ਕਾਂਗਰਸ ਅਤੇ ਆਪ ਪਾਰਟੀਆਂ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਵਿੱਚ ਜੁਟੀਆਂ: ਜਥੇਦਾਰ ਕੁੰਭੜਾ
ਭ੍ਰਿਸ਼ਟਾਚਾਰ ਦੀ ਮਾਂ ਕਾਂਗਰਸ ਪਾਰਟੀ ਅਕਾਲੀ ਦਲ ਵਿੱਚੋਂ ਕੱਢੇ ਹੋਇਆਂ ਨੂੰ ਗਲ ਲਗਾਉਣ ਵਿੱਚ ਜੁਟੀ
ਨਿਊਜ਼ ਡੈਸਕ ਸਰਵਿਸ
ਮੁਹਾਲੀ, 2 ਦਸੰਬਰ
ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਆਉਂਦੀਆਂ ਦੇਖ ਆਮ ਆਦਮੀ ਪਾਰਟੀ, ਕਾਂਗਰਸ ਪਾਰਟੀ ਅਤੇ ਹੋਰ ਵੀ ਖੁੰਭਾਂ ਵਾਂਗ ਉੱਗੀਆਂ ਰਾਜਨੀਤਕ ਪਾਰਟੀਆਂ ਨੇ ਪੰਜਾਬ ਦੇ ਵਿਕਾਸ ਨੂੰ ਲੈ ਕੇ ਬਰਸਾਤੀ ਡੱਡੂਆਂ ਵਾਂਗ ਆਪੋ ਆਪਣੇ ਰਾਗ ਅਲਾਪਣੇ ਸ਼ੁਰੂ ਕਰ ਦਿੱਤੇ ਹਨ। ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਵੋਟਾਂ ਬਟੋਰਨ ਲਈ ਹਵਾਈ ਬਿਆਨਬਾਜੀਆਂ ਕੀਤੀਆਂ ਜਾ ਰਹੀਆਂ ਹਨ ਜਦਕਿ ਹਕੀਕਤ ਇਹ ਹੈ ਕਿ ਮੁੱਖ ਮੰਤਰੀ ਪੰਜਾਬ ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਯੋਗ ਅਗਵਾਈ ਵਾਲੀ ਅਕਾਲੀ-ਭਾਜਪਾ ਸਰਕਾਰ ਨੇ ਉਹ ਸਾਰੀਆਂ ਸਕੀਮਾਂ ਪੰਜਾਬ ਦੇ ਲੋਕਾਂ ਨੂੰ ਦੇ ਕੇ ਅਤੇ ਵੱਡੇ ਵੱਡੇ ਵਿਕਾਸ ਪ੍ਰੋਜੈਕਟ ਮੁਕੰਮਲ ਕਰਕੇ ‘ਰਾਜ ਨਹੀਂ ਸੇਵਾ‘ ਵਾਲਾ ਫਰਜ਼ ਨਿਭਾਇਆ ਹੈ। ਉਕਤ ਵਿਚਾਰ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜੱਥੇਬੰਦਕ ਸਕੱਤਰ ਜਥੇਦਾਰ ਬਲਜੀਤ ਸਿੰਘ ਕੁੰਭੜਾ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਆਪਣੇ ਕਾਰਜਕਾਲ ਵਿੱਚ ਹਰੇਕ ਵਰਗ ਦਾ ਧਿਆਨ ਰੱਖਿਆ ਗਿਆ ਹੈ। ਸਰਕਾਰ ਵੱਲੋਂ ਕੋਈ ਵੀ ਖੇਤਰ ਅਧੂਰਾ ਨਹੀਂ ਛੱਡਿਆ ਗਿਆ ਅਤੇ ਵਿਰੋਧੀ ਪਾਰਟੀਆਂ ਲਈ ਕੋਈ ਕੋਨਾ ਅਜਿਹਾ ਨਹੀਂ ਛੱਡਿਆ ਗਿਆ ਜਿਸ ਨੂੰ ਲੈ ਕੇ ਇਹ ਪਾਰਟੀਆਂ ਲੋਕਾਂ ਦੀ ਕਚਹਿਰੀ ਵਿੱਚ ਜਾ ਸਕਣ। ਜਥੇਦਾਰ ਕੁੰਭੜਾ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਕੀਤੇ ਕੰਮਾਂ ਦੀ ਪੰਜਾਬ ਵਿੱਚ ਸਰਾਹਨਾ ਹੋ ਰਹੀ ਹੈ। ਇਸ ਦੇ ਉਲਟ ਭ੍ਰਿਸ਼ਟਾਚਾਰ, ਸੈਕਸ ਸਕੈਂਡਲਾਂ, ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਰਗੇ ਦੋਸ਼ਾਂ ਵਿੱਚ ਘਿਰੀ ਆਮ ਆਦਮੀ ਪਾਰਟੀ ਅਤੇ ਭ੍ਰਿਸ਼ਟਾਚਾਰ ਦੀ ਮਾਂ ਅਖਵਾਉਣ ਵਾਲੀ ਕਾਂਗਰਸ ਪਾਰਟੀ ਦਾ ਵਿਰੋਧ ਹੋ ਰਿਹਾ ਹੈ। ਹੋਰ ਤਾਂ ਹੋਰ ਕਾਂਗਰਸ ਪਾਰਟੀ ਤਾਂ ਅਕਾਲੀ ਦਲ ਅਤੇ ਭਾਜਪਾ ਵੱਲੋਂ ਕੱਢੇ ਹੋਏ ਭ੍ਰਿਸ਼ਟ ਅਤੇ ਗੱਦਾਰ ਆਗੂਆਂ ਨੂੰ ਗਲੇ ਲਗਾ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਅਕਾਲੀ-ਭਾਜਪਾ ਗਠਜੋੜ ਵਿੱਚ ਵਿਸ਼ਵਾਸ ਜਤਾਉਂਦੇ ਹੋਏ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਆਗੂਆਂ ਦੇ ਵਿਰੋਧ ਕੀਤੇ ਜਾਣ ਜੋ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਅੰਤ ਵਿੱਚ ਜਥੇਦਾਰ ਕੁੰਭੜਾ ਨੇ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਪੰਜਾਬ ਵਿੱਚ ਵਿਕਾਸ ਦੇ ਮੁੱਦੇ ਉਤੇ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਹਾਸਿਲ ਕਰੇਗਾ ਅਤੇ ਪੰਜਾਬ ਤੀਸਰੀ ਵਾਰ ਅਕਾਲੀ-ਭਾਜਪਾ ਸਰਕਾਰ ਬਣਾ ਕੇ ਸੁਖਬੀਰ ਸਿੰਘ ਬਾਦਲ ਵੱਲੋਂ ਉਲੀਕੇ 25 ਸਾਲਾ ਮਿਸ਼ਨ ਵੱਲ ਵਧੇਗਾ।