
ਦੋ ਹਫ਼ਤਿਆਂ ਵਿੱਚ ਬਦਲ ਜਾਵੇਗੀ ਮੁਹਾਲੀ ਦੀਆਂ ਅੰਦਰਲੀ ਤੇ ਮੁੱਖ ਸੜਕਾਂ ਦੀ ਹਾਲਤ: ਮੇਅਰ ਜੀਤੀ ਸਿੱਧੂ
ਸ਼ਹਿਰ ਦੀਆਂ ਸੜਕਾਂ ’ਤੇ 2 ਕਰੋੜ ਰੁਪਏ ਦੀ ਲਾਗਤ ਨਾਲ ਪ੍ਰੀਮਿਕਸ ਪਾਉਣ ਤੇ ਵਿਕਾਸ ਕਾਰਜ ਕਰਵਾਏ ਸ਼ੁਰੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਨਵੰਬਰ:
ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਸ਼ਹਿਰ ਦੀਆਂ ਅੰਦਰਲੀ ਅਤੇ ਮੁੱਖ ਸੜਕਾਂ ਦੀ ਹਾਲਤ 15 ਦਸੰਬਰ ਤੱਕ ਬਦਲ ਦਿੱਤੀ ਜਾਵੇਗੀ ਅਤੇ ਸਾਰੀਆਂ ਸੜਕਾਂ ’ਤੇ ਪ੍ਰੀਮਿਕਸ ਪਾਈ ਜਾਵੇਗੀ। ਸ਼ਹਿਰ ਵਿੱਚ ਹੋਰ ਵੱਖ-ਵੱਖ ਵਿਕਾਸ ਕਾਰਜਾਂ ਅਤੇ ਸੜਕਾਂ ’ਤੇ 2 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ। ਅੱਜ ਇੱਥੋਂ ਦੇ ਫੇਜ਼-3ਏ ਵਿੱਚ ਚੰਡੀਗੜ੍ਹ ਦੀ ਬਾਉਂਡਰੀ ਤੋਂ ਲੈ ਕੇ ਮਟੌਰ ਤੱਕ ਸੜਕ ਉੱਤੇ ਦੋਵੇਂ ਪਾਸੇ ਪ੍ਰੀਮਿਕਸ ਪਾਉਣ ਦਾ ਕੰਮ ਸ਼ੁਰੂ ਕਰਵਾਉਣ ਮੌਕੇ ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਇਸ ਸੜਕ ਦੀ ਹਾਲਤ ਦਿਨ ਪ੍ਰਤੀ ਦਿਨ ਖਸਤਾ ਹੋ ਰਹੀ ਸੀ ਅਤੇ ਇਸ ਦਾ ਕੰਮ ਵੀ ਲੇਟ ਹੋ ਰਿਹਾ ਸੀ ਲੇਕਿਨ ਹੁਣ ਨਗਰ ਨਿਗਮ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਇਸ ਸੜਕ ਉੱਤੇ ਪ੍ਰੀਮਿਕਸ ਪਾਉਣ ਦਾ ਕੰਮ ਤੁਰੰਤ ਸ਼ੁਰੂ ਕਰਵਾਇਆ ਜਾਵੇ। ਜਿਸ ’ਤੇ 1 ਕਰੋੜ 20 ਲੱਖ ਖ਼ਰਚੇ ਜਾਣਗੇ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਹਾਜ਼ਰ ਸਨ। ਇੰਜ ਹੀ ਸੈਕਟਰ-79 ਵਿੱਚ 80 ਲੱਖ ਰੁਪਏ ਦੀ ਲਾਗਤ ਨਾਲ ਪੇਵਰ ਬਲਾਕ ਲਗਾਉਣ ਦਾ ਕੰਮ ਵੀ ਸ਼ੁਰੂ ਕਰਵਾਇਆ।
ਮੇਅਰ ਨੇ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਕਿ ਸਰਦੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ ਅਤੇ ਸੜਕਾਂ ਉੱਤੇ ਤੁਰੰਤ ਪ੍ਰਭਾਵ ਨਾਲ ਪ੍ਰੀਮਿਕਸ ਪਾਉਣ ਦਾ ਕੰਮ ਮੁਕੰਮਲ ਕਰ ਲਿਆ ਜਾਵੇ। ਕਿਉਂਕਿ ਸਰਦੀ ਵਿੱਚ ਲੁੱਕ ਦੀ ਪਕੜ ਘੱਟ ਜਾਂਦੀ ਹੈ। ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਹਦਾਇਤਾਂ ਦਿੱਤੀਆਂ ਕਿ ਪ੍ਰੀਮਿਕਸ ਪਾਉਣ ਦੇ ਕੰਮ ਜਾਂ ਹੋਰ ਵਿਕਾਸ ਕਾਰਜਾਂ ਵਿੱਚ ਕਿਸੇ ਵੀ ਹਾਲਤ ਵਿੱਚ ਕੁਆਲਿਟੀ ਨਾਲ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਜੇਕਰ ਵਿਕਾਸ ਕਾਰਜਾਂ ਵਿੱਚ ਕਿਸੇ ਤਰ੍ਹਾਂ ਦੀ ਕੁਤਾਹੀ ਹੋਈ ਤਾਂ ਠੇਕੇਦਾਰ ਸਮੇਤ ਸਬੰਧਤ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇਗੀ।
ਜੀਤੀ ਸਿੱਧੂ ਨੇ ਕਿਹਾ ਕਿ ਸੈਕਟਰ-76 ਤੋਂ 80 ਵਿੱਚ ਅੰਦਰਲੀ ਸੜਕਾਂ ਉੱਤੇ ਪ੍ਰੀਮਿਕਸ ਪਾਉਣ ਦੇ ਕੰਮ ਦੇ ਟੈਂਡਰ ਕੱਢ ਦਿੱਤੇ ਗਏ ਹਨ ਅਤੇ ਛੇਤੀ ਹੀ ਇਨ੍ਹਾਂ ਸੜਕਾਂ ਉੱਤੇ ਵੀ ਪ੍ਰੀਮਿਕਸ ਪਾਉਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ। ਇਸ ਮੌਕੇ ਅਨੁਰਾਧਾ ਆਨੰਦ, ਪਰਮਜੀਤ ਸਿੰਘ ਹੈਪੀ, ਸੁੱਚਾ ਸਿੰਘ ਕਲੌੜ, ਹਰਜੀਤ ਸਿੰਘ ਭੋਲੂ (ਸਾਰੇ ਕੌਂਸਲਰ), ਸਮਾਜ ਸੇਵੀ ਜਤਿੰਦਰ ਆਨੰਦ ਟਿੰਕੂ, ਨਵਜੋਤ ਸਿੰਘ ਬਾਛਲ ਸਮੇਤ ਪਤਵੰਤੇ ਹਾਜ਼ਰ ਸਨ।