
ਨਗਰ ਨਿਗਮ ਦੀ ਅਣਦੇਖੀ ਕਾਰਨ ਸੈਕਟਰ-77 ਤੋਂ 80 ਦੇ ਪਾਰਕਾਂ ਦੀ ਹਾਲਤ ਮਾੜੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਜੁਲਾਈ:
ਮੁਹਾਲੀ ਦੇ ਸੈਕਟਰ-77 ਤੋਂ 80 ਦੇ ਪਾਰਕਾਂ ਦੀ ਹਾਲਤ ਬਦਤਰ ਬਣੀ ਹੋਈ ਹੈ। ਜਿਨ੍ਹਾਂ ਦੀ ਸੰਭਾਲ ਲਈ ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਜਦੋਂਕਿ ਇਸ ਸਬੰਧੀ ਬਹੁਤ ਵਾਰ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਅਪੀਲਾਂ ਕੀਤੀਆਂ ਜਾ ਚੁੱਕੀਆਂ ਹਨ ਪਰ ਪਾਰਕਾਂ ਦੇ ਵਿਕਾਸ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਾਬਕਾ ਕੌਂਸਲਰ ਸੁਰਿੰਦਰ ਸਿੰਘ ਰੋਡਾ ਨੇ ਦੱਸਿਆ ਕਿ ਇਨ੍ਹਾਂ ਸੈਕਟਰਾਂ ਵਿੱਚ ਕਰੋੜਾਂ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਪਾਰਕਾਂ ਦਾ ਇੰਨਾ ਮਾੜਾ ਹਾਲ ਹੈ ਕਿ ਲੋਕ ਪਾਰਕਾਂ ਵਿੱਚ ਜਾਣ ਤੋਂ ਵੀ ਡਰ ਰਹੇ ਹਨ। ਅੱਜ ਇਨ੍ਹਾਂ ਪਾਰਕਾਂ ਵਿੱਚ ਵੱਡੇ ਪੱਧਰ ’ਤੇ ਕਾਂਗਰਸ ਬੂਟੀ ਅਤੇ ਹੋਰ ਘਾਹ ਦੀ ਬਹੁਤ ਭਰਮਾਰ ਹੋ ਚੁੱਕੀ ਹੈ। ਜਿਸ ਨੂੰ ਕੱਟਣ ਲਈ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਪਾਰਕਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਅਤੇ ਲੋਕਾਂ ਲਈ ਪਾਰਕਾਂ ਵਿੱਚ ਨਿਕਲਣਾ ਅਤੇ ਬੱਚਿਆਂ ਲਈ ਪਾਰਕਾਂ ਵਿੱਚ ਖੇਡਣਾ ਮੁਸ਼ਕਲ ਹੋਇਆ ਪਿਆ ਹੈ।
ਜ਼ਿਆਦਾਤਰ ਪਾਰਕਾਂ ਵਿੱਚ ਬੈਂਚ ਅਤੇ ਕਈ ਥਾਵਾਂ ਤੋਂ ਗੇਟ ਟੁੱਟ ਚੁੱਕੇ ਹਨ। ਜਿਨ੍ਹਾਂ ਨੂੰ ਸੈਕਟਰ-77 ਦੇ ਲੋਕਾਂ ਵੱਲੋਂ ਆਪਣੇ ਪੱਧਰ ’ਤੇ ਠੀਕ ਕਰਵਾਇਆ ਗਿਆ। ਪਾਰਕਾਂ ਦੀ ਦੇਖਰੇਖ ਨਾ ਹੋਣ ਕਾਰਨ ਬੂਟਿਆਂ ਦਾ ਬਹੁਤ ਮਾੜਾ ਹਾਲ ਹੈ। ਉਨ੍ਹਾਂ ਨਗਰ ਨਿਗਮ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਜਲਦੀ ਇਨ੍ਹਾਂ ਪਾਰਕਾਂ ਵੱਲ ਧਿਆਨ ਦਿੱਤਾ ਜਾਵੇ ਅਤੇ ਇਨ੍ਹਾਂ ਦੀ ਸਫ਼ਾਈ ਕਰਵਾਈ ਜਾਵੇ ਅਤੇ ਟੁੱਟੇ ਬੈਂਚਾਂ ਤੇ ਪਾਰਕਾਂ ਵਿੱਚ ਰਹਿੰਦੇ ਜੋ ਵੀ ਕੰਮ ਹਨ ਉਨ੍ਹਾਂ ਨੂੰ ਪੂਰਾ ਕਰਵਾਇਆ ਜਾਵੇ ਜੀ।