ਕਾਂਗਰਸ ਨੇ ਸਿੱਧੂ ਨੂੰ ਟਿਕਟ ਦੇ ਕੇ ਮੁਹਾਲੀ ਦੇ ਲੋਕਾਂ ਨਾਲ ਧੋਖਾ ਕੀਤਾ: ਕੁਲਵੰਤ ਸਿੰਘ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਜਨਵਰੀ:
ਕਾਂਗਰਸ ਪਾਰਟੀ ਦੀ ਹਾਈਕਮਾਂਡ ਵੱਲੋਂ ਮਾੜੀ ਕਾਰਗੁਜ਼ਾਰੀ ਕਰਕੇ ਪੰਜਾਬ ਕੈਬਨਿਟ ’ਚੋਂ ਲਾਂਭੇ ਕੀਤੇ ਗਏ ਤਤਕਾਲੀ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਮੁਹਾਲੀ ਤੋਂ ਦੁਬਾਰਾ ਟਿਕਟ ਦੇ ਕੇ ਇਲਾਕੇ ਦੇ ਲੋਕਾਂ ਨਾਲ ਵੱਡਾ ਧੋਖਾ ਕੀਤਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੁਹਾਲੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਸਾਬਕਾ ਮੇਅਰ ਕੁਲਵੰਤ ਸਿੰਘ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।
ਕੁਲਵੰਤ ਸਿੰਘ ਨੇ ਕਿਹਾ ਕਿ ਪਿਛਲੇ ਲਗਾਤਾਰ 15 ਸਾਲ ਤੋਂ ਸਿੱਧੂ ਨੇ ਜਿੱਥੇ ਮੁਹਾਲੀ ਵਿੱਚ ਕਥਿਤ ਤੌਰ ’ਤੇ ਸ਼ਾਮਲਾਤ ਜ਼ਮੀਨਾਂ ਉੱਤੇ ਨਾਜਾਇਜ਼ ਕਬਜ਼ੇ ਕੀਤੇ, ਉੱਥੇ ਹੀ ਪੰਜਾਬ ਦਾ ਸਿਹਤ ਅਤੇ ਕਿਰਤ ਮੰਤਰੀ ਹੁੰਦਿਆਂ ਦਵਾਈਆਂ ਅਤੇ ਪੀਪੀਈ ਕਿੱਟ ਘੁਟਾਲੇ ਵਰਗੇ ਗੰਭੀਰ ਦੋਸ਼ ਲੱਗਦੇ ਰਹੇ ਹਨ। ਉਹ ਕਿਰਤ ਮੰਤਰੀ ਹੁੰਦੇ ਹੋਏ ਮੁਹਾਲੀ ਵਿੱਚ ਕਿਰਤੀ ਕਾਮਿਆਂ ਦੇ ਲੇਬਰ ਕਾਰਡ ਤੱਕ ਨਹੀਂ ਬਣਵਾ ਸਕੇ। ਇਸ ਗੱਲ ਦਾ ਖੁਲਾਸਾ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਮੌਜੂਦਗੀ ਵਿੱਚ ਮਦਨਪੁਰਾ ਲੇਬਰ ਚੌਕ ’ਤੇ ਮਜ਼ਦੂਰ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਕ ਪਾਸੇ ਕਾਂਗਰਸ ਸਿੱਧੂ ਨੂੰ ਮਾੜੀ ਕਾਰਗੁਜ਼ਾਰੀ ਕਾਰਨ ਮੰਤਰੀ ਮੰਡਲ ’ਚੋਂ ਬਾਹਰ ਕਰ ਦਿੰਦੀ ਹੈ ਅਤੇ ਦੂਜੇ ਪਾਸੇ ਉਨ੍ਹਾਂ ਨੂੰ ਟਿਕਟ ਵੀ ਦਿੱਤੀ ਜਾਂਦੀ ਹੈ। ਇਸ ਤੋਂ ਸਪੱਸ਼ਟ ਹੈ ਕਿ ਕਾਂਗਰਸ ਹਾਈ ਕਮਾਂਡ ਨੇ ਮੁਹਾਲੀ ਦੀ ਟਿਕਟ ਵੇਚੀ ਹੈ। ਉਂਜ ਆਮ ਆਦਮੀ ਪਾਰਟੀ ’ਤੇ ਵੀ ਕੁਲਵੰਤ ਸਿੰਘ ਨੂੰ ਟਿਕਟ ਵੇਚਣ ਦੇ ਦੋਸ਼ ਲੱਗ ਚੁੱਕੇ ਹਨ।
ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ 15 ਸਾਲ ਮੁਹਾਲੀ ਹਲਕੇ ਦੇ ਲੋਕਾਂ ਦੇ ਜਜਬਾਤਾਂ ਨਾਲ ਖੇਡਣ ਵਾਲੇ ਬਲਬੀਰ ਸਿੱਧੂ ਨੂੰ ਇਸ ਵਾਰ ਕਰਾਰੀ ਹਾਰ ਦੇ ਕੇ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ‘ਝਾੜੂ’ ਉੱਤੇ ਮੋਹਰ ਲਗਾ ਕੇ ਰਾਜਨੀਤਕ ਬਦਲਾਅ ਲਿਆਉਣ ਤਾਂ ਜੋ ਹਲਕਾ ਮੁਹਾਲੀ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕੀਤਾ ਜਾ ਸਕੇ ਅਤੇ ਮੁਹਾਲੀ ਹਲਕੇ ਦਾ ਸਰਬਪੱਖੀ ਵਿਕਾਸ ਕੀਤਾ ਜਾ ਸਕੇ।
ਉਧਰ, ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਇਲਾਕੇ ਦੇ ਲੋਕ ਭਲੀਭਾਂਤ ਜਾਣਦੇ ਹਨ ਕਿ ਕਿਸ ਉਮੀਦਵਾਰ ਨੇ ਟਿਕਟ ਖਰੀਦੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਆਪ ਦੇ ਸੀਨੀਅਰ ਆਗੂ ਮੀਡੀਆ ਵਿੱਚ ਇਹ ਖੁਲਾਸਾ ਕਰ ਚੁੱਕੇ ਹਨ ਕਿ ਆਮ ਆਦਮੀ ਪਾਰਟੀ ਨੇ ਕੁਲਵੰਤ ਸਿੰਘ ਨੂੰ ਟਿਕਟ ਵੇਚੀ ਹੈ ਅਤੇ ਇਹ ਖ਼ਬਰਾਂ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣੀਆਂ ਸਨ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਕੋਲ ਕੋਈ ਚੋਣ ਮੁੱਦਾ ਨਹੀਂ ਹੈ। ਜਿਸ ਕਾਰਨ ਉਨ੍ਹਾਂ ਵਿਰੁੱਧ ਬੇਬੁਨਿਆਦ ਇਲਜਾਮਬਾਜ਼ੀ ਕਰ ਰਹੇ ਹਨ।

Load More Related Articles
Load More By Nabaz-e-Punjab
Load More In Agriculture & Forrest

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …