
ਕਾਂਗਰਸ ਵੱਲੋਂ ਨਿੱਜੀ ਚੈਨਲ ਦਾ ਸਰਵੇਖਣ ਰੱਦ, ਸੁਖਬੀਰ ਨੂੰ ਦਿਨ ’ਚ ਸੁਫ਼ਨੇ ਦੇਖਣ ਤੋਂ ਵਰਜ਼ਿਆ
ਹਰਸ਼ਬਾਬ ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 17 ਜਨਵਰੀ:
ਪੰਜਾਬ ਕਾਂਗਰਸ ਨੇ ਅੱਜ ਇਕ ਨਿੱਜੀ ਨਿਊਜ਼ ਚੈਨਲ ਵੱਲੋਂ ਕੀਤੇ ਗਏ ਸਰਵੇਖਣ ਨੂੰ ਖਾਰਿਜ ਕਰਦਿਆਂ ਕਿਹਾ ਹੈ ਕਿ ਇਹ ਸਰਵੇਖਣ ਜ਼ਮੀਨੀ ਹਕੀਕਤ ਤੋਂ ਕੋਹਾਂ ਦੂਰ ਹੈ। ਪਾਰਟੀ ਨੇ ਦੁਹਰਾਇਆ ਕਿ ਕੈਪਟਨ ਅਮਰਿੰਦਰ ਸਿੰਘ ਸੂਬੇ ਵਿੱਚ ਸਭ ਤੋਂ ਵੱਧ ਪ੍ਰਸਿੱਧ ਮੁੱਖ ਮੰਤਰੀ ਬਣੇ ਹੋਏ ਹਨ ਅਤੇ ਇਕ ਹੋਰ ਕਾਰਜਕਾਲ ਦੀ ਅਗਵਾਈ ਕਰਨ ਅਤੇ ਵਾਪਸੀ ਲਈ ਤਿਆਰ ਹਨ। ਸੀਨੀਅਰ ਕਾਂਗਰਸ ਆਗੂ ਤੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ‘ਸਰਵੇਖਣ’ ਬਾਰੇ ਵਿਚਾਰਾਂ ’ਤੇ ਸਿੱਧਾ ਸਪੱਸ਼ਟ ਕਿਹਾ ਕਿ ਜਾਣਬੁੱਝ ਕੇ ਅਤੇ ਸ਼ਰਾਰਤੀ ਢੰਗ ਨਾਲ ਕੈਪਟਨ ਅਮਰਿੰਦਰ ਸਮੇਤ ਕਾਂਗਰਸ ਦੇ ਮੁੱਖ ਮੰਤਰੀਆਂ ਨੂੰ ਮਾੜੀ ਤੇ ਬੇਈਮਾਨੇ ਢੰਗ ਨਾਲ ਪੇਸ਼ ਕੀਤਾ ਗਿਆ ਹੈ।
ਪਾਰਟੀ ਦੇ ਬੁਲਾਰੇ ਵੱਲੋਂ ਵਿਸ਼ੇਸ਼ ਤੌਰ ’ਤੇ ਪੰਜਾਬ ਬਾਰੇ ਇਸ ਪੜਾਅ ’ਤੇ ਕੀਤੇ ਗਏ ਸਰਵੇਖਣ ਦੇ ਉਦੇਸ਼ਾਂ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਸੂਬੇ ਵਿੱਚ ਚੋਣਾਂ ਨੂੰ ਹਾਲੇ ਇੱਕ ਸਾਲ ਤੋਂ ਵੱਧ ਸਮਾਂ ਬਾਕੀ ਹੈ। ਇਸ ਸਰਵੇਖਣ ਦਾ ਉਦੇਸ਼ ਸਾਫ਼ ਨਜ਼ਰ ਆਉਂਦਾ ਹੈ ਕਿ ਕਈ ਕਾਰਨਾਂ ਕਰਕੇ ਇਹ ਆਪਣੇ ਕਾਡਰ ਦੇ ਡਿੱਗਦੇ ਮਨੋਬਲ ਨੂੰ ਵਧਾਉਣ ਲਈ ਕਿਸੇ ਖ਼ਾਸ ਪਾਰਟੀ ਨੂੰ ਖੁਸ਼ ਕਰਨ ਲਈ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਮਿਜਾਜ਼ ਨੂੰ ਦੇਖਦੇ ਹੋਏ ਜੋ ਕਿ ਸੱਤਾਧਾਰੀ ਪਾਰਟੀ ਦੇ ਖ਼ਿਲਾਫ਼ ਹੈ, ਇਹ ਜਾਪਦਾ ਹੈ ਕਿ ਇਹ ਸਰਵੇਖਣ ਆਪਣੇ ਵਰਕਰਾਂ ਨੂੰ ਦਿਲਾਸਾ ਦੇਣ ਲਈ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ ਗਈ ਹੈ।
ਬੁਲਾਰੇ ਨੇ ਟਿੱਪਣੀ ਕਰਦਿਆਂ ਕਿਹਾ, ‘‘ਜਦੋਂ ਦੇਸ਼ ਭਰ ਦੇ ਕਿਸਾਨ ਸਰਕਾਰ ਖ਼ਿਲਾਫ਼ ਉੱਠ ਖੜੇ ਹੋਏ ਹਨ ਅਤੇ ਉਨ੍ਹਾਂ ਦਾ ਸਾਹਮਣਾ ਕਰਨਾ ਮੁਸ਼ਕਲ ਹੋ ਰਿਹਾ ਹੈ, ਤਾਂ ਅਜਿਹਾ ਲੱਗਦਾ ਹੈ ਕਿ ਲੋਕਾਂ ਦਾ ਧਿਆਨ ਅਸਲ ਮੁੱਦੇ ਤੋਂ ਹਟਾਉਣ ਲਈ ਇਕ ਸਪਾਂਸਰ ਸਰਵੇਖਣ ਕੀਤਾ ਗਿਆ ਹੈ, ਜਿਸ ਵਿੱਚ ਇੱਕ ਜ਼ਿੰਮੇਵਾਰ ਚੈਨਲ ਵੀ ਸ਼ਾਮਲ ਹੈ।’’ ‘‘ਸਰਵੇਖਣ’’ ਬਾਰੇ ਸੁਖਬੀਰ ਬਾਦਲ ਦੀ ‘‘ਭਾਰੀ ਉਤਸ਼ਾਹਿਤ’’ ਪ੍ਰਤੀਕਿਰਿਆ ਦਾ ਜ਼ਿਕਰ ਕਰਦਿਆਂ ਪਾਰਟੀ ਦੇ ਬੁਲਾਰੇ ਨੇ ਉਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਮੁਕਾਬਲੇ ਆਪਣੀ ਪ੍ਰਸਿੱਧੀ ਦੀ ਜਾਂਚ ਕਰਨ ਲਈ ਖੁੱਲ੍ਹੇ ਰੈਫਰੈਂਡਮ ਦੀ ਚੁਣੌਤੀ ਦਿੱਤੀ ਹੈ।
ਬੁਲਾਰੇ ਨੇ ਪੁੱਛਿਆ ਕਿ, ‘‘ਹਾਲਾਂਕਿ ਇਸੇ ਸਰਵੇਖਣ ਵਿੱਚ ਦਿੱਲੀ ਦੇ ਮੁੱਖ ਮੰਤਰੀ ਦੂਜੇ ਸਭ ਤੋਂ ਵਧੀਆ ਮੁੱਖ ਮੰਤਰੀ ਬਣ ਕੇ ਉਭਰੇ ਹਨ ਤਾਂ ਕੀ ਸੁਖਬੀਰ ਬਾਦਲ ਉਨ੍ਹਾਂ ਨੂੰ ਦੂਜਾ ਸਭ ਤੋਂ ਵਧੀਆ ਮੁੱਖ ਮੰਨਦੇ ਹਨ।’’ ਬੁਲਾਰੇ ਨੇ ਸੁਖਬੀਰ ਨੂੰ ਸਿੱਧਾ ਤੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ, ‘‘ਇਹ ਲੋਕਪ੍ਰਿਯਤਾ ਵੋਟ ਇੱਕ ਪਾਸੇ ਰੱਖੋ ਅਤੇ ਬਿਨਾਂ ਕਿਸੇ ਸੁਰੱਖਿਆ ਗਾਰਡ ਦੇ ਪੰਜਾਬ ਦੇ ਕਿਸੇ ਵੀ ਪਿੰਡ ਦਾ ਦੌਰਾ ਕਰੋ ਅ ਫਿਰ ਮੁੱਖ ਮੰਤਰੀ ਦੀ ਲੋਕਪ੍ਰਿਯਤਾ ਦੀ ਗੱਲ ਕਰਿਓ’’।