
ਸੀਜੀਸੀ ਕਾਲਜ ਲਾਂਡਰਾਂ ਵਿੱਚ ਆਈਪੀਆਰ ਜਾਗਰੂਕਤਾ ਸੈਸ਼ਨ ਕਰਵਾਇਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਮਈ:
ਭਾਰਤੀ ਪੇਟੈਂਟ ਦਫਤਰ, ਵਣਜ ਅਤੇ ਉਦਯੋਗ ਮੰਤਰਾਲਾ, ਦਿੱਲੀ ਵੱਲੋਂ ਏਸੀਆਈਸੀ ਆਰਆਈਐੱਸਈ ਵਿਭਾਗ, ਸੀਜੀਸੀ ਕਾਲਜ ਲਾਂਡਰਾਂ ਦੇ ਸਹਿਯੋਗ ਨਾਲ ਇੰਟਲੈਕਚੁਅਲ ਪ੍ਰਾਪਰਟੀ ਰਾਈਟਸ (ਆਈਪੀਆਰ) ਵਿਸ਼ੇ ‘ਤੇ ਇੱਕ ਜਾਗਰੂਕਤਾ ਸੈਸ਼ਨ ਦਾ ਆਯੋਜਨ ਕੀਤਾ ਗਿਆ। ਇਸ ਸੈਸ਼ਨ ਵਿੱਚ ਭਾਰਤੀ ਪੇਟੈਂਟ ਦਫ਼ਤਰ, ਦਿੱਲੀ, ਵਣਜ ਅਤੇ ਉਦਯੋਗ ਮੰਤਰਾਲਾ, ਭਾਰਤ ਸਰਕਾਰ ਵਿਖੇ ਪੇਟੈਂਟ ਅਤੇ ਡਿਜ਼ਾਈਨ ਦੇ ਪਰੀਖਿਅਕ ਡਾ. ਅਸ਼ੀਸ਼ ਪ੍ਰਭਾਤ ਨੇ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਭਾਰਤੀ ਪੇਟੈਂਟ ਅਤੇ ਡਿਜ਼ਾਇਨ ਐਕਟ ਦੇ ਅਣਗਿਣਤ ਪਹਿਲੂਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ।
ਇਸ ਸੈਸ਼ਨ ਵਿੱਚ ਡਾ ਅਸ਼ੀਸ਼ ਪ੍ਰਭਾਤ ਨੇ ਹਾਜ਼ਰ ਇਕੱਠ ਨੂੰ ਪੇਟੈਂਟ ਭਰਨ ਦੀ ਪ੍ਰਿਕਿਰਆ ਦੇ ਵੱਖ-ਵੱਖ ਪੜਾਵਾਂ ਬਾਰੇ ਜਾਣੂ ਕਰਵਾਇਆ। ਆਈਪੀਆਰ ਅਧਿਕਾਰ ਕਾਨੂੰਨ ਵੱਲੋਂ ਸੁਰੱਖਿਅਤ ਉਨ੍ਹਾਂ ਵਿਸ਼ੇਸ਼ ਅਧਿਕਾਰਾਂ ਵਿੱਚੋਂ ਇੱਕ ਹੈ ਜੋ ਇੱਕ ਨਿਸਚਿਤ ਸਮੇਂ ਲਈ ਨਵੀਨਤਾਕਾਰੀਆਂ ਨੂੰ ਉਨ੍ਹਾਂ ਦੀਆਂ ਨਵੀਂਆਂ ਕਾਢਾਂ ਲਈ ਪ੍ਰਦਾਨ ਕੀਤੇ ਜਾਂਦੇ ਹਨ। ਇਹ ਅਧਿਕਾਰ ਇਨੋਵੇਟਰਾਂ ਦੇ ਵਿਚਾਰਾਂ ਅਤੇ ਕਾਢਾਂ ਨੂੰ ਵਿਲੱਖਣ ਸ਼ਕਤੀ ਪ੍ਰਦਾਨ ਕਰਦਿਆਂ ਉਨ੍ਹਾਂ ਦੀ ਨਕਲ ਹੋਣ ਤੋਂ ਰੋਕਦਾ ਹੈ। ਇਸ ਤਰ੍ਹਾਂ ਇਹ ਅਧਿਕਾਰ ਇਨੋਵੇਟਰਾਂ ਨੂੰ ਪ੍ਰਤਿਯੋਗੀ ਲਾਭ ਅਤੇ ਵਪਾਰਕ ਸਫਲਤਾ ਵੀ ਪ੍ਰਦਾਨ ਕਰਦਾ ਹੈ। ਇਹ ਪ੍ਰੋਗਰਾਮ ਭਾਰਤ ਸਰਕਾਰ ਦੇ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਜ਼ਸ਼ਨਾਂ ਦਾ ਹਿੱਸਾ ਹੈ ਅਤੇ ਇਸ ਦਾ ਮੁੱਖ ਉਦੇਸ਼ ਆਤਮ-ਨਿਰਭਰ ਭਾਰਤ ਬਣਾਉਣ ਦੇ ਦ੍ਰਿਸ਼ਟੀਕੋਣ ਨੂੰ ਬੜ੍ਹਾਵਾ ਦੇਣਾ ਹੈ।