Share on Facebook Share on Twitter Share on Google+ Share on Pinterest Share on Linkedin ਕਾਂਗਰਸ ਸਰਕਾਰ ਨੇ ਕਿਸਾਨਾਂ ਨਾਲ ਦੁਬਾਰਾ ਧੋਖਾ ਤੇ ਵਿਸ਼ਵਾਸ਼ਘਾਤ ਕੀਤਾ: ਸੁਖਬੀਰ ਬਾਦਲ ਸਰਕਾਰ ਨੇ 167 ਕਰੋੜ ਰੁਪਏ ਦੀ ਮਾਮੂਲੀ ਕਰਜ਼ਾ ਮੁਆਫੀ ਦੀ ਰਾਸ਼ੀ ਵੀ ਕਿਸਾਨਾਂ ਉੱਤੇ ਟੈਕਸ ਲਾ ਕੇ ਜੁਟਾਈ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 7 ਜਨਵਰੀ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਕਾਂਗਰਸ ਸਰਕਾਰ ਨੇ ਕਿਸਾਨਾਂ ਨੂੰ 90 ਹਜ਼ਾਰ ਕਰੋੜ ਰੁਪਏ ਦੀ ਰਾਹਤ ਦੇਣ ਦੇ ਵਾਅਦੇ ਮਗਰੋਂ ਮਹਿਜ਼ 167 ਕਰੋੜ ਰੁਪਏ ਦੀ ਫਸਲੀ ਕਰਜ਼ਾ ਮੁਆਫੀ ਦੇ ਕੇ ਪੰਜਾਬ ਦੇ ਕਿਸਾਨਾਂ ਨੂੰ ਦੁਬਾਰਾ ਧੋਖਾ ਦਿੱਤਾ ਹੈ ਅਤੇ ਉਹਨਾਂ ਦੇ ਭਰੋਸੇ ਨੂੰ ਤੋੜਿਆ ਹੈ। ਇੱਥੇ ਜਾਰੀ ਪ੍ਰੈਸ ਬਿਆਨ ਵਿੱਚ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸਭ ਤੋਂ ਅਫਸੋਸਨਾਕ ਗੱਲ ਇਹ ਹੈ ਕਿ ਮਾਲਵਾ ਖੇਤਰ ਦੇ ਜਿਹਨਾਂ ਪੰਜ ਜ਼ਿਲਿਢਆਂ ਵਿਚ ਕਰਜ਼ਾ ਮੁਆਫੀ ਦੀ ਇਹ ਜਾਅਲੀ ਸਕੀਮ ਅੱਜ ਲਾਗੂ ਕੀਤੀ ਗਈ ਹੈ, ਉੱਥੇ 70 ਫੀਸਦੀ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਇਸ ਸਕੀਮ ਲਈ ਅਯੋਗ ਕਰਾਰ ਦੇ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਇਸ ਸਮੁੱਚੀ ਕਾਰਵਾਈ ਦੌਰਾਨ ਚਹੇਤਿਆਂ ਦਾ ਪੱਖ ਪੂਰਿਆ ਗਿਆ ਹੈ। ਕਾਂਗਰਸੀ ਵਿਧਾਇਕਾਂ ਅਤੇ ਹਲਕਾ ਇੰਚਾਰਜਾਂ ਨੇ ਆਪਣੇ ਘਰਾਂ ਵਿਚ ਬੈਠ ਕੇ ਕਰਜ਼ਾ ਮੁਆਫੀ ਦੇ ਲਾਭਪਾਤਰੀਆਂ ਦੀਆਂ ਸੂਚੀਆਂ ਤਿਆਰ ਕੀਤੀਆਂ ਹਨ,ਜਿਸ ਦੌਰਾਨ ਜ਼ਿਆਦਾਤਰ ਅਸਲੀ ਹੱਕਦਾਰਾਂ ਨੂੰ ਇਸ ਸਕੀਮ ਦੇ ਘੇਰੇ ’ਚੋਂ ਬਾਹਰ ਕੱਢ ਦਿੱਤਾ ਗਿਆ ਹੈ। ਅੱਜ ਕਿਸਾਨਾਂ ਨੂੰ ਦਿੱਤੀ ਗਈ ਮਾਮੂਲੀ ਰਾਹਤ ਬਾਰੇ ਬੋਲਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਸ ਰਾਹਤ ਵਾਸਤੇ ਰਾਸ਼ੀ ਵੀ ਕਿਸਾਨਾਂ ਉੱਤੇ ਟੈਕਸ ਲਗਾ ਕੇ ਜੁਟਾਈ ਗਈ ਹੈ। ਉਹਨਾਂ ਕਿਹਾ ਕਿ ਮਾਰਕੀਟ ਫੀਸ ਵਧਾਉਣ ਤੋਂ ਇਲਾਵਾ ਸਰਕਾਰ ਨੇ ਕਣਕ ਅਤੇ ਝੋਨੇ ਉੱਤੇ 1 ਫੀਸਦ ਸੈਸ ਲਗਾਇਆ ਹੈ। ਉਹਨਾਂ ਕਿਹਾ ਕਿ ਇਸ ਟੈਕਸ ਵਾਲੀ ਆਮਦਨ ਨੂੰ ਗਿਰਵੀ ਰੱਖ ਕੇ ਕਰਜ਼ਾ ਚੁੱਕਿਆ ਗਿਆ ਹੈ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਸੂਬੇ ਦੇ ਅਦਾਰਿਆਂ ਨੂੰ ਕਮਜ਼ੋਰ ਕਰਕੇ ਪੰਜਾਬ ਵਿਚ ਗੁਆਂਢੀ ਸੂਬਿਆਂ ਦੇ ਮੁਕਾਬਲੇ ਅਨਾਜ ਨੂੰ ਮਹਿੰਗਾ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਭਾਜਪਾ ਸਰਕਾਰ ਵੇਲੇ 10 ਸਾਲ ਲਈ 6000 ਕਰੋੜ ਰੁਪਏ ਪ੍ਰਤੀ ਸਾਲ ਦੇ ਹਿਸਾਬ ਨਾਲ ਕਿਸਾਨਾਂ ਦੇ 60 ਹਜ਼ਾਰ ਕਰੋੜ ਰੁਪਏ ਦੇ ਟਿਊਬਵੈਲਾਂ ਦੇ ਬਿਲ ਮੁਆਫ ਕਰ ਦਿੱਤੇ ਗਏ ਸਨ। ਇਸ ਨਾਲ ਹਰ ਕਿਸਾਨ ਨੂੰ ਸਾਲਾਨਾ 60 ਹਜ਼ਾਰ ਰੁਪਏ ਤੋਂ ਵਧੇਰੇ ਦੀ ਰਾਹਤ ਦਿੱਤੀ ਗਈ ਸੀ। ਕਾਂਗਰਸ ਸਰਕਾਰ ਨੂੰ ਇਹ ਪੁੱਛਦਿਆਂ ਕਿ ਉਹ ਕਿਸਾਨਾਂ ਨਾਲ ਮਜ਼ਾਕ ਕਿਉਂ ਕਰ ਰਹੀ ਹੈ, ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਸਹਿਕਾਰੀ, ਰਾਸ਼ਟਰੀ ਬੈਂਕਾਂ ਅਤੇ ਆੜਢਤੀਆਂ ਤੋਂ ਲਏ ਕਰਜ਼ਿਆਂ ਵਾਸਤੇ 90 ਹਜ਼ਾਰ ਕਰੋੜ ਰੁਪਏ ਦੀ ਕਰਜ਼ਾ ਮੁਆਫੀ ਦਾ ਵਾਅਦਾ ਕੀਤਾ ਸੀ। ਉਹਨਾਂ ਕਿਹਾ ਕਿ ਉਸ ਵਾਅਦੇ ਨੂੰ ਪੂਰਾ ਕਰਨ ਦੀ ਥਾਂ ਪਿੰਡਾਂ ਵਿਚ ਕਰਜ਼ਦਾਰ ਕਿਸਾਨਾਂ ਦੇ ਨਾਂਵਾਂ ਦੀਆਂ ਸੂਚੀਆਂ ਲਗਾ ਕੇ ਉੁਹਨਾਂ ਦਾ ਨਿਰਾਦਰ ਕੀਤਾ ਜਾ ਰਿਹਾ ਹੈ। ਉਹਨਾਂ ਨੂੰ ਕਰਜ਼ਿਆਂ ਦੇ ਵਿਆਜ ਦੀ ਅਦਾਇਗੀ ਨਹੀਂ ਹੋਈ ਹੈ। ਛੋਟੇ ਅਤੇ ਸੀਮਾਂਤ ਕਿਸਾਨ ਸਭ ਤੋਂ ਵੱਧ ਤਕਲੀਫ ਵਿਚ ਹਨ। ਖੇਤ ਮਜ਼ਦੂਰਾਂ ਨੂੰ ਪੂਰੀ ਤਰਢਾਂ ਬਾਹਰ ਕੱਢ ਦਿੱਤਾ ਗਿਆ ਹੈ। ਸੜਕਾਂ ਦੀ ਮੁਰੰਮਤ ਲਈ ਲਾਈਆਂ ਜਾ ਰਹੀਆਂ ਟਾਕੀਆਂ, ਜੋ ਕਿ ਕਿਸਾਨਾਂ ਉੱਤੇ ਲਾਏ ਟੈਕਸਾਂ ਦੇ ਪੈਸੇ ਨਾਲ ਲਾਈਆਂ ਜਾ ਰਹੀਆਂ ਹਨ, ਬਾਰੇ ਬੋਲਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਸਰਕਾਰ ਟਾਕੀਆਂ ਲਾਉਣ ਦੇ ਕੰਮ ਦਾ ਐਲਾਨ ਪੂਰੇ ਪੰਨੇ ਦੇ ਇਸ਼ਤਿਹਾਰ ਦੇ ਕੇ ਕਰ ਰਹੀ ਹੈ। ਉਹਨਾਂ ਕਿਹਾ ਕਿ ਵਿਧਾਇਕ ਦਲ ਦੇ ਆਗੂ ਵਜੋਂ ਸ੍ਰੀ ਚਰਨਜੀਤ ਚੰਨੀ ਵੱਲੋਂ ਵਿਧਾਨ ਸਭਾ ਵਿੱਚ ਦਿੱਤਾ ਬਿਆਨ ਕਿ ਪਿਛਲੀ ਕਾਂਗਰਸ ਸਰਕਾਰ ਨੇ 2002-07 ਦੇ ਕਾਰਜਕਾਲ ਦੌਰਾਨ ਸਿਰਫ ਸੜਕਾਂ ਉੱਤੇ ਟਾਕੀਆਂ ਲਗਾਈਆਂ ਸਨ, ਉਹ ਮੌਜੂਦਾ ਸਰਕਾਰ ਉੱਤੇ ਵੀ ਢੁੱਕਦਾ ਪ੍ਰਤੀਤ ਹੁੰਦਾ ਹੈ। ਇਹ ਸਰਕਾਰ ਆਪਣੇ ਹਰ ਵਾਅਦੇ ਤੋਂ ਮੁਕਰ ਰਹੀ ਹੈ। ਇਸ ਨੇ ਸਮਾਜ ਭਲਾਈ ਸਕੀਮਾਂ ਜਿਵੇਂ ਆਟਾ ਦਾਲ ਸਕੀਮ, ਸ਼ਗਨ ਸਕੀਮ ਅਤੇ ਬੁਢਾਪਾ ਪੈਨਸ਼ਨ ਸਕੀਮ ਆਦਿ ਵੀ ਬੰਦ ਕਰ ਦਿੱਤੀਆਂ ਹਨ। ਇੱਥੋਂ ਤਕ ਕਿ ਅਕਾਲੀ-ਭਾਜਪਾ ਕਾਰਜਕਾਲ ਸਮੇ ਲਾਗੂ ਕੀਤੀ ਅਨੋਖੀ ਮੈਡੀਕਲ ਬੀਮਾ ਸਕੀਮ, ਜਿਸ ਤਹਿਤ ਕਿਸਾਨਾਂ ਦਾ ਸਾਲਾਨਾ 50 ਹਜ਼ਾਰ ਤਕ ਰੁਪਏ ਦਾ ਇਲਾਜ ਮੁਫਤ ਕਰਵਾਇਆ ਜਾਂਦਾ ਸੀ, ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਸ੍ਰੀ ਬਾਦਲ ਨੇ ਕਿਹਾ ਕਿ ਅਕਾਲੀ ਦਲ ਜਲਦੀ ਹੀ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਨੂੰ ਮਿਲੇਗਾ ਅਤੇ ਉਹਨਾਂ ਨੂੰ ਜ਼ੋਰ ਦੇ ਕੇ ਕਹੇਗਾ ਕਿ ਉਹ ਇਸ ਸਰਕਾਰ ਨੂੰ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰਨ ਦਾ ਹੁਕਮ ਦੇਣ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ