
ਕਾਂਗਰਸ ਮੁਹਾਲੀ ਦੇ ਮੁੱਢਲੇ ਵਿਕਾਸ ਢਾਂਚੇ ਨੂੰ ਉੱਚ ਪੱਧਰੀ ਬਣਾਉਣ ਲਈ ਵਚਨਬਧ: ਬਲਬੀਰ ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਜਨਵਰੀ:
ਇੱਥੇ ਆਪਣੇ ਚੋਣ ਪ੍ਰਚਾਰ ਦੇ ਦੌਰਾਨ ਮੁਹਾਲੀ ਤੋਂ ਕਾਂਗਰਸੀ ਉਮੀਦਵਾਰ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਉਹ ਮੁਹਾਲੀ ਦੇ ਮੁੱਢਲੇ ਵਿਕਾਸ ਢਾਂਚੇ ਨੂੰ ਉੱਚ ਪੱਧਰੀ ਬਣਾਉਣ ਦੇ ਲਈ ਵਚਨਬੱਧ ਹਨ। ਅਸੀਂ ਵਿਕਾਸ ਦੇ ਹਰ ਫਰੰਟ ਤੇ ਸ਼ਹਿਰ ਨੂੰ ਬਿਹਤਰ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਪਿਛਲੇ ਸਾਲਾਂ ਵਿਚ ਸਾਡੀ ਕੋਸ਼ਿਸ਼ ਰਹੀ ਹੈ ਕਿ ਮੁਹਾਲੀ ਦੇ ਹਰ ਖੇਤਰ ਵਿੱਚ ਯੋਜਨਾਬੱਧ ਵਿਕਾਸ ਕੀਤਾ ਜਾਵੇ। ਇਸੇ ਮਕਸਦ ਦੇ ਨਾਲ ਅਸੀਂ ਮੋਹਾਲੀ ਵਿਚ ਸਰਕਾਰੀ ਮੈਡੀਕਲ ਸੁਵਿਧਾਵਾਂ ਵਿਚ ਵੱਡੇ ਬਦਲਾਅ ਲਿਆ ਕੇ ਅਣਥੱਕ ਕੋਸ਼ਿਸ਼ ਕੀਤੀ ਹੈ।
ਉਨ੍ਹਾਂ ਨੇ ਅੱਗੇ ਕਿਹਾ ਕਿ ਭਲੇ ਹੀ ਮੁਹਾਲੀ ਵਿੱਚ ਨਿੱਜੀ ਹਸਪਤਾਲਾਂ ਦੇ ਰੂਪ ਵਿੱਚ ਉੱਚ ਪੱਧਰੀ ਨਿੱਜੀ ਮੈਡੀਕਲ ਸੁਵਿਧਾਵਾਂ ਉਪਲਬਧ ਹਨ, ਅਸੀਂ ਪਿਛਲੇ ਕੁਝ ਸਾਲਾਂ ਵਿੱਚ ਸਰਕਾਰੀ ਮੈਡੀਕਲ ਸੁਵਿਧਾਵਾਂ ਵਿੱਚ ਸੁਧਾਰ ਕਰਕੇ ਨਿੱਜੀ ਮੈਡੀਕਲ ਸੁਵਿਧਾਵਾਂ ਦੇ ਬਰਾਬਰ ਸੁਵਿਧਾਵਾਂ ਪ੍ਰਦਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਸ਼ਹਿਰ ਦੇ ਪਾਸ਼ ਇਲਾਕੇ ਨੂੰ ਕਵਰ ਕਰਨ ਦੇ ਲਈ ਜਿੱਥੇ ਜਿਆਦਾ ਸੀਨੀਅਰ ਸਿਟੀਜ਼ਨ ਰਹਿੰਦੇ ਹਨ, ਅਸੀਂ ਫੇਜ਼3ਬੀ1 ਵਿੱਚ ਇੱਕ ਸਿਵਲ ਡਿਸਪੈਂਸਰੀ ਨੂੰ ਕਮਿਊਨਿਟੀ ਹੈਲਥ ਸੈਂਟਰ ਵਿੱਚ ਅਪਗ੍ਰੇਡ ਕੀਤਾ ਹੈ। 30 ਬੈੱਡ ਦੇ ਇਸ ਸੈਂਟਰ ਨੂੰ ਅਧੁਨਿਕ ਤਕਨੀਕ ਨਾਲ ਬਣਾਇਆ ਗਿਆ ਹੈ। ਸੈਂਟਰ ਵਿਚ ਇੱਕ ਅਧੁਨਿਕ ਓਟੀ ਹੈ ਜਿਹੜੀ ਪੰਜਾਬ ਵਿੱਚ ਸੁਲਤਾਨਪੁਰ ਲੋਧੀ ਦੇ ਬਾਅਦ ਦੂਜੀ ਅਜਿਹੀ ਅਧੁਨਿਕ ਓਟੀ ਹੈ, ਉਨ੍ਹਾਂ ਨੇ ਦੱਸਿਆ
ਸੈਕਟਰ-66 ਵਿੱਚ 100 ਕਰੋੜ ਰੁਪਏ ਦੀ ਲਾਗਤ ਨਾਲ 350 ਬਿਸਤਰਿਆਂ ਵਾਲਾ ਜਿਲ੍ਹਾ ਹਸਪਤਾਲ ਵੀ ਬਣ ਰਿਹਾ ਹੈ। ਇਸ ਜਿਲ੍ਹਾ ਹਸਪਤਾਲ ਵਿਚ 350 ਬਿਸਤਰਿਆਂ ’ਚੋਂ 50 ਬਿਸਤਰੇ ਨਿੱਜੀ ਕਮਰਿਆਂ ਦੇ ਲਈ ਹੋਣਗੇ। ਇਸ ਹਸਪਤਾਲ ਵਿਚ 50 ਬੈੱਡ ਦਾ ਮਦਰ ਐਂਡ ਚਾਈਲਡ ਹਾਸਪਿਟਲ ਵੀ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇਹ ਹਸਪਤਾਲ ਵੀ ਅਧੁਨਿਕ ਤਕ ਨੀਕ ਨਾਲ ਬਣਾਇਆ ਜਾਵੇਗਾ।
ਜ਼ਿਲ੍ਹਾ ਹਸਪਤਾਲ ਜ਼ਿਲ੍ਹੇ ਦੀਆਂ ਸਾਰੀਆਂ ਮੈਡੀਕਲ ਲੋੜਾਂ ਨੂੰ ਪੂਰਾ ਕਰੇਗਾ। ਉਨ੍ਹਾਂ ਦੱਸਿਆ ਕਿ ਕੇਂਦਰੀ ਸਥਾਨ ਤੇ ਹੋਣ ਦੇ ਕਾਰਨ ਜ਼ਿਲ੍ਹਾ ਹਸਪਤਾਲ ਡੇਰਾਬੱਸੀ, ਬਨੂੜ ਅਤੇ ਖਰੜ ਦੀਆਂ ਮੈਡੀਕਲ ਸੁਵਿਧਾਵਾਂ ਨੂੰ ਵੀ ਪੂਰਾ ਕਰੇਗਾ। ਉਨ੍ਹਾਂ ਨੇ ਕਿਹਾ ਕਿ ਅਸੀਂ ਸ਼ਹਿਰ ਦੇ ਬਾਕੀ ਹਿੱਸਿਆਂ ਵਿਚ ਵੀ ਸਰਕਾਰੀ ਮੈਡੀਕਲ ਸੁਵਿਧਾਵਾਂ ਦਾ ਵਿਸਥਾਰ ਕਰਾਂਗੇ।