
ਕੰਨਫੈਡਰੇਸ਼ਨ ਆਫ਼ ਗਰੇਟਰ ਮੁਹਾਲੀ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਹੋਈ
ਮੁਹਾਲੀ ਨਗਰ ਨਿਗਮ ਵੱਲੋਂ ਪਾਰਕਾਂ ਦੀ ਮੈਟੀਨੈਂਸ ਸਬੰਧੀ ਭੇਜੇ ਨੋਟਿਸਾਂ ਬਾਰੇ ਕੀਤੀ ਚਰਚਾ
ਨਬਜ਼-ਏ-ਪੰਜਾਬ, ਮੁਹਾਲੀ, 25 ਫਰਵਰੀ:
ਕੰਨਫੈਡਰੇਸ਼ਨ ਆਫ਼ ਗਰੇਟਰ ਮੁਹਾਲੀ ਰੈਜ਼ੀਡੈਂਸ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਸੰਸਥਾ ਦੇ ਸਰਪ੍ਰਸਤ ਐਮਐਸ ਅੌਜਲਾ ਅਤੇ ਪ੍ਰਧਾਨ ਕੇਕੇ ਸੈਣੀ ਦੀ ਪ੍ਰਧਾਨਗੀ ਹੇਠ ਕਮਿਊਨਿਟੀ ਸੈਂਟਰ ਫੇਜ਼-7 ਵਿਖੇ ਹੋਈ। ਜਿਸ ਵਿੱਚ ਨਗਰ ਨਿਗਮ ਵੱਲੋਂ ਪਾਰਕਾਂ ਦੀ ਮੈਂਟੀਨੈਂਸ ਸਬੰਧੀ ਭੇਜੇ ਗਏ ਨੋਟਿਸਾਂ ਬਾਰੇ ਚਰਚਾ ਕੀਤੀ ਗਈ। ਕੇਕੇ ਸੈਣੀ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ ਪਾਰਕਾਂ ਨੂੰ ਰੱਖ-ਰਖਾਓ ਕਰਨ ਲਈ 4.23 ਪੈਸੇ ਹਰ ਮਹੀਨੇ ਦੇਣ ਦਾ ਐਗਰੀਮੈਂਟ ਕੀਤਾ ਹੋਇਆ ਹੈ। ਨੋਟਿਸ ਮੁਤਾਬਕ ਪਾਰਕਾਂ ਦੀਆਂ ਗਰਿੱਲਾਂ, ਗੇਟ ਅਤੇ ਝੂਲਿਆਂ ਦੀ ਰਿਪੇਅਰ ਅਤੇ ਪੇਂਟ ਦਾ ਕੰਮ ਐਸੋਸੀਏਸ਼ਨ ਵੱਲੋਂ ਕਰਵਾਇਆ ਜਾਣਾ ਹੈ ਅਤੇ ਹਰ ਮਹੀਨੇ ਕੀਤੇ ਜਾ ਰਹੇ ਖਰਚੇ ਦਾ ਵੇਰਵਾ ਵੀ ਦੱਸਣਾ ਹੈ। ਇਸ ਤੋੱ ਇਲਾਵਾ ਪਾਰਕਾਂ ਵਿੱਚ ਪਰਫਾਰਮੇ ਮੁਤਾਬਕ ਬੋਰਡ ਲਗਾਏ ਜਾਣ ਬਾਰੇ ਲਿਖਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਨਗਰ ਨਿਗਮ ਤੋਂ ਪੈਸਾ ਆਉਂਦਾ ਹੈ ਉਸ ਵਿੱਚ ਮਾਲੀ, ਸਫ਼ਾਈ ਸੇਵਕਾਂ ਦੀ ਤਨਖਾਹ, ਪੌਦਿਆਂ ਦੀ ਖਰੀਦ, ਖਾਦ ਅਤੇ ਫੁਟਕਲ ਖ਼ਰਚੇ ਹੀ ਹੁੰਦੇ ਹਨ ਅਤੇ ਇਸ ਰਕਮ ਨਾਲ ਗੇਟ, ਗਰਿੱਲਾਂ ਅਤੇ ਝੂਲਿਆਂ ਦੀ ਮੁਰੰਮਤ ਅਤੇ ਪੇਂਟ ਦਾ ਕੰਮ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਮੀਟਿੰਗ ਦੌਰਾਨ ਵੱਖ-ਵੱਖ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨਾਂ ਨੇ ਇਸ ਗੱਲ ਦਾ ਵਿਰੋਧ ਕੀਤਾ, ਕਿ ਨਿਗਮ ਵੱਲੋਂ ਦਿੱਤੇ ਜਾ ਰਹੇ ਪੈਸਿਆਂ ਵਿੱਚ ਇਹ ਕੰਮ ਨਹੀਂ ਕੀਤੇ ਜਾ ਸਕਦੇ ਅਤੇ ਜੇਕਰ ਨਿਗਮ ਨੇ ਇਹ ਕੰਮ ਕਰਵਾਉਣੇ ਹਨ ਤਾਂ ਇਸ ਲਈ ਵੱਖਰੇ ਫੰਡਾਂ ਦਾ ਇੰਤਜ਼ਾਮ ਕੀਤਾ ਜਾਵੇ।
ਮੀਟਿੰਗ ਦੌਰਾਨ ਫੈਡਰੇਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਗੁਰਮੇਲ ਸਿੰਘ ਮੌਜੇਵਾਲ, ਮੀਤ ਪ੍ਰਧਾਨ ਬਖ਼ਸ਼ੀਸ਼ ਸਿੰਘ, ਜਨਰਲ ਸਕੱਤਰ ਓਮ ਪ੍ਰਕਾਸ਼ ਚਟਾਨੀ, ਵਿੱਤ ਸਕੱਤਰ ਸੰਜੀਵ ਰਾਵੜਾ, ਜੁਆਇੰਟ ਸਕੱਤਰ ਮਧੂ ਪਟਨਾਗਰ ਅਤੇ ਵੱਖ-ਵੱਖ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨਾਂ ਦੇ ਪ੍ਰਧਾਨ ਗੁਰਮੇਲ ਸਿੰਘ, ਬਲਵੀਰ ਸਿੰਘ, ਦੀਪਕ ਦੁਆ ਗੁਰਮੀਤ ਸਿੰਘ, ਜੇਐਸ ਮੁਲਤਾਨੀ, ਰੁਪਿੰਦਰ ਸਿੰਘ, ਆਰਪੀ ਕੰਬੋਜ, ਜੀਐਸ ਸਿੱਧੂ, ਕਮਲਜੀਤ ਰੂਬੀ, ਅਸ਼ੋਕ ਕੁਮਾਰ, ਜੀਐਸ ਸੋਢੀ, ਕੁਲਜੀਤ ਸਿੰਘ, ਰਮਨ ਕੁਮਾਰ, ਮੁਕੰਦ ਸਿੰਘ ਹਾਜ਼ਰ ਸਨ।