਐਸਐਮਓ ਆਪਣੀ ਤਾਇਨਾਤੀ ਨੂੰ ਉਡੀਕ ਰਹੇ ਸੀ ਅਤੇ ਕਾਫੀ ਹਸਪਤਾਲਾਂ ਵਿੱਚ ਡਾਕਟਰਾਂ ਦੀਆਂ ਅਸਾਮੀਆਂ ਖਾਲੀ ਪਈਆਂ ਸਨ ਪ੍ਰੰਤੂ ਪਿਛਲੀ ਅਕਾਲੀ ਸਰਕਾਰ ਨੇ ਸਿਹਤ ਸਹੂਲਤਾਂ ਵੱਲ ਉੱਕਾ ਹੀ ਧਿਆਨ ਨਹੀਂ ਦਿੱਤਾ। ਉਨ੍ਹਾਂ ਦੱਸਿਆ ਕਿ ਲੋੜ ਅਨੁਸਾਰ ਹੋਰ ਨਵੇਂ ਡਾਕਟਰਾਂ ਦੀ ਭਰਤੀ ਪ੍ਰਕਿਰਿਆ ਜਾਰੀ ਹੈ। ਉਨ੍ਹਾਂ ਕਿਹਾ ਕਿ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਬੁਨਿਆਦੀ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…