
ਪੰਜਾਬ ਦੇ ਲੋਕ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ, ਬਾਦਲ ਤੇ ਭਾਜਪਾ ਨੂੰ ਸਿਆਸਤ ਤੋਂ ਲਾਂਭੇ ਕਰਨ ਲਈ ਉਤਾਵਲੇ: ਢੀਂਡਸਾ
ਲੰਮੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਸਿੱਖ ਕੈਦੀਆਂ ਨੂੰ ਫੌਰੀ ਰਿਹਾਅ ਕਰੇ ਸਰਕਾਰ: ਸੁਖਦੇਵ ਸਿੰਘ ਢੀਂਡਸਾ
ਆਪਣੇ ਹੱਕਾਂ ਲਈ ਲੜ ਰਹੇ ਕਿਸਾਨਾਂ ਨੂੰ ਦੇਸ਼ ਧ੍ਰੋਹੀ ਕਹਿ ਕੇ ਬਦਨਾਮ ਕਰਨਾ ਬੰਦ ਕਰੇ ਕੇਂਦਰ ਸਰਕਾਰ: ਢੀਂਡਸਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਮਾਰਚ:
ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਪ੍ਰਧਾਨ ਤੇ ਰਾਜ ਸਭਾ ਦੇ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਮੰਗ ਕੀਤੀ ਕਿ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਸਿੱਖਾਂ (ਜੋ ਸਜ਼ਾ ਭੁਗਤ ਚੁੱਕੇ ਹਨ) ਨੂੰ ਫੌਰੀ ਰਿਹਾਅ ਕੀਤਾ ਜਾਵੇ ਅਤੇ ਕਿਸਾਨ ਵਿਰੋਧੀ ਤਿੰਨੇ ਕਾਲੇ ਖੇਤੀ ਕਾਨੂੰਨ ਰੱਦ ਕੀਤੇ ਜਾਣ ਤਾਂ ਜੋ ਸਿੱਖਾਂ ਅਤੇ ਅੰਨਦਾਤਾ ਵਿੱਚ ਕੇਂਦਰ ਸਰਕਾਰ ਖ਼ਿਲਾਫ਼ ਪਾਇਆ ਜਾ ਰਿਹਾ ਰੋਸ ਅਤੇ ਗੁੱਸਾ ਸ਼ਾਂਤ ਹੋ ਸਕੇ।
ਸ੍ਰੀ ਢੀਂਡਸਾ ਅੱਜ ਇੱਥੋਂ ਦੇ ਸੈਕਟਰ-82 ਸਥਿਤ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਮੁੱਖ ਦਫ਼ਤਰ ਵਿੱਚ ਪਾਰਟੀ ਦੇ ਮੀਤ ਪ੍ਰਧਾਨਾਂ, ਸਕੱਤਰਾਂ ਅਤੇ ਵਰਕਿੰਗ ਕਮੇਟੀ ਦੇ ਮੈਂਬਰਾਂ ਦੀ ਮੀਟਿੰਗਾਂ ਨੂੰ ਸੰਬੋਧਨ ਕਰ ਰਹੇ ਸਨ। ਮੀਟਿੰਗ ਵਿੱਚ ਪਾਰਟੀ ਦੀ ਮਜ਼ਬੂਤੀ ਲਈ ਵਿਚਾਰ ਚਰਚਾ ਕਰਦਿਆਂ ਆਗਾਮੀ ਵਿਧਾਨ ਸਭਾ ਚੋਣਾਂ ਲਈ ਵਿਉਂਤਬੰਦੀ ਕੀਤੀ ਗਈ। ਮੀਟਿੰਗ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਪਿਛਲੇ ਲੰਮੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਸਿੱਖ ਕੈਦੀਆਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ ਅਤੇ ਦਿੱਲੀ ਦੀਆਂ ਬਰੂਹਾਂ ’ਤੇ ਸੰਘਰਸ਼ ਕਰ ਰਹੇ ਦੇਸ਼ ਭਰ ਦੇ ਕਿਸਾਨਾਂ ਦੀਆਂ ਹੱਕੀ ਤੇ ਵਾਜਬ ਮੰਗਾਂ ਤੁਰੰਤ ਪ੍ਰਵਾਨ ਕਰਨ ਲਈ ਕੇਂਦਰ ਸਰਕਾਰ ਨੂੰ ਗੁਹਾਰ ਲਗਾਈ ਗਈ। ਉਨ੍ਹਾਂ ਨੇ ਦਿੱਲੀ ਵਿਖੇ ਚੱਲ ਰਹੇ ਕਿਸਾਨ ਅੰਦੋਲਨ ਦਾ ਸਮਰਥਨ ਕਰਨ ਦੇ ਐਲਾਨ ਕੀਤਾ।
ਇਸ ਮੌਕੇ ਪਾਰਟੀ ਆਗੂਆਂ ਨੂੰ ਹੱਲਾਸ਼ੇਰੀ ਦਿੰਦਿਆਂ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਹਾਸਲ ਕਰਕੇ ਬਾਦਲ ਦਲ, ਕਾਂਗਰਸ ਅਤੇ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰਕੇ ਬਾਹਰ ਦਾ ਰਸਤਾ ਦਿਖਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਨਵਾਂ ਪੰਜਾਬ ਸਿਰਜਣ ਲਈ ਸੂਬੇ ਦੇ ਲੋਕ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ’ਚੋਂ ਆਸ ਕਿਰਨ ਦੇ ਰੂਪ ਵਿੱਚ ਦੇਖ ਰਹੇ ਹਨ। ਸ੍ਰੀ ਢੀਂਡਸਾ ਨੇ ਕਿਹਾ ਕਿ ਉਨ੍ਹਾਂ ਦੀ ਰਾਜ ਦੇ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉੱਤਰੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਅਗਵਾਈ ਹੇਠ ਦਿੱਲੀ ਦੀਆਂ ਸਰਹੱਦਾਂ ’ਤੇ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਬੈਠੇ ਕਿਸਾਨਾਂ ਨੂੰ ਦੇਸ਼-ਧ੍ਰੋਹੀ ਅਤੇ ਹੋਰ ਅਨੇਕ ਨਾਮ ਲੈ ਕੇ ਬਦਨਾਮ ਕੀਤਾ ਜਾ ਰਿਹਾ ਹੈ। ਜਦੋਂਕਿ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਦੇਸ਼ ਲਈ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਹਨ। ਕਾਂਗਰਸ ’ਤੇ ਨਿਸ਼ਾਨਾ ਸਾਧਦਿਆਂ ਸ੍ਰੀ ਢੀਂਡਸਾ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲੋਕਾਂ ਨਾਲ ਕੀਤੇ ਵਾਅਦੇ ਭੁੱਲ ਗਏ ਹਨ।
ਮੀਟਿੰਗ ਵਿੱਚ ਓਐਸਡੀ ਜਸਵਿੰਦਰ ਸਿੰਘ, ਦਫ਼ਤਰ ਸਕੱਤਰ ਮਨਿੰਦਰਪਾਲ ਸਿੰਘ ਬਰਾੜ, ਸਿਆਸੀ ਸਲਾਹਕਾਰ ਦਵਿੰਦਰ ਸਿੰਘ ਸੋਢੀ ਸਮੇਤ ਮਾਸਟਰ ਜੌਹਰ ਸਿੰਘ, ਹਰਬੰਸ ਸਿੰਘ ਮੰਝਪੁਰ, ਸਰੂਪ ਸਿੰਘ ਢੇਸੀ, ਉੱਜਲ ਸਿੰਘ ਲੌਂਗੀਆਂ, ਰਣਜੀਤ ਸਿੰਘ ਦਬੜੀਖਾਨਾ, ਜੀਤ ਸਿੰਘ ਕੁਤਬਾ, ਗੁਰਤੇਜ ਸਿੰਘ ਝਨੇੜੀ, ਰਮਨਦੀਪ ਸਿੰਘ ਗਿੱਲ, ਸੁਖਵੰਤ ਸਿੰਘ ਟਿੱਲੂ, ਤੂਫ਼ੈਲ ਮੁਹੰਮਦ, ਮੇਜਰ ਸਿੰਘ ਖਾਲਸਾ, ਜਸਵੰਤ ਸਿੰਘ ਕੋਟੜਾ, ਸੁਖਮਨਦੀਪ ਸਿੰਘ ਸਿੱਧੂ ਡਿੰਪੀ, ਅਮਰ ਸਿੰਘ ਬੀਏ, ਗੁਰਬਚਨ ਸਿੰਘ ਨਾਨੋਕੀ, ਹਰਦੀਪ ਸਿੰਘ ਘੁੰਨਸ, ਜਗਵੰਤ ਸਿੰਘ ਜੱਗੀ, ਪ੍ਰਿਤਪਾਲ ਕੱਕੜੀਆ, ਰਾਜੇਸ਼ ਸਿੰਗਲਾ, ਜੈਪਾਲ ਸੈਣੀ, ਮਾਨ ਸਿੰਘ ਗਰਚਾ, ਗੁਰਮੇਲ ਸਿੰਘ ਮੌਜੇਵਾਲ, ਮਿੱਠੂ ਸਿੰਘ ਕਾਹਨੇਕੇ, ਜੀਤ ਸਿੰਘ ਸਿੱਧੂ, ਭਗਵੰਤ ਸਿੰਘ ਭੱਟੀਆਂ, ਨਾਹਰ ਸਿੰਘ ਸਾਬਕਾ ਡੀਐਸਪੀ, ਨਫ਼ੇ ਸਿੰਘ ਭੁੱਲਣ, ਗੁਰਮੇਲ ਸਿੰਘ ਮਹਿਰਾਜ, ਮੱਖਣ ਸਿੰਘ, ਭੁਪਿੰਦਰ ਸਿੰਘ ਸੇਮਾ, ਲਖਵੀਰ ਸਿੰਘ ਖਾਲਸਾ, ਕਰਮਜੀਤ ਸਿੰਘ ਕੋਛੜ ਪ੍ਰਿੰਸ, ਗੁਰਜੀਵਨ ਸਿੰਘ ਸਰੌਂਦ, ਹਰਪ੍ਰੀਤ ਸਿੰਘ ਗੁਰਮ, ਮਹਿੰਦਰ ਸਿੰਘ ਬਨਾਰਸੀ ਆਦਿ ਮੌਜੂਦ ਸਨ।