ਕਿਸਾਨਾਂ ਤੇ ਦਲਿਤਾਂ ਦੀ ਦੁਰਦਸ਼ਾ ’ਤੇ ਬਹਿਸ ਤੋਂ ਭੱਜ ਕੇ ਕਾਂਗਰਸ ਨੇ ਕਿਸਾਨ ਤੇ ਦਲਿਤ-ਵਿਰੋਧੀ ਹੋਣ ਦਾ ਸਬੂਤ ਦਿੱਤਾ: ਅਕਾਲੀ ਦਲ

ਢੀਂਡਸਾ ਅਤੇ ਮਜੀਠੀਆ ਨੇ ਕਿਹਾ ਕਾਂਗਰਸ 20 ਲੱਖ ਲਾਭਪਾਤਰੀਆਂ ਨੂੰ ਪੈਨਸ਼ਨ ਦੇਣ ਤੋਂ ਮੁੱਕਰੀ

ਦਲਿਤ ਤੇ ਗਰੀਬ ਪਰਿਵਾਰਾਂ ਨੂੰ ਅਜੇ ਤਾਈਂ ਨਹੀਂ ਮਿਲੀ ਸ਼ਗਨ ਦੀ ਰਾਸ਼ੀ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 29 ਨਵੰਬਰ:
ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਕਾਂਗਰਸ ਸਰਕਾਰ ਕਿਸਾਨੀ ਸੰਕਟ ਅਤੇ ਦਲਿਤ ਤੇ ਗਰੀਬਾਂ ਦੀਆਂ ਰੋਕੀਆਂ ਸਮਾਜ ਭਲਾਈ ਸਕੀਮਾਂ ਵਰਗੇ ਲੋਕਾਂ ਦੇ ਭਖ਼ਦੇ ਮੁੱਦਿਆਂ ਉੱਤੇ ਬਹਿਸ ਕਰਨ ਤੋਂ ਇਸ ਲਈ ਭੱਜ ਗਈ ਹੈ, ਕਿਉਂਕਿ ਇਸ ਨੇ ਆਪਣੀ ਕਾਰਗੁਜ਼ਾਰੀ ਵਜੋਂ ਵਿਖਾਉਣ ਵਾਸਤੇ ਕੁੱਝ ਵੀ ਨਹੀਂ ਕੀਤਾ ਹੈ। ਅੱਜ ਇੱਥੇ ਜਾਰੀ ਸਾਂਝੇ ਪ੍ਰੈਸ ਬਿਆਨ ਵਿੱਚ ਸਾਬਕਾ ਕੈਬਨਿਟ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਅਤੇ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅਕਾਲੀ-ਭਾਜਪਾ ਦੇ ਵਿਧਾਇਕ ਦਲ ਨੇ ਸਰਕਾਰ ਦੀਆਂ ਨਾਕਾਮੀਆਂ, ਜਿਹਨਾਂ ਵਿਚ 90 ਹਜ਼ਾਰ ਕਰੋੜ ਰੁਪਏ ਦੀ ਕਿਸਾਨ ਕਰਜ਼ਾ ਮੁਆਫੀ ਨੂੰ ਲਾਗੂ ਨਾ ਕਰਨਾ, ਜਿਸ ਕਰਕੇ 300 ਕਿਸਾਨ ਖ਼ੁਦਕੁਸ਼ੀਆਂ ਕਰ ਚੁੱਕੇ ਹਨ ਅਤੇ ਕਮਜ਼ੋਰ ਵਰਗਾਂ ਨੂੰ ਸਮਾਜ ਭਲਾਈ ਸਕੀਮਾਂ ਦੇ ਫਾਇਦਿਆਂ ਤੋਂ ਵੰਚਿਤ ਕਰਨਾ ਸ਼ਾਮਿਲ ਸਨ, ਉੱਤੇ ਦੋ ਕੰਮ-ਰੋਕੂ ਪ੍ਰਸਤਾਵ ਪੇਸ਼ ਕੀਤੇ ਸਨ।
ਕਾਂਗਰਸ ਸਰਕਾਰ ਨੇ ਗੰਨੇ ਦੀ ਸਰਕਾਰੀ ਕੀਮਤ ਗੁਆਂਢੀ ਰਾਜ ਹਰਿਆਣਾ ਦੇ ਬਰਾਬਰ ਕਰਨ ਵਿਚ ਇਸ ਦੀ ਨਾਕਾਮੀ ਉੱਤੇ ਵੀ ਬਹਿਸ ਕਰਨ ਦੀ ਆਗਿਆ ਨਹੀਂ ਦਿੱਤੀ, ਜਿਸ ਕਰਕੇ ਸਰਕਾਰ ਨਾਲ ਜੁੜੇ ਖੰਡ ਦੇ ਵੱਡੇ ਵਪਾਰੀ ਫਾਇਦਾ ਉਠਾ ਰਹੇ ਹਨ। ਇਸੇ ਤਰ੍ਹਾਂ ਆਲੂ ਉਤਪਾਦਕਾਂ ਦੀ ਦੁਰਦਸ਼ਾ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਗਿਆ ਅਤੇ ਉਹਨਾਂ ਵਾਸਤੇ ਕਿਸੇ ਵੀ ਕਿਸਮ ਦੀ ਮੱਦਦ ਦਾ ਐਲਾਨ ਨਹੀਂ ਕੀਤਾ। ਉਹਨਾਂ ਕਿਹਾ ਕਿ ਅਸੀਂ ਸਦਨ ਨੂੰ ਦੱਸਿਆ ਸੀ ਕਿ ਇਹਨਾਂ ਦੋਵੇਂ ਮੁੱਦਿਆਂ ਤੋਂ ਵੱਧ ਅਹਿਮ ਹੋਰ ਕੁੱਝ ਵੀ ਨਹੀਂ ਹੈ, ਪਰ ਫਿਰ ਵੀ ਦੋਵੇਂ ਕੰਮ-ਰੋਕੂ ਮਤਿਆਂ ਨੂੰ ਤੁੱਛ ਬਹਾਨੇ ਬਣਾ ਕੇ ਰੱਦ ਕਰ ਦਿੱਤਾ ਗਿਆ।
ਸਾਬਕਾ ਮੰਤਰੀਆਂ ਨੇ ਕਿਹਾ ਕਿ ਅੱਜ ਅਕਾਲੀ ਭਾਜਪਾ ਦੇ ਵਿਧਾਇਕ ਦਲ ਨੇ ਪੈਨਸ਼ਨਾਂ ਦੇ ਲਾਭ ਨਾ ਦਿੱਤੇ ਜਾਣ ਕਰਕੇ ਦਲਿਤਾਂ ਅਤੇ ਸਮਾਜ ਦੇ ਗਰੀਬ ਤਬਕਿਆਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਵੱਲ ਸਰਕਾਰ ਦਾ ਧਿਆਨ ਖਿੱਚਣ ਦੀ ਕੋਸ਼ਿਸ਼ ਕੀਤੀ, ਪਰ ਸਰਕਾਰ ਧਿਰ ਦੇ ਨੁਮਾਇੰਦਿਆਂ ਨੇ ਇਸ ਅਪੀਲ ਵੱਲ ਕੋਈ ਧਿਆਨ ਨਹੀਂ ਦਿੱਤਾ। ਉਹਨਾਂ ਕਿਹਾ ਕਿ ਮੌਜੂਦਾ ਸਮੇ ਲਗਭਗ 20 ਲੱਖ ਵਿਅਕਤੀਆਂ ਨੂੰ 1000 ਕਰੋੜ ਰੁਪਏ ਦੀਆਂ ਪੈਨਸ਼ਨਾਂ ਨਹੀਂ ਦਿੱਤੀਆਂ ਜਾ ਰਹੀਆਂ, ਜਿਹਨਾਂ ਵਿਚ ਬੁਢਾਪਾ ਪੈਨਸ਼ਨਰਾਂ ਤੋਂ ਇਲਾਵਾ ਵਿਧਵਾਵਾਂ, ਅਪੰਗ ਅਤੇ ਯਤੀਮ ਵੀ ਸ਼ਾਮਿਲ ਹਨ। ਵਿਦਿਆਰਥੀਆਂ ਨੂੰ ਵਜ਼ੀਫ਼ੇ ਨਹੀਂ ਦਿੱਤੇ ਜਾ ਰਹੇ। ਇੱਥੋਂ ਤੱਕ ਕਿ ਦਲਿਤ ਅਤੇ ਗਰੀਬ ਤਬਕਿਆਂ ਦੀਆਂ ਲੜਕੀਆਂ ਨੂੰ ਵਿਆਹ ਮੌਕੇ ਸ਼ਗਨ ਸਕੀਮ ਦਾ ਲਾਭ ਵੀ ਨਹੀਂ ਦਿੱਤਾ ਜਾ ਰਿਹਾ, ਇਸ ਸਕੀਮ ਦੀ ਰਾਸ਼ੀ ਨੂੰ ਵਧਾ ਕੇ 51 ਹਜ਼ਾਰ ਰੁਪਏ ਕਰਨ ਦੇ ਵਾਅਦੇ ਨੂੰ ਭੁੱਲ ਹੀ ਜਾਓ। ਅੱਜ ਸਮਾਜ ਭਲਾਈ ਮੰਤਰੀ ਸਾਹਮਣੇ ਇਹ ਸਾਰੇ ਸੁਆਲ ਰੱਖੇ ਤਾਂ ਉਹਨਾਂ ਕੋਲ ਕੋਈ ਜੁਆਬ ਨਹੀਂ ਸੀ ਅਤੇ ਉਹਨਾਂ ਸਵੀਕਾਰ ਕੀਤਾ ਕਿ ਇਹਨਾਂ ਸਮਾਜ ਭਲਾਈ ਸਕੀਮਾਂ ਲਈ ਕੋਈ ਅਦਾਇਗੀ ਨਹੀਂ ਕੀਤੀ ਗਈ। ਇਸ ਤੋਂ ਬਾਅਦ ਇਸ ਮੁੱਦੇ ਨੂੰ ਖਾਰਿਜ ਕਰਨ ਦੀ ਕੋਸ਼ਿਸ਼ ਕਰਦਿਆਂ ਉਹਨਾਂ ਕਿਹਾ ਕਿ ਸ਼ਗਨ ਸਕੀਮ ਵੰਡਣ ਵਾਸਤੇ ਇੱਕ ਬਿਲ ਤਿਆਰ ਕੀਤਾ ਜਾ ਚੁੱਕਿਆ ਹੈ।
ਇਹ ਕਹਿੰਦਿਆਂ ਕਿ ਇਸ ਕਾਰਵਾਈ ਤੋਂ ਕਾਂਗਰਸ ਸਰਕਾਰ ਦੇ ਕਿਸਾਨ-ਵਿਰੋਧੀ ਅਤੇ ਦਲਿਤ-ਵਿਰੋਧੀ ਚਿਹਰੇ ਦੀ ਝਲਕ ਮਿਲਦੀ ਹੈ, ਸਰਦਾਰ ਢੀਂਡਸਾ ਅਤੇ ਸਰਦਾਰ ਮਜੀਠੀਆ ਨੇ ਕਿਹਾ ਕਿ ਕਾਂਗਰਸ ਸਰਕਾਰ ਸਮੇਂ ਦੀ ਕਮੀ ਵਰਗੇ ਬਹਾਨਿਆਂ ਪਿੱਛੇ ਜਾ ਲੁਕੀ ਹੈ। ਉਹਨਾਂ ਕਿਹਾ ਕਿ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਕੱਲ੍ਹ ਸਦਨ ਨੂੰ ਨਿਰਧਾਰਿਤ ਸਮੇਂ ਤੋਂ ਦੋ ਘੰਟੇ ਪਹਿਲਾਂ ਉਠਾ ਦਿੱਤਾ ਗਿਆ ਸੀ। ਅਕਾਲੀ ਆਗੂਆਂ ਨੇ ਕਿਹਾ ਕਿ ਅੱਜ ਵੀ ਸਪੀਕਰ ਨੇ ਇਸ ਮੁੱਦੇ ਉੱਤੇ ਬੋਲਣ ਲਈ ਕੋਈ ਸਮਾਂ ਨਹੀਂ ਦਿੱਤਾ ਕਿ ਸਮਾਜ ਭਲਾਈ ਸਕੀਮਾਂ ਦੇ ਲਾਭ ਨਾ ਮਿਲਣ ਕਰਕੇ ਲੱਖਾਂ ਪੈਨਸ਼ਨਰਾਂ ਅਤੇ ਗਰੀਬ ਲੜਕੀਆਂ ਦੇ ਮਾਪਿਆਂ ਉੱਤੇ ਕੀ ਬੀਤਦੀ ਹੋਵੇਗੀ। ਇਸ ਦੀ ਥਾਂ ਸ਼ਰਾਬ ਦੀ ਨੀਤੀ ਉੱਤੇ ਚਰਚਾ ਕਰਨ ਲਈ ਸਪੀਕਰ ਨੂੰ ਇੱਕ ਘੰਟੇ ਦਾ ਸਮਾਂ ਲੱਭ ਗਿਆ। ਜੇ ਇਹ ਸਰਕਾਰ ਦੇ ਢੀਠਪੁਣੇ ਦੀ ਹੱਦ ਨਹੀਂ ਤਾਂ ਕੀ ਹੈ?
ਅਕਾਲੀ ਆਗੂਆਂ ਨੇ ਕਿਹਾ ਕਿ ਲੋਕਾਂ ਨਾਲ ਜੁੜੇ ਮੁੱਦਿਆਂ ਉੱਤੇ ਬਹਿਸ ਕਰਨ ਤੋਂ ਜੁਆਬ ਦੇ ਕੇ ਕਾਂਗਰਸ ਸਰਕਾਰ ਨੇ ਖ਼ੁਦ ਨੂੰ ਨੰਗਾ ਕਰ ਲਿਆ ਹੈ। ਉਹਨਾਂ ਕਿਹਾ ਕਿ ਸੂਬੇ ਦੇ ਇਤਿਹਾਸ ਵਿਚ ਇਹ ਪਹਿਲੀ ਅਜਿਹੀ ਢੀਠ ਸਰਕਾਰ ਹੈ, ਜਿਸ ਨੇ ਆਪਣਾ ਇੱਕ ਵੀ ਚੋਣ ਵਾਅਦਾ ਪੂਰਾ ਨਹੀਂ ਕੀਤਾ। ਇਹ ਲੋਕਾਂ ਨੂੰ ਮੂੰਹ ਦਿਖਾਉਣ ਜੋਗੀ ਨਹੀਂ ਹੈ। ਇਸੇ ਕਰਕੇ ਇਸ ਨੇ ਸਰਦ ਰੁੱਤ ਸਮਾਗਮ ਨੂੰ ਬਿਨਾਂ ਕਿਸੇ ਬਹਿਸ ਦੀ ਆਗਿਆ ਦਿੱਤੇ ਦੋ ਬੈਠਕਾਂ ਵਿੱਚ ਮੁਕਾ ਦਿੱਤਾ।

Load More Related Articles
Load More By Nabaz-e-Punjab
Load More In General News

Check Also

ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ, ਲੋਕ ਭੈਅ-ਭੀਤ, ਘਰਾਂ ਦੇ ਬਨੇਰਿਆਂ ’ਤੇ ਬੈਠੇ ਰਹਿੰਦੇ ਨੇ ਬਾਂਦਰ

ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ, ਲੋਕ ਭੈਅ-ਭੀਤ, ਘਰਾਂ ਦੇ ਬਨੇਰਿਆਂ ’ਤੇ ਬੈਠੇ ਰਹਿੰਦੇ ਨੇ ਬਾਂਦਰ ਜ਼ਬਰਦਸਤੀ …