Share on Facebook Share on Twitter Share on Google+ Share on Pinterest Share on Linkedin ਬਾਰ੍ਹਵੀਂ ਸ਼੍ਰੇਣੀ ਦਾ ਨਤੀਜਾ ਘੋਸ਼ਿਤ ਕਰਨ ਜਾਂ ਬਾਕੀ ਰਹਿੰਦੇ ਵਿਸ਼ਿਆਂ ਦੀਆਂ ਪ੍ਰੀਖਿਆ ਲੈਣ ਬਾਰੇ ਭੰਬਲਭੂਸਾ ਪੰਜਾਬ ਸਰਕਾਰ, ਸਿੱਖਿਆ ਵਿਭਾਗ ਤੇ ਸਕੂਲ ਬੋਰਡ ਵੱਲੋਂ ਤਿੰਨ ਪਹਿਲੂਆਂ ’ਤੇ ਕੀਤੀ ਜਾ ਰਹੀ ਹੈ ਵਿਚਾਰ-ਚਰਚਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਜੁਲਾਈ: ਕਰੋਨਾਵਾਇਰਸ ਦੀ ਮਹਾਮਾਰੀ ਦੇ ਚੱਲਦਿਆਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਜਮਾਤ ਦਾ ਨਤੀਜਾ ਘੋਸ਼ਿਤ ਕਰਨ ਜਾਂ ਬਾਕੀ ਰਹਿੰਦੇ ਵਿਸ਼ਿਆਂ ਦੀ ਪ੍ਰੀਖਿਆ ਲੈਣ ਨੂੰ ਲੈ ਕੇ ਵਿਦਿਆਰਥੀਆਂ ਵਿੱਚ ਭੰਬਲਭੂਸਾ ਪਾਇਆ ਜਾ ਰਿਹਾ ਹੈ। ਹਾਲਾਂਕਿ ਕੁਝ ਦਿਨ ਪਹਿਲਾਂ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਅਤੇ ਸਕੂਲ ਮੁਖੀਆਂ ਦੀ ਪੁਰਾਣੇ ਪ੍ਰੀਖਿਆ ਕੇਂਦਰਾਂ ਅਤੇ ਮੌਜੂਦਾ ਸਟੇਟਸ ਰਿਪੋਰਟ ਮਿਲਣ ਤੋਂ ਬਾਅਦ ਬੋਰਡ ਮੈਨੇਜਮੈਂਟ ਨੇ ਬਾਰ੍ਹਵੀਂ ਸ਼੍ਰੇਣੀ ਦੇ ਬਾਕੀ ਰਹਿੰਦੇ ਵਿਸ਼ਿਆਂ ਸਮੇਤ ਦਸਵੀਂ (ਕੇਵਲ ਓਪਨ ਸਕੂਲ) ਦੀ ਨਵੇਂ ਸਿਰਿਓਂ ਸਾਲਾਨਾ ਪ੍ਰੀਖਿਆ ਲੈਣ ਸਬੰਧੀ ਅਗਾਊਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਨ ਪ੍ਰੰਤੂ ਅਚਾਨਕ ਫਿਰ ਤੋਂ ਕਰੋਨਾ ਦੇ ਮਰੀਜ਼ ਵਧਣ ਕਾਰਨ ਪ੍ਰੀਖਿਆਵਾਂ ਹੋਰ ਅੱਗੇ ਟਲ ਗਈਆਂ ਹਨ। ਉਧਰ, ਵਿਦਿਆਰਥੀਆਂ ਦੇ ਭਵਿੱਖ ਨੂੰ ਲੈ ਕੇ ਫਿਕਰਮੰਦ ਸਕੂਲ ਬੋਰਡ ਵੱਲੋਂ ਬਾਰ੍ਹਵੀਂ ਦਾ ਨਤੀਜਾ ਐਲਾਨਣ ਜਾਂ ਬਾਕੀ ਰਹਿੰਦੇ ਵਿਸ਼ਿਆਂ ਦੀਆਂ ਪ੍ਰੀਖਿਆਵਾਂ ਲੈਣ ਲਈ ਵੱਖ-ਵੱਖ ਪਹਿਲੂਆਂ ਨੂੰ ਵਿਚਾਰਿਆ ਜਾ ਰਿਹਾ ਹੈ। ਪਤਾ ਲੱਗਾ ਹੈ ਕਿ ਜਿਵੇਂ ਸਕੂਲ ਪੱਧਰ ’ਤੇ ਲਈਆਂ ਜਾਣ ਵਾਲੀਆਂ ਪ੍ਰੀ-ਬੋਰਡ ਦੀਆਂ ਪ੍ਰੀਖਿਆਵਾਂ ਦੀ ਕਾਰਗੁਜ਼ਾਰੀ ਨੂੰ ਆਧਾਰ ਬਣਾ ਕੇ ਦਸਵੀਂ ਸ਼੍ਰੇਣੀ ਦਾ ਨਤੀਜਾ ਐਲਾਨਿਆ ਗਿਆ ਸੀ, ਉਵੇਂ ਹੁਣ ਬਾਰ੍ਹਵੀਂ ਜਮਾਤ ਦੇ ਜਿਹੜੇ ਵਿਸ਼ਿਆਂ ਦੀਆਂ ਪ੍ਰੀਖਿਆ ਹੋ ਚੁੱਕੀ ਹੈ, ਉਨ੍ਹਾਂ ਦੇ ਅੰਕਾਂ ਨੂੰ ਆਧਾਰ ਬਣਾ ਕੇ ਬਾਕੀ ਵਿਸ਼ਿਆਂ ਦਾ ਨਤੀਜਾ ਤਿਆਰ ਕਰਕੇ ਘੋਸ਼ਿਤ ਕਰਨ ਦੀ ਗੱਲ ਕਹੀ ਜਾ ਰਹੀ ਹੈ। ਇਸ ਤੋਂ ਇਲਾਵਾ ਇਹ ਪਹਿਲੂ ਵੀ ਵਿਚਾਰਿਆ ਜਾ ਰਿਹਾ ਹੈ ਕਿ ਬਾਰ੍ਹਵੀਂ ਦੇ ਬਾਕੀ ਰਹਿੰਦੇ ਵਿਸ਼ਿਆਂ ’ਚੋਂ ਸਿਰਫ਼ ਕੈਮਿਸਟਰੀ, ਹਿਸਟਰੀ ਅਤੇ ਪਬਲਿਕ ਐਡਮਨਿਸਟਰੇਸ਼ਨ ਸਮੇਤ ਅੱਠ ਅਹਿਮ ਵਿਸ਼ਿਆਂ ਦੀ ਪ੍ਰੀਖਿਆ ਲੈ ਕੇ ਬਾਕੀ ਵਿਸ਼ਿਆਂ ਦੇ ਉੱਕਾ ਪੁੱਕਾ ਨੰਬਰ ਲਗਾਏ ਜਾਣ। ਕਿਉਂਕਿ ਇਨ੍ਹਾਂ ’ਚੋਂ ਜ਼ਿਆਦਾਤਰ ਵਿਸ਼ੇ ਗਰੇਡਿੰਗ ਅੰਕਾਂ ਵਾਲੇ ਹਨ। ਇਸ ਸਬੰਧੀ ਬੋਰਡ ਵੱਲੋਂ ਵਿਸ਼ੇਸ਼ ਨੋਟੀਫਿਕੇਸ਼ਨ ਜਾਰੀ ਕਰਨ ਦਾ ਖਰੜਾ ਤਿਆਰ ਕੀਤਾ ਜਾ ਰਿਹਾ ਹੈ। ਉਧਰ, ਕੌਮੀ ਪੱਧਰ ’ਤੇ ਸੀਬੀਐਸਈ ਤੇ ਬਾਕੀ ਬੋਰਡਾਂ ਨਾਲ ਸਲਾਹ ਕਰਕੇ ਅਗਲੀ ਰਣਨੀਤੀ ਬਣਾਉਣ ਦੀ ਗੱਲ ਕਹੀ ਜਾ ਰਹੀ ਹੈ। ਇਨ੍ਹਾਂ ਮੁੱਦਿਆਂ ’ਤੇ ਪੰਜਾਬ ਸਰਕਾਰ, ਸਿੱਖਿਆ ਵਿਭਾਗ ਅਤੇ ਸਕੂਲ ਬੋਰਡ ਦੇ ਅਧਿਕਾਰੀ ਗੰਭੀਰਤਾ ਨਾਲ ਵਿਚਾਰ ਚਰਚਾ ਕਰ ਰਹੇ ਹਨ ਲੇਕਿਨ ਅਜੇ ਤਾਈਂ ਗੱਲ ਕਿਸੇ ਕੰਢੇ ਨਹੀਂ ਲੱਗੀ ਹੈ। ਇਸ ਬਾਰੇ ਜਦੋਂ ਬੋਰਡ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਉਕਤ ਮੁੱਦਿਆਂ ’ਤੇ ਚਰਚਾ ਕਰਨ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਬਾਰ੍ਹਵੀਂ ਦੇ 143 ਵਿਸ਼ਿਆਂ ’ਚੋਂ 80 ਵਿਸ਼ਿਆਂ ਦੀ ਪ੍ਰੀਖਿਆ ਲਈ ਜਾ ਚੁੱਕੀ ਹੈ ਜਦੋਂਕਿ 63 ਵਿਸ਼ਿਆਂ ਦੀ ਪ੍ਰੀਖਿਆ ਲੈਣੀ ਬਾਕੀ ਹੈ। ਕਰੋਨਾ ਮਹਾਮਾਰੀ ਕਾਰਨ ਐਨ ਮੌਕੇ ਪ੍ਰੀਖਿਆਵਾਂ ਮੁਲਤਵੀ ਕੀਤੀਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਬਾਰ੍ਹਵੀਂ ਦਾ ਨਤੀਜਾ ਐਲਾਨ ਜਾਂ ਬਾਕੀ ਰਹਿੰਦੇ ਵਿਸ਼ਿਆਂ ਦੀ ਪ੍ਰੀਖਿਆ ਲੈਣ ਬਾਰੇ ਅੰਤਿਮ ਫੈਸਲਾ ਸਰਕਾਰ ਵੱਲੋਂ ਲਿਆ ਜਾਣਾ ਹੈ। ਇਨ੍ਹਾਂ ਹਾਲਾਤਾਂ ਵਿੱਚ ਬੋਰਡ ਮੈਨੇਜਮੈਂਟ ਵੱਲੋਂ ਸਰਕਾਰ ਦੇ ਹੁਕਮਾਂ ਦੀ ਇੰਨ-ਬਿੰਨ ਪਾਲਣਾ ਕੀਤੀ ਜਾਵੇਗੀ। ਜਦੋਂ ਅਧਿਕਾਰੀ ਨੂੰ ਵਿਦਿਆਰਥੀਆਂ ਦੇ ਭਵਿੱਖ ਅਤੇ ਅਗਲੀ ਪੜ੍ਹਾਈ ਪ੍ਰਭਾਵਿਤ ਹੋਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਪਹਿਲਾਂ ਹੀ ਨੀਟ ਅਤੇ ਜੇਈਈ ਦੀ ਪ੍ਰੀਖਿਆਵਾਂ ਅਕਤੂਬਰ ਤੱਕ ਅੱਗੇ ਟਾਲ ਦਿੱਤੀਆਂ ਗਈਆਂ ਹਨ। ਜਿਸ ਕਾਰਨ ਬੱਚਿਆਂ ਦੀ ਅਗਲੀ ਪੜ੍ਹਾਈ ਪ੍ਰਭਾਵਿਤ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। (ਬਾਕਸ ਆਈਟਮ) ਪੰਜਾਬ ਸਰਕਾਰ ਨੇ ਬੋਰਡ ਮੈਨੇਜਮੈਂਟ ਨੂੰ ਪੁੱਛਿਆ ਹੈ ਕਿ ਸਾਰੇ ਵਿਸ਼ਿਆਂ ਦੀ ਪ੍ਰੀਖਿਆ ਲਈ ਜਾ ਸਕਦੀ ਹੈ। ਜੇਕਰ ਸਾਰੇ ਵਿਸ਼ਿਆਂ ਦੀ ਪ੍ਰੀਖਿਆ ਨਹੀਂ ਲਈ ਜਾ ਸਕਦੀ ਹੈ, ਸਕੂਲਾਂ ਵਿੱਚ ਪ੍ਰੀਖਿਆ ਕੇਂਦਰ ਬਣਾਉਣ ਤੇ ਜ਼ਰੂਰੀ ਫਾਸਲਾ ਰੱਖਣ ਵਿੱਚ ਕੋਈ ਦਿੱਕਤ ਹੈ ਤਾਂ ਕੀ ਸਿਰਫ਼ ਮਹੱਤਵਪੂਰਨ ਵਿਸ਼ਿਆਂ ਦੀ ਪ੍ਰੀਖਿਆ ਲੈ ਕੇ ਬਾਕੀ ਗੈਰਜ਼ਰੂਰੀ ਵਿਸ਼ਿਆਂ ਦੇ ਗਰੇਡ ਅੰਕ ਲਗਾ ਕੇ ਕੰਮ ਚਲਾਇਆ ਜਾ ਸਕਦਾ ਹੈ। ਦੱਸਿਆ ਗਿਆ ਕਿ ਪੰਜਾਬ ਬੋਰਡ, ਸੀਬੀਐਸਈ ਦੇ ਮੁਕਾਬਲੇ ਵੱਧ ਵਿਸ਼ਿਆਂ ਦੀ ਪ੍ਰੀਖਿਆ ਲੈ ਚੁੱਕਾ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ