nabaz-e-punjab.com

ਨਗਰ ਕੌਂਸਲ ਡੇਰਾਬੱਸੀ ਦੀ 40 ਕਰੋੜ ਰੁਪਏ ਦੀ ਜਾਇਦਾਦ ’ਤੇ ਕਾਂਗਰਸੀ ਆਗੂਆਂ ਨੇ ਕੀਤਾ ਨਾਜਾਇਜ਼ ਕਬਜ਼ਾ: ਕੰਵਰ ਸੰਧੂ

ਕੈਬਨਿਟ ਮੰਤਰੀ ਨਵਜੋਤ ਸਿੱਧੂ ਅਤੇ ਡੀਸੀ ਮੁਹਾਲੀ ਨੂੰ ਦਿੱਤੀ ਲਿਖਤੀ ਸ਼ਿਕਾਇਤ, ਕਾਂਗਰਸੀਆਂ ਵਿਰੁੱਧ ਸਖ਼ਤ ਕਾਰਵਾਈ ਮੰਗੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਜੁਲਾਈ:
ਆਮ ਆਦਮੀ ਪਾਰਟੀ ਦੇ ਖਰੜ ਤੋਂ ਵਿਧਾਇਕ ਤੇ ਮੁੱਖ ਬੁਲਾਰੇ ਕੰਵਰ ਸੰਧੂ ਅਤੇ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਦਰਸ਼ਨ ਸਿੰਘ ਧਾਲੀਵਾਲ ਨੇ ਨਗਰ ਕੌਂਸਲ ਡੇਰਾਬੱਸੀ ਦੇ ਸਾਬਕਾ ਪ੍ਰਧਾਨ ਅਤੇ ਕਾਂਗਰਸ ਆਗੂ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਭਰਾ ਸਤਪਾਲ ਸਿੰਘ ਉੱਪਰ ਨਗਰ ਕੌਂਸਲ ਡੇਰਾਬੱਸੀ ਦੀ ਲਗਭਗ 40 ਕਰੋੜ ਰੁਪਏ ਦੀ ਜਾਇਦਾਦ ਉਪਰ ਕਥਿਤ ਨਾਜਾਇਜ਼ ਕਬਜ਼ਾ ਕਰਨ ਦਾ ਦੋਸ਼ ਲਗਾਇਆ ਹੈ।
ਅੱਜ ਡਿਪਟੀ ਕਮਿਸ਼ਨਰ ਮੁਹਾਲੀ ਨੂੰ ਇੱਕ ਲਿਖਤੀ ਸ਼ਿਕਾਇਤ (ਜਿਸ ਦੀ ਕਾਪੀ ਸ੍ਰੀ ਨਵਜੋਤ ਸਿੰਘ ਸਿੱਧੂ ਨੂੰ ਵੀ ਭੇਜੀ ਗਈ) ਦੇਣ ਤੋਂ ਬਾਅਦ ਮੁਹਾਲੀ ਵਿੱਚ ਦਾਵਟ ਹੋਟਲ ਵਿੱਚ ਪੱਤਰਕਾਰ ਸੰਮੇਲਨ ਵਿੱਚ ਵਿਧਾਇਕ ਕੰਵਰ ਸੰਧੂ ਅਤੇ ਜਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਧਾਲੀਵਾਲ ਨੇ ਨਗਰ ਕੌਂਸਲ ਡੇਰਾਬੱਸੀ ਦੇ ਸਾਬਕਾ ਪ੍ਰਧਾਨ ਅਤੇ ਉਸ ਦੇ ਭਰਾ ਉੱਪਰ ਨਗਰ ਕੌਂਸਲ ਡੇਰਾਬੱਸੀ ਦੀ ਲਗਭਗ 40 ਕਰੋੜ ਰੁਪਏ ਦੀ ਜਾਇਦਾਦ ਉਪਰ ਕਥਿਤ ਕਬਜ਼ਾ ਕਰਨ ਦਾ ਦੋਸ਼ ਲਗਾਉਂਦਿਆਂ ਪੰਜਾਬ ਦੇ ਲੋਕਲ ਬਾਡੀ ਮੰਤਰੀ ਨਵਜੋਤ ਸਿੰਘ ਸਿੱਧੂ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਵਿਜੀਲੈਂਸ ਵਿਭਾਗ ਤੋਂ ਜਾਂਚ ਕਰਵਾ ਕੇ ਦੋਸ਼ੀਆਂ ਵਿਰੁੱਧ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਨਗਰ ਕੌਂਸਲ ਡੇਰਾਬੱਸੀ ਦੀ ਜ਼ਮੀਨ ਕਬਜ਼ਾ ਇਨ੍ਹਾਂ ਤੋਂ ਲੈ ਕੇ ਇਸ ਜਾਇਦਾਦ ਨੂੰ ਤੁਰੰਤ ਲੋਕ ਭਲਾਈ ਕੰਮਾਂ ਲਈ ਵਰਤਿਆ ਜਾਵੇ।
ਉਨ੍ਹਾਂ ਕਿਹਾ ਕਿ ਨਗਰ ਕੌਂਸਲ ਡੇਰਾਬੱਸੀ ਵੱਲੋਂ ਮਿਤੀ 16 ਫਰਵਰੀ 2018 ਨੂੰ ਇਨ੍ਹਾਂ ਵਿਅਕਤੀਆਂ ਤੋਂ ਕੌਂਸਲ ਦੀਆਂ ਪਿੰਡ ਮਾਧੋਪੁਰ ਤੇ ਰੌਣੀ ਵਿੱਚ ਪੈਂਦੀਆਂ ਜ਼ਮੀਨਾਂ ਦਾ ਕਬਜ਼ਾ ਲੈਣ ਲਈ ਮਤਾ ਪਾਇਆ ਗਿਆ ਪਰ ਇਸ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਉਪਰੋਕਤ ਦੋਵਾਂ ਭਰਾਵਾਂ ਵੱਲੋਂ ਜ਼ਮੀਨ ਦੇ ਰਿਕਾਰਡ ਵਿੱਚ ਭੰਨ ਤੋੜ ਕਰਕੇ ਆਪਣੇ ਆਪ ਨੂੰ ਮਾਲਕ ਬਣਾ ਲਿਆ ਹੈ ਤੇ ਇਸ ਮਾਮਲੇ ਵਿੱਚ ਕੌਂਸਲ ਅਤੇ ਮਾਲ ਮਹਿਕਮੇ ਦੇ ਅਧਿਕਾਰੀ ਤੇ ਮੁਲਾਜ਼ਮ ਵੀ ਸ਼ਾਮਲ ਹੋ ਸਕਦੇ ਹਨ। ਇਹ ਦੋਵੇਂ ਵਿਅਕਤੀ ਰਾਜਨੀਤਕ ਪਹੁੰਚ ਰੱਖਣ ਵਾਲੇ ਤੇ ਅਮੀਰ ਆਦਮੀ ਹਨ ਜੋ ਆਪਣਾ ਅਸਰ ਰਸੂਖ ਅਤੇ ਸਿਆਸੀ ਦਬਦਬਾ ਵਰਤ ਕੇ ਕੌਂਸਲ ਦੀ ਜ਼ਮੀਨ ’ਚੋਂ ਲੱਖਾਂ ਰੁਪਏ ਪ੍ਰਤੀ ਮਹੀਨਾ ਨਾਜਾਇਜ਼ ਲਾਭ ਉਠਾ ਰਹੇ ਹਨ ਤੇ ਕੌਂਸਲ ਦੇ ਅਧਿਕਾਰੀਆਂ ਨਾਲ ਮਿਲੀ ਭੁਗਤ ਕਰਕੇ ਸਰਕਾਰ ਨੂੰ ਮਾਲੀ ਨੁਕਸਾਨ ਕਰ ਰਹੇ ਹਨ। ਉਹਨਾਂ ਕਿਹਾ ਕਿ ਡੇਰਾਬਸੀ ਨਗਰ ਕੌਂਸਲ ਵਿੱਚ ਇਹੋ ਜਿਹੀਆਂ ਕਾਰਵਾਈਆਂ ਕਈ ਸਾਲਾਂ ਤੋੱ ਚੱਲ ਰਹੀਆਂ ਹਨ ਪਰ ਸਰਕਾਰੀ ਅਧਿਕਾਰੀ ਇਨ੍ਹਾਂ ਲੋਕਾਂ ਨਾਲ ਮਿਲੇ ਹੋਣ ਕਰਕੇ ਕਾਗਜ਼ੀ ਖਾਨਾ ਪੂਰਤੀ ਕਰਕੇ ਹੀ ਡੰਗ ਟਪਾ ਰਹੇ ਹਨ ।
ਉਨ੍ਹਾਂ ਕਿਹਾ ਕਿ ਜੇਕਰ ਡੇਰਾਬਸੀ ਹਲਕੇ ਦਾ ਕੋਈ ਵਿਅਕਤੀ ਜਾਂ ਸਮਾਜ ਸੇਵੀ ਇਨ੍ਹਾਂ ਖ਼ਿਲਾਫ਼ ਆਵਾਜ਼ ਉਠਾਉਂਦਾ ਹੈ ਤਾਂ ਉਨ੍ਹਾਂ ਨੂੰ ਡਰਾਇਆ ਧਮਕਾਇਆ ਜਾਂਦਾ ਹੈ ਤੇ ਸਬੰਧਤ ਅਧਿਕਾਰੀ ਤੇ ਪ੍ਰਸ਼ਾਸਨ ਇਨ੍ਹਾਂ ਦੀ ਸਿੱਧੇ ਅਸਿੱਧੇ ਤੌਰ ’ਤੇ ਨਾਜਾਇਜ਼ ਮਦਦ ਕਰਕੇ ਅਵਾਜ ਉਠਾਉਣ ਵਾਲੇ ਵਿਅਕਤੀਆਂ ਨੂੰ ਚੁੱਪ ਕਰਵਾ ਦਿੰਦੇ ਹਨ। ਉਨ੍ਹਾਂ ਮੰਗ ਕੀਤੀ ਕਿ ਦੋਸ਼ੀ ਵਿਅਕਤੀਆਂ ਤੇ ਸਬੰਧਤ ਸਰਕਾਰੀ ਅਧਿਕਾਰੀਆਂ ਤੇ ਮੁਲਾਜ਼ਮਾਂ ਦੇ ਖ਼ਿਲਾਫ਼ ਤੁਰੰਤ ਫੌਜਦਾਰੀ ਕੇਸ ਵੀ ਦਰਜ ਹੋਣਾ ਚਾਹੀਦਾ ਹੈ ਕਿਉਂਕਿ ਕੋਈ ਵੀ ਸਖਸ਼ ਸਰਕਾਰੀ ਜ਼ਮੀਨ ਤੇ ਨਜਾਇਜ਼ ਕਬਜ਼ਾ ਨਹੀਂ ਕਰ ਸਕਦਾ। ਉਨ੍ਹਾਂ ਦੋਸ਼ ਲਗਾਇਆ ਕਿ ਇਹ ਮਾਮਲਾ ਸਿਆਸੀ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਗੱਠਜੋੜ ਦੀ ਇਕ ਦੁਖਦਾਇਕ ਘਟਨਾ ਹੈ ਜਿਸ ਤੇ ਤੁਰੰਤ ਕਾਰਵਾਈ ਹੋਣੀ ਬਣਦੀ ਹੈ।
(ਬਾਕਸ ਆਈਟਮ)
ਉਧਰ, ਸੀਨੀਅਰ ਕਾਂਗਰਸ ਆਗੂ ਅੰਮ੍ਰਿਤਪਾਲ ਸਿੰਘ ਨੇ ਵਿਧਾਇਕ ਸੰਧੂ ਅਤੇ ਵਕੀਲ ਧਾਲੀਵਾਲ ਵੱਲੋਂ ਸਰਕਾਰੀ ਸੰਪਤੀ ’ਤੇ ਨਾਜਾਇਜ਼ ਕਬਜ਼ੇ ਕਰਨ ਦੇ ਲਗਾਏ ਸਾਰੇ ਦੋਸ਼ਾਂ ਨੂੰ ਬਿਲਕੁਲ ਬੇਬੁਨਿਆਦ ਅਤੇ ਝੂਠ ਦਾ ਪੁਲੰਦਾ ਦੱਸਿਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਕੋਲ ਜਿੰਨੀ ਵੀ ਜ਼ਮੀਨ ਜਾਇਦਾਦ ਹੈ, ਉਹ ਜੱਦੀ ਪੁਸ਼ਟੀ ਹੈ ਜਾਂ ਉਨ੍ਹਾਂ ਵੱਲੋਂ ਖ਼ਰੀਦੀ ਗਈ ਹੈ। ਉਨ੍ਹਾਂ ਕਿਹਾ ਕਿ ਆਪ ਅਤੇ ਅਕਾਲੀ ਆਪਸ ਵਿੱਚ ਰਲੇ ਹੋਏ ਹਨ, ਜੋ ਉਨ੍ਹਾਂ ਨੂੰ ਬਲੈਕਮੇਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੰਵਰ ਸੰਧੂ ਨੇ ਪੱਤਰਕਾਰ ਹੁੰਦਿਆਂ ਦੋ ਦਹਾਕੇ ਪਹਿਲਾਂ ਵੀ ਉਕਤ ਜ਼ਮੀਨ ਸਬੰਧੀ ਅੰਗਰੇਜ਼ੀ ਅਖ਼ਬਾਰ ਵਿੱਚ ਖ਼ਬਰ ਲਗਾਈ ਸੀ ਅਤੇ ਉਨ੍ਹਾਂ ਨੇ ਮਾਣਹਾਨੀ ਦਾ ਕੇਸ ਵੀ ਦਾਇਰ ਕੀਤਾ ਸੀ ਪ੍ਰੰਤੂ ਬਾਅਦ ਵਿੱਚ ਸਮਝੌਤਾ ਹੋ ਗਿਆ ਸੀ। ਕਾਂਗਰਸ ਆਗੂ ਨੇ ਕਿਹਾ ਕਿ ਪਿਛਲੇ 10 ਸਾਲ ਅਕਾਲੀ ਸਰਕਾਰ ਰਹੀ ਹੈ ਅਤੇ ਜੇਕਰ ਉਨ੍ਹਾਂ ਨੇ ਕਿਸੇ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਕੀਤਾ ਸੀ ਤਾਂ ਉਦੋਂ ਉਨ੍ਹਾਂ ਖ਼ਿਲਾਫ਼ ਕਿਉਂ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਹੁਣ ਉਨ੍ਹਾਂ ਨੂੰ ਬਦਨਾਮ ਕਰਨ ਲਈ ਨਗਰ ਕੌਂਸਲ ਵੱਲੋਂ ਵੀ ਮਤਾ ਪਾਸ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਅਕਾਲੀ ਅਤੇ ਆਪ ਆਗੂਆਂ ਨੇ ਉਸ ਨੂੰ ਤੰਗ ਪ੍ਰੇਸ਼ਾਨ ਕਰਨਾ ਬੰਦ ਨਹੀਂ ਕੀਤਾ ਤਾਂ ਉਹ ਅਦਾਲਤ ਦਾ ਬੂਹਾ ਖੜਕਾਏਗਾ।

Load More Related Articles
Load More By Nabaz-e-Punjab
Load More In General News

Check Also

ਦੀਵਾਲੀ ਨਾਈਟ: ਵੱਖ-ਵੱਖ ਕਲਾਕਾਰਾਂ ਨੇ ਖੂਬ ਰੰਗ ਬੰਨ੍ਹਿਆ

ਦੀਵਾਲੀ ਨਾਈਟ: ਵੱਖ-ਵੱਖ ਕਲਾਕਾਰਾਂ ਨੇ ਖੂਬ ਰੰਗ ਬੰਨ੍ਹਿਆ ਮੁਹਾਲੀ 27 ਅਕਤੂਬਰ: ਪੇਂਡੂ ਵਿਕਾਸ, ਪੰਚਾਇਤ , ਸ…