nabaz-e-punjab.com

ਕਾਂਗਰਸ ਸਰਕਾਰ ਪੰਜਾਬ ਵਿੱਚ ਅੌਰਤਾਂ ਦੇ ਸ਼ਸ਼ਕਤੀਕਰਨ ਲਈ ਪੂਰੀ ਤਰ੍ਹਾਂ ਵਚਨਬੱਧ: ਸਿੱਧੂ

ਸੂਬਾ ਸਰਕਾਰ ਅੌਰਤਾਂ ਨੂੰ ਸਵੈ ਰੁਜ਼ਗਾਰ ਧੰਦਿਆਂ ਦੀ ਮੁਫ਼ਤ ਸਿਖਲਾਈ ਦੇ ਕੇ ਘੱਟ ਵਿਆਜ਼ ਦੀ ਦਰ ਤੇ ਕਰਜ਼ੇ ਦੇਵੇਗੀ:

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਅਕਤੂਬਰ:
ਪੰਜਾਬ ਸਰਕਾਰ ਰਾਜ ਵਿਚ ਅੌਰਤਾਂ ਦੇ ਸ਼ਸ਼ਕਤੀਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਅੌਰਤਾਂ ਦਾ ਸ਼ਸ਼ਕਤੀਕਰਨ ਕਰਨਾ ਸਮੇਂ ਦੀ ਮੁੱਖ ਲੋੜ ਹੈ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਸ਼ੂ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮਹਿੰਦਰਾ ਐਂਡ ਮਹਿੰਦਰਾ ਸਵਰਾਜ (ਡਵੀਜ਼ਨ) ਵਲੋਂ ਮਹਿਲਾ ਕਿਸਾਨ ਦਿਵਸ ਮੌਕੇ ਅੌਰਤਾਂ ਦੇ ਸ਼ਸਕਤੀਕਰਨ ਸਬੰਧੀ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਸ੍ਰੀ ਸਿੱਧੂ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਸੂਬਾ ਸਰਕਾਰ ਰਾਜ ਵਿਚ ਅੌਰਤਾਂ ਨੂੰ ਸਵੈ ਰੁਜ਼ਗਾਰ ਧੰਦਿਆਂ ਦੀ ਮੁਫਤ ਸਿਖਲਾਈ ਦੇ ਕੇ ਘੱਟ ਵਿਆਜ਼ ਦੀ ਦਰ ਤੇ ਕਰਜ਼ੇ ਮੁਹੱਈਆ ਕਰਵਾਏਗੀ। ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਵੱਧ ਤੋਂ ਵੱਧ ਸੈਲਫ ਹੈਲਪ ਗਰੁੱਪ ਬਣਾਏ ਜਾਣਗੇ।
ਸ੍ਰੀ ਸਿੱਧੂ ਨੇ ਕਿਹਾ ਕਿ ਅਜੋਕੇ ਯੁੱਗ ਵਿਚ ਅੌਰਤਾਂ ਮਰਦਾਂ ਨਾਲੋਂ ਘੱਟ ਨਹੀਂ ਹਨ ਸਗੋਂ ਬਹੁਤ ਸਾਰੇ ਖੇਤਰਾਂ ਵਿਚ ਮਰਦਾਂ ਨਾਲੋਂ ਵੀ ਅੱਗੇ ਹਨ। ਉਨ੍ਹਾਂ ਕਿਹਾ ਕਿ ਅੌਰਤਾਂ ਨੇ ਵਿੱਦਿਆ ਦੇ ਖੇਤਰ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿਚ ਵੀ ਵੱਡੀਆਂ ਮੱਲਾਂ ਮਾਰੀਆਂ ਹਨ। ਅੌਰਤਾਂ ਆਪਣੇ ਕੰਮ ਪ੍ਰਤੀ ਮਰਦਾਂ ਨਾਲੋਂ ਵਧੇਰੇ ਸੁਹਿਰਦ ਹੁੰਦੀਆਂ ਹਨ ਅਤੇ ਆਪਣੇ ਕੰਮ ਨੂੰ ਤਵੱਜੋ ਨਾਲ ਕਰਦੀਆਂ ਹਨ। ਸ੍ਰੀ ਸਿੱਧੂ ਨੇ ਇਸ ਮੌਕੇ ਬੋਲਦਿਆਂ ਦੱਸਿਆ ਕਿ ਸੂਬੇ ਵਿਚ ਅੌਰਤਾਂ ਨੇ ਸਵੈ ਰੁਜ਼ਗਾਰ ਧੰਦੇ ਸ਼ੁਰੂ ਕਰਕੇ ਆਪਣਾ ਚੰਗਾ ਨਾਮਣਾ ਖੱਟਿਆ ਹੈ। ਉਨ੍ਹਾਂ ਦੱਸਿਆ ਕਿ ਕੋਲਿਆਂਵਾਲੇ ਦੀ ਇੱਕ ਲੜਕੀ ਵਲੋਂ ਝਿੰਗਾ ਮੱਛੀ ਦੀ ਕਿਸਮ ਪਾਲੀ ਜਾ ਰਹੀ ਹੈ ਅਤੇ ਉਹ ਆਪਣੇ 03 ਏਕੜ ਦੇ ਫਾਰਮ ਵਿਚੋਂ 54 ਲੱਖ ਸਲਾਨਾ ਕਮਾ ਰਹੀ ਹੈ ਅਤੇ ਸੂਬੇ ਵਿਚ ਡੇਅਰੀ ਧੰਦੇ ਵਿਚ ਵੀ ਬਹੁਤ ਸਾਰੀਆਂ ਅੌਰਤਾਂ ਨਾਮਣਾ ਖੱਟ ਰਹੀਆਂ ਹਨ।
ਸ੍ਰੀ ਸਿੱਧੂ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਸਾਨੂੰ ਅੌਰਤਾਂ ਪ੍ਰਤੀ ਤੰਗ ਨਜ਼ਰੀਆ ਤਿਆਗਣ ਦੀ ਲੋੜ ਹੈ ਅਤੇ ਲੜਕੀਆਂ ਦਾ ਪਾਲਣ-ਪੋਸ਼ਣ ਵੀ ਲੜਕਿਆਂ ਦੀ ਤਰ੍ਹਾਂ ਕਰਨਾ ਚਾਹੀਦਾ ਹੈ ਤੇ ਲੜਕੀਆਂ ਨੂੰ ਅੱਗੇ ਵਧਣ ਦੇ ਮੌਕੇ ਪ੍ਰਦਾਨ ਕਰਨ ਦੀ ਲੋੜ ਹੈ। ਉਨ੍ਹਾਂ ਇਸ ਮੌਕੇ ਮਹਿੰਦਰਾ ਐਂਡ ਮਹਿੰਦਰਾ ਵਲੋਂ ਮਹਿਲਾ ਕਿਸਾਨ ਦਿਵਸ ਤੇ ਅੌਰਤਾਂ ਦੇ ਸ਼ਸ਼ਕਤੀਕਰਨ ਲਈ ਕਰਵਾਏ ਗਏ ਸਮਾਗਮ ਦੀ ਸ਼ਲਾਘਾ ਵੀ ਕੀਤੀ। ਸ੍ਰੀ ਸਿੱਧੂ ਨੇ ਇਸ ਮੌਕੇ ਸਮਾਗਮ ਵਿਚ ਪੁੱਜੀਆਂ ਪਿੰਡਾਂ ਦੀਆਂ ਅੌਰਤਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਸਹਾਇਕ ਧੰਦੇ ਅਪਨਾਉਣ ਦੀ ਲੋੜ ਤੇ ਜੋਰ ਦਿੱਤਾ।
ਇਸ ਮੌਕੇ ਵਾਇਸ ਪ੍ਰੈਜੀਡੈਂਟ ਮਹਿੰਦਰਾ ਐਂਡ ਮਹਿੰਦਰਾ ਲਿਮਿਟਡ ਸਵਰਾਜ ਡਵੀਜ਼ਨ ਸ੍ਰੀ ਪ੍ਰਮੋਦ ਲਾਂਬਾ, ਸੀਨੀਅਰ ਵਾਈਸ ਪ੍ਰੈਜੀਡੈਂਟ ਸੇਲਜ਼ ਐਂਡ ਕਸਟਮਰ ਕੇਅਰ ਸ੍ਰੀ ਰਾਜੀਵ ਰਿਲਨ, ਸ੍ਰੀ ਯਸ਼ਵੰਤ ਕਿੰਨੀ, ਮਿਸਟਰ ਸ੍ਰੀ ਰਾਜਨ ਮਿਸ਼ਰਾ, ਸ. ਸਿੱਧੂ ਦੇ ਸਿਆਸੀ ਸਕੱਤਰ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਐਸ.ਡੀ.ਐਮ ਜਗਦੀਪ ਸਹਿਗਲ, ਜੀ.ਓ.ਜੀ. ਦੇ ਜ਼ਿਲ੍ਹਾ ਹੈੱਡ ਕਰਨਲ ਬਲਵੀਰ ਸਿੰਘ , ਮੈਂਬਰ ਜ਼ਿਲ੍ਹਾ ਪ੍ਰੀਸ਼ਦ ਮੋਹਣ ਸਿੰਘ ਬਠਲਾਣਾ, ਕਰਨ ਸਿੰਘ , ਗੁਰਚਰਨ ਸਿੰਘ , ਮਨਜੀਤ ਸਿੰਘ, ਫਕੀਰ ਸਿੰਘ ਮੋਟੇਮਾਜਰਾ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…