Nabaz-e-punjab.com

ਕਾਂਗਰਸੀ ਉਮੀਦਵਾਰ ਦਾ ਅਜੇ ਕੋਈ ਅਤਾ ਪਤਾ ਨਹੀਂ, ਕੈਬਨਿਟ ਮੰਤਰੀ ਬਲਬੀਰ ਸਿੱਧੂ ਨੇ ਚੋਣ ਪ੍ਰਚਾਰ ਮੁਹਿੰਮ ਭਖਾਈ

ਕਾਂਗਰਸ ਪਾਰਟੀ ਵੱਲੋਂ ਵਿਕਾਸ ਦੇ ਮੁੱਦੇ ’ਤੇ ਲੜੀਆਂ ਜਾਣਗੀਆਂ ਲੋਕ ਸਭਾ ਦੀਆਂ ਚੋਣਾਂ: ਸਿੱਧੂ

ਜ਼ਿਲ੍ਹਾ ਕਾਂਗਰਸ ਦਫ਼ਤਰ ਦੇ ਬਾਹਰ ਕੀਤੀ ਭਰਵੀਂ ਚੋਣ ਰੈਲੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਅਪਰੈਲ:
ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਭਾਵੇਂ ਹੁਕਮਰਾਨ ਕਾਂਗਰਸ ਪਾਰਟੀ ਵੱਲੋਂ ਅਜੇ ਤਾਈਂ ਆਪਣਾ ਉਮੀਦਵਾਰ ਨਹੀਂ ਐਲਾਨਿਆਂ ਹੈ, ਪਾਰਟੀ ਵਰਕਰਾਂ ਦੀ ਉਡੀਕ ਲਗਾਤਾਰ ਲੰਮੀ ਹੁੰਦੀ ਜਾ ਰਹੀ ਹੈ, ਪ੍ਰੰਤੂ ਇਸ ਦੇ ਬਾਵਜੂਦ ਪਸ਼ੂ ਪਾਲਣ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਇਸ ਸਬੰਧੀ ਉਨ੍ਹਾਂ ਵੱਲੋਂ ਹੁਣ ਤੱਕ ਮੁਹਾਲੀ ਹਲਕੇ ਵਿੱਚ ਕਈ ਚੋਣ ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਹਨ ਅਤੇ ਅੱਜ ਸ਼ਾਮ ਵੀ ਉਨ੍ਹਾਂ ਨੇ ਇੱਥੋਂ ਦੇ ਸਨਅਤੀ ਏਰੀਆ ਫੇਜ਼-1 ਸਥਿਤ ਜ਼ਿਲ੍ਹਾ ਕਾਂਗਰਸ ਦਫ਼ਤਰ ਦੇ ਬਾਹਰ ਖੁੱਲ੍ਹੇ ਪੰਡਾਲ ਵਿੱਚ ਚੋਣ ਮੀਟਿੰਗ ਕੀਤੀ ਗਈ।
ਸ੍ਰੀ ਸਿੱਧੂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਦੇਸ਼ ਦੇ ਸਰਵਪੱਖੀ ਵਿਕਾਸ, ਆਪਸੀ ਭਾਈਚਾਰਕ ਸਾਂਝ ਅਤੇ ਕੌਮੀ ਏਕਤਾ ਦੀ ਰਾਖੀ ਲਈ ਭਾਜਪਾ ਵਰਗੀਆਂ ਫਿਰਕਾਪ੍ਰਸਤ ਤਾਕਤ ਨੂੰ ਕੇਂਦਰ ਦੀ ਸੱਤਾ ਵਿਚੋਂ ਲਾਂਭੇ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਕੇਂਦਰ ਦੀ ਮੋਦੀ ਸਰਕਾਰ ਨੇ ਆਪਣੇ ਪੰਜ ਸਾਲਾਂ ਦੇ ਰਾਜ ਦੌਰਾਨ ਹਿੰਦੂਤਵ ਅਤੇ ਪੂੰਜੀਪਤੀਆਂ ਦੀ ਪੁਸ਼ਤਪਨਾਹੀ ਕਰਕੇ ਦੇਸ਼ ਨੂੰ ਤਬਾਹੀ ਦੇ ਕੰਢੇ ’ਤੇ ਲਿਆ ਖੜ੍ਹਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਵਿਕਾਸ ਦੇ ਮੁੱਦੇ ’ਤੇ ਲੋਕ ਸਭਾ ਚੋਣਾਂ ਲੜੀਆਂ ਜਾ ਰਹੀਆਂ ਹਨ, ਜਦਕਿ ਅਕਾਲੀ-ਭਾਜਪਾ ਗੱਠਜੋੜ ਕੋਲ ਚੋਣਾਂ ਲੜਨ ਲਈ ਕੋਈ ਵੀ ਮੁੱਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਬਹਿਬਲ ਕਲਾਂ ਅਤੇ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਕਾਰਨ ਲੋਕਾਂ ਵਿਚ ਅਕਾਲੀਆਂ ਪ੍ਰਤੀ ਭਾਰੀ ਗੁੱਸੇ ਦੀ ਲਹਿਰ ਹੈ ਅਤੇ ਪਿੰਡਾਂ ਵਿਚ ਅਕਾਲੀ ਉਮੀਦਵਾਰਾਂ ਨੂੰ ਲੋਕਾਂ ਵੱਲੋਂ ਮੂੰਹ ਨਹੀਂ ਲਾਇਆ ਜਾ ਰਿਹਾ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਵਿੱਚ ਲੋਕਾਂ ਨਾਲ ਕੀਤੇ ਵਾਅਦੇ ਹਰ ਹਾਲ ਵਿੱਚ ਪੂਰੇ ਕੀਤੇ ਜਾਣਗੇ।
ਮੀਟਿੰਗ ਦੌਰਾਨ ਜੁੜੇ ਕਾਂਗਰਸੀ ਆਗੂਆਂ ਤੇ ਵਰਕਰਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਭਾਜਪਾ ਆਗੂ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ਉਤੇ ਚੱਲ ਕੇ ਲੋਕਾਂ ਵਿਚ ਧਾਰਮਿਕ ਅਤੇ ਸਮਾਜਿਕ ਵੰਡੀਆਂ ਪਾ ਰਹੇ ਹਨ ਅਤੇ ਜੇਕਰ ਐੱਨਡੀਏ ਸਰਕਾਰ ਦੁਬਾਰਾ ਸੱਤਾ ਵਿਚ ਆ ਗਈ ਤਾਂ ਇਹ ਦੇਸ਼ ਦੇ ਅਮਨ ਪਸੰਦ ਲੋਕਾਂ ਲਈ ਬਹੁਤ ਮਾੜੀ ਗੱਲ ਸਾਬਿਤ ਹੋਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਧਰਮਨਿਰਪੱਖਤਾ ਦੇ ਮਾਰਗ ਉਤੇ ਚੱਲ ਕੇ ਸਰਬੱਤ ਦੇ ਭਲੇ ਦੀ ਗੱਲ ਕੀਤੀ ਹੈ ਅਤੇ ਪਿਛਲੀਆਂ ਕਾਂਗਰਸ ਸਰਕਾਰਾਂ ਦੁਆਰਾ ਕੀਤੇ ਗਏ ਵਿਕਾਸ ਕਾਰਜਾਂ ਸਦਕਾ ਹੀ ਅੱਜ ਭਾਰਤ ਤਰੱਕੀ ਦੀਆਂ ਪੌੜੀਆਂ ਚੜ੍ਹਿਆ ਹੈ। ਉਨ੍ਹਾਂ ਪੰਜਾਬ ਦੀ ਗੱਲ ਕਰਦਿਆਂ ਕਿਹਾ ਕਿ ਚੰਡੀਗੜ੍ਹ, ਪੀਜੀਆਈ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਭਾਖੜਾ ਡੈਮ ਅਤੇ ਮੁਹਾਲੀ ਸ਼ਹਿਰ ਦੀ ਸਥਾਪਨਾ ਸਭ ਕੁੱਝ ਕਾਂਗਰਸ ਪਾਰਟੀ ਦੇ ਰਾਜ ਸਮੇਂ ਹੀ ਹੋਇਆ ਹੈ।
ਇਸ ਮੌਕੇ ਪੰਜਾਬ ਕਾਂਗਰਸ ਦੇ ਸਕੱਤਰ ਹਰਕੇਸ਼ ਚੰਦ ਸ਼ਰਮਾ, ਐਮਡੀਐਸ ਸੋਢੀ, ਮਾ. ਰਾਮ ਸਰੂਪ ਜੋਸ਼ੀ, ਕਰਨਲ ਰਣਜੀਤ ਸਿੰਘ ਬੋਪਾਰਾਏ, ਹਰਦਿਆਲ ਸਿੰਘ ਬਡਵਰ, ਐੱਚ.ਐੱਸ ਕਮਲ, ਸ੍ਰੀਮਤੀ ਕ੍ਰਿਸ਼ਨਾ ਮਿੱਤੂ, ਧਰਮ ਸਿੰਘ ਸੈਣੀ, ਜ਼ਿਲ੍ਹਾ ਕਾਂਗਰਸ ਦੀ ਮੀਤ ਪ੍ਰਧਾਨ ਬਲਜੀਤ ਕੌਰ, ਬਲਾਕ ਪ੍ਰਧਾਨ ਜਸਪ੍ਰੀਤ ਸਿੰਘ ਗਿੱਲ, ਕੌਂਸਲਰ ਕੁਲਜੀਤ ਸਿੰਘ ਬੇਦੀ, ਐਮਆਈਏ ਦੇ ਸਾਬਕਾ ਪ੍ਰਧਾਨ ਐਸਐਸ ਸੰਧੂ ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ, ਪੰਜਾਬ ਯੂਥ ਕਾਂਗਰਸ ਦੇ ਬੁਲਾਰੇ ਕੰਵਰਬੀਰ ਸਿੰਘ ਸਿੱਧੂ, ਜ਼ਿਲ੍ਹਾ ਜਨਰਲ ਸਕੱਤਰ ਪਰਮਜੀਤ ਸਿੰਘ ਚੌਹਾਨ ਨੇ ਵੀ ਸੰਬੋਧਨ ਕੀਤਾ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…