
ਦੋਸਤ ’ਤੇ ਜਾਨਲੇਵਾ ਹਮਲਾ: ਕਾਂਗਰਸੀ ਆਗੂ ਦੇ ਪੁੱਤ ਨੂੰ ਲੁਧਿਆਣਾ ਜੇਲ੍ਹ ਭੇਜਿਆ
ਮੁਲਜ਼ਮ ਦੀ ਕਰੋਨਾ ਰਿਪੋਰਟ ਨੈਗੇਟਿਵ, ਕਾਂਗਰਸੀ ਆਗੂ ਨੂੰ ਵੀ ਕੇਸ ’ਚ ਨਾਮਜ਼ਦ ਕਰਨ ਦੀ ਮੰਗ ਉੱਠੀ
ਮੁਲਜ਼ਮ ਦਮਨੀ ਦੀ ਮੰਗੇਤਰ ਨੂੰ ਗਲਤ ਮੈਜੇਸ ਭੇਜਣ ਦੇ ਦੋਸ਼ ਬਿਲਕੁਲ ਬੇਬੁਨਿਆਦ ਤੇ ਮਨਘੜਤ: ਮੋਹਨ ਸਿੰਘ
ਮੁਲਜ਼ਮ ਨੌਜਵਾਨ ਕਾਨੂੰਨੀ ਕਾਰਵਾਈ ਤੋਂ ਬਚਨ ਤੇ ਸਮਝੌਤੇ ਲਈ ਦਬਾਅ ਪਾਉਣ ਲਈ ਲਗਾ ਰਿਹੈ ਝੂਠੇ ਦੋਸ਼: ਨੰਬਰਦਾਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਜੂਨ:
ਇੱਥੋਂ ਦੇ ਨਜ਼ਦੀਕੀ ਪਿੰਡ ਸਿਆਊ ਦੇ ਨੌਜਵਾਨ ਜਗਦੀਪ ਸਿੰਘ (22) ਨੂੰ ਗੋਲੀਆਂ ਮਾਰ ਕੇ ਗੰਭੀਰ ਰੂਪ ਵਿੱਚ ਜ਼ਖ਼ਮੀ ਕਰਨ ਦੇ ਮਾਮਲੇ ਵਿੱਚ ਸੋਹਾਣਾ ਪੁਲੀਸ ਵੱਲੋਂ ਗ੍ਰਿਫ਼ਤਾਰ ਕਾਂਗਰਸੀ ਆਗੂ ਤੇ ਬਲਾਕ ਸਮਿਤੀ ਦੇ ਮੈਂਬਰ ਗੁਰਦੀਪ ਸਿੰਘ ਦੇ ਪੁੱਤਰ ਦਵਿੰਦਰ ਸਿੰਘ ਉਰਫ਼ ਦਮਨੀ ਵਾਸੀ ਪਿੰਡ ਮਨੌਲੀ ਨੂੰ ਦੋ ਦਿਨ ਦਾ ਪੁਲੀਸ ਰਿਮਾਂਡ ਖ਼ਤਮ ਹੋਣ ’ਤੇ ਸੋਮਵਾਰ ਨੂੰ ਦੁਬਾਰਾ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮ ਦਮਨੀ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਅਧੀਨ ਲੁਧਿਆਣਾ ਭੇਜ ਦਿੱਤਾ ਹੈ। ਇਸ ਤੋਂ ਪਹਿਲਾਂ ਮੁਲਜ਼ਮ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ। ਉਸ ਦੀ ਕਰੋਨਾ ਟੈੱਸਟ ਦੀ ਰਿਪੋਰਟ ਨੈਗੇਟਿਵ ਆਈ ਹੈ।
ਦਵਿੰਦਰ ਉਰਫ਼ ਦਮਨੀ ਦੇ ਖ਼ਿਲਾਫ਼ ਸੋਹਾਣਾ ਥਾਣੇ ਵਿੱਚ ਧਾਰਾ 307 ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਜਾਂਚ ਅਧਿਕਾਰੀ ਅਤੇ ਸਬ ਇੰਸਪੈਕਟਰ ਬਰਮਾ ਸਿੰਘ ਨੇ ਅਦਾਲਤ ਨੂੰ ਦੱਸਿਆ ਕਿ ਮੁਲਜ਼ਮ ਕੋਲੋਂ 12 ਬੋਰ ਦੀ ਦੋਲਾਨੀ ਬੰਦੂਕ ਅਤੇ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤੀ ਗਈ ਰੇਂਜ ਰੋਬਰ ਕਾਰ ਵੀ ਬਰਾਮਦ ਕਰ ਲਈ ਹੈ।
ਉਧਰ, ਪੀੜਤ ਪਰਿਵਾਰ ਦੇ ਵਕੀਲ ਗੁਰਬੀਰ ਸਿੰਘ ਅੰਟਾਲ ਨੇ ਅਦਾਲਤ ਨੂੰ ਗੁਹਾਰ ਲਗਾਈ ਕਿ ਇਸ ਮਾਮਲੇ ਵਿੱਚ ਮੁਲਜ਼ਮ ਦਮਨੀ ਦੇ ਪਿਤਾ ਅਤੇ ਕਾਂਗਰਸੀ ਆਗੂ ਗੁਰਦੀਪ ਸਿੰਘ ਮਨੌਲੀ ਨੂੰ ਵੀ ਨਾਮਜ਼ਦ ਕੀਤਾ ਜਾਵੇਗਾ ਕਿਉਂਕਿ ਪੀੜਤ ਨੌਜਵਾਨ ’ਤੇ ਜਿਸ ਹਥਿਆਰ ਨਾਲ ਗੋਲੀਆਂ ਚਲਾਈਆਂ ਗਈਆਂ ਹਨ, ਉਹ ਕਾਂਗਰਸੀ ਆਗੂ ਦੇ ਨਾਂ ’ਤੇ ਰਜਿਸਟਰਡ ਹੈ। ਇਸ ਦੇ ਜਵਾਬ ਵਿੱਚ ਜਾਂਚ ਅਧਿਕਾਰੀ ਨੇ ਕਿਹਾ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜੇਕਰ ਕਾਂਗਰਸੀ ਆਗੂ ਦੀ ਸ਼ੱਕੀ ਭੂਮਿਕਾ ਸਾਹਮਣੇ ਆਈ ਤਾਂ ਉਸ ਨੂੰ ਨਾਮਜ਼ਦ ਕਰਨ ਲਈ ਡੀਏ ਲੀਗਲ ਦੀ ਰਾਇ ਲੈ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਉਧਰ, ਦੂਜੇ ਪਾਸੇ ਪਿੰਡ ਸਿਆਊ ਦੇ ਨੰਬਰਦਾਰ ਮੋਹਨ ਸਿੰਘ ਨੇ ਉਸ ਦੇ ਜ਼ਖ਼ਮੀ ਪੁੱਤਰ ਜਗਦੀਪ ਸਿੰਘ ਉੱਤੇ ਮੁਲਜ਼ਮ ਨੌਜਵਾਨ ਦਮਨੀ ਦੀ ਮੰਗੇਤਰ ਨੂੰ ਗਲਤ ਮੈਜੇਸ ਭੇਜਣ ਦੇ ਲਗਾਏ ਦੋਸ਼ਾਂ ਨੂੰ ਬਿਲਕੁਲ ਬੇਬੁਨਿਆਦ ਅਤੇ ਮਨਘੜਤ ਦੱਸਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਨੌਜਵਾਨ ਕਾਨੂੰਨੀ ਕਾਰਵਾਈ ਤੋਂ ਬਚਨ ਅਤੇ ਉਨ੍ਹਾਂ ’ਤੇ ਸਮਝੌਤੇ ਲਈ ਦਬਾਅ ਪਾਉਣ ਲਈ ਉਸ ਦੇ ਬੇਟੇ ’ਤੇ ਝੂਠੇ ਦੋਸ਼ ਲਗਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਘਟਨਾ ਵਾਲੀ ਰਾਤ ਨੂੰ ਦਮਨੀ ਉਸ ਦੇ ਬੇਟੇ ਨੂੰ ਘਰੋਂ ਬੁਲਾ ਕੇ ਆਪਣੇ ਨਾਲ ਬਾਹਰ ਲੈ ਗਿਆ ਸੀ ਅਤੇ ਰਸਤੇ ਵਿੱਚ ਗੱਡੀ ਰੋਕ ਕੇ ਉਸ ਨੇ ਜਗਦੀਪ ਦੀ ਪਿੱਠ ਅਤੇ ਛਾਤੀ ਵਿੱਚ ਗੋਲੀਆਂ ਮਾਰ ਦਿੱਤੀਆਂ। ਜਿਸ ਕਾਰਨ ਉਸ ਦਾ ਬੇਟਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਜੋ ਇਸ ਵੇਲੇ ਸੈਕਟਰ-32 ਹਸਪਤਾਲ ਵਿੱਚ ਜੇਰੇ ਇਲਾਜ ਹੈ। ਇਸੇ ਦੌਰਾਨ ਮੁਲਜ਼ਮ ਦਮਨੀ ਦੀ ਮੰਗੇਤਰ ਨੇ ਵੀ ਰਿਸਤੇਦਾਰਾਂ ਕੋਲ ਇਹ ਗੱਲ ਸਪੱਸ਼ਟ ਕਰ ਦਿੱਤੀ ਹੈ ਕਿ ਜਗਦੀਪ ਨੇ ਉਸ ਨੂੰ ਕਦੇ ਵੀ ਗਲਤ ਮੈਸੇਜ ਨਹੀਂ ਭੇਜਿਆ ਹੈ।